ਸਰਕਾਰੀ ਅਦਾਰਿਆਂ ਦੇ ਪੰਜਾਬ ਸਰਕਾਰ ਸਿਰ ਪਾਵਰਕਾਮ ਦੇ ਅਰਬਾਂ ਰੁਪਏ ਬਿਜਲੀ ਬਿੱਲ ਬਕਾਇਆ
Tuesday, Mar 16, 2021 - 02:19 AM (IST)
ਪਟਿਆਲਾ, (ਜ. ਬ.)- ਪੰਜਾਬ ਸਰਕਾਰ ਨੇ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪਾਵਰਕਾਮ) ਦੇ ਸਰਕਾਰੀ ਅਦਾਰਿਆਂ ਦੇ 25 ਅਰਬ 13 ਕਰੋੜ 42 ਲੱਖ ਰੁਪਏ ਤੋਂ ਜ਼ਿਆਦਾ ਦੇ ਬਿਜਲੀ ਬਿੱਲਾਂ ਦੀ ਅਦਾਇਗੀ ਬਕਾਇਆ ਖੜ੍ਹੀ ਹੈ। ਪਾਵਰਕਾਮ ਦੇ 8 ਮਾਰਚ ਤੱਕ ਦੇ ਅੰਕੜਿਆਂ ਮੁਤਾਬਕ ਸਭ ਤੋਂ ਵੱਧ ਰਾਸ਼ੀ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੀ ਹੈ, ਜਿਸ ਦੇ ਸਿਰ 1009.68 ਕਰੋੜ ਦੇ ਬਿਜਲੀ ਬਿੱਲਾਂ ਦੀ ਰਾਸ਼ੀ ਬਕਾਇਆ ਹੈ। ਇਸ ਮਗਰੋਂ ਸਥਾਨਕ ਸਰਕਾਰ ਵਿਭਾਗ ਸਿਰ 800.56 ਕਰੋੜ ਰੁਪਏ ਦੇ ਬਿਜਲੀ ਬਿੱਲ ਬਕਾਇਆ ਹਨ।
ਇਸੇ ਤਰੀਕੇ ਸਿੰਜਾਈ ਵਿਭਾਗ ਸਿਰ 128 ਕਰੋੜ 44 ਲੱਖ ਜਦਕਿ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਅਦਾਰਿਆਂ ਦੇ 75 ਕਰੋੜ ਰੁਪਏ ਦੇ ਬਿੱਲ ਬਕਾਇਆ ਹਨ। ਉਦਯੋਗ ਤੇ ਸਨਅਤ ਵਿਭਾਗ ਦੇ 46 ਕਰੋੜ ਰੁਪਏ ਦੇ ਅਤੇ ਗ੍ਰਹਿ ਮੰਤਰਾਲੇ ਤੇ ਨਿਆਂ ਮਾਮਲੇ ਦੇ 22 ਕਰੋੜ ਰੁਪਏ ਦੇ ਬਿੱਲ ਬਕਾਇਆ ਹਨ। ਦਿਲਚਸਪੀ ਵਾਲੀ ਗੱਲ ਹੈ ਕਿ ਬਿਜਲੀ ਵਿਭਾਗ ਦੇ ਆਪਣੇ 8 ਕਰੋੜ ਰੁਪਏ ਤੋਂ ਵੱਧ ਦੇ ਬਿੱਲ ਬਕਾਇਆ ਹਨ। ਮਾਲੀਆ, ਮੁੜ ਵਸੇਬਾ ਤੇ ਆਫਤ ਪ੍ਰਬੰਧ ਵਿਭਾਗ ਨੇ 7 ਕਰੋੜ 43 ਲੱਖ ਰੁਪਏ ਦੇ ਬਿਜਲੀ ਬਿੱਲ ਭਰਨੇ ਹਨ, ਜਦਕਿ ਸਕੂਲ ਸਿੱਖਿਆ ਵਿਭਾਗ ਵੱਲ 9 ਕਰੋੜ 21 ਲੱਖ ਦੇ ਬਿੱਲ ਬਕਾਇਆ ਹਨ। ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵੀ ਪਿੱਛੇ ਨਹੀਂ, ਇਸ ਨੇ 360 ਕਰੋੜ 29 ਲੱਖ ਰੁਪਏ ਦੇ ਬਿਜਲੀ ਬਿੱਲ ਭਰਨੇ ਹਨ। ਪਬਲਿਕ ਵਰਕਸ ਵਿਭਾਗ ਨੇ 5 ਕਰੋੜ 67 ਲੱਖ ਦੇ ਬਿੱਲ ਭਰਨੇ ਹਨ, ਜਦਕਿ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਅਤੇ ਟਰਾਂਸਪੋਰਟ ਵਿਭਾਗ ਵੱਲੋਂ ਕ੍ਰਮਵਾਰ 1 ਕਰੋੜ 31 ਲੱਖ ਤੇ 1 ਕਰੋੜ 38 ਲੱਖ ਦੇ ਬਿਜਲੀ ਬਿੱਲ ਬਕਾਇਆ ਹਨ।
ਆਮ ਪ੍ਰਸ਼ਾਸਨ ਸਿਰ 12 ਕਰੋੜ 32 ਲੱਖ ਤੇ ਪ੍ਰਸ਼ਾਸਕੀ ਸੁਧਾਰ ਵਿਭਾਗ ਵੱਲ 6 ਕਰੋੜ 39 ਲੱਖ ਦੇ ਬਿਜਲੀ ਬਿੱਲ ਬਕਾਇਆ ਹਨ। ਖੇਤੀਬਾੜੀ ਵਿਭਾਗ ਸਿਰ 3 ਕਰੋੜ ਤੋਂ ਵਧੇਰੇ, ਸਹਿਕਾਰਤਾ ਵਿਭਾਗ ਵੱਲ 1 ਕਰੋੜ 35 ਲੱਖ ਰੁਪਏ, ਜੰਗਲਾਤ ਵਿਭਾਗ ਵੱਲ 1 ਕਰੋੜ 87 ਲੱਖ ਰੁਪਏ ਅਤੇ ਉਚੇਰੀ ਸਿੱਖਿਆ ਵੱਲ 1 ਕਰੋੜ 94 ਲੱਖ ਰੁਪਏ ਦੇ ਬਿਜਲੀ ਬਕਾਇਆ ਹਨ।