ਪਾਵਰਕਾਮ ਨੇ 3 ਪ੍ਰਾਈਵੇਟ ਥਰਮਲ ਪਲਾਂਟਸ ਨੂੰ ਫਿਕਸ ਚਾਰਜਿਜ਼ ਵਜੋਂ ਅਦਾ ਕੀਤੇ 3480 ਕਰੋੜ
Wednesday, Aug 07, 2019 - 09:57 AM (IST)
ਚੰਡੀਗੜ੍ਹ/ਪਟਿਆਲਾ (ਪਰਮੀਤ)—ਪੰਜਾਬ 'ਚ ਸਥਾਪਤ ਕੀਤੇ ਗਏ 3 ਪ੍ਰਾਈਵੇਟ ਥਰਮਲ ਪਲਾਂਟ ਦੇ ਨਾਲ ਕੀਤੇ ਗਏ ਸਮਝੌਤਿਆਂ ਦੀ ਪਾਲਣਾ ਕਰਦੇ ਹੋਏ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪਾਵਰਕਾਮ) ਨੇ ਸਾਲ 2018-19 ਦੌਰਾਨ 3480.73 ਕਰੋੜ ਰੁਪਏ ਫਿਕਸ ਚਾਰਜਿਜ਼ ਦੇ ਤੌਰ 'ਤੇ ਅਦਾ ਕੀਤੇ ਹਨ। ਇਸ ਤਿੰਨਾਂ ਪਲਾਂਟਾਂ 'ਚ ਰਾਜਪੁਰਾ, ਤਲਵੰਡੀ ਸਾਬੋ ਅਤੇ ਗੋਇੰਦਵਾਲ ਸਾਹਿਬ ਥਰਮਲ ਪਲਾਂਟ ਸ਼ਾਮਲ ਹਨ। ਉਂਝ ਪਾਵਰਕਾਮ ਨੇ ਵੱਖ-ਵੱਖ ਬਿਜਲੀ ਕੰਪਨੀਆਂ ਦੇ ਨਾਲ ਕੀਤੇ ਸਮਝੌਤੇ ਅਨੁਸਾਰ 5987.43 ਕਰੋੜ ਰੁਪਏ ਫਿਕਸ ਚਾਰਜਿਜ਼ ਦੇ ਤੌਰ 'ਤੇ ਅਦਾ ਕੀਤੇ ਹਨ ਅਤੇ ਪੰਜਾਬ ਦੀਆਂ 3 ਕੰਪਨੀਆਂ ਨੂੰ ਕੀਤਾ ਭੁਗਤਾਨ ਵੀ ਇਸ 'ਚ ਸ਼ਾਮਲ ਹੈ।
3 ਪ੍ਰਾਈਵੇਟ ਥਰਮਲ ਪਲਾਂਟਾਂ ਵੱਲੋਂ ਵਿੱਤੀ ਸਾਲ ਦੌਰਾਨ 20,717.78 ਲੱਖ ਯੂਨਿਟ ਬਿਜਲੀ ਪੈਦਾ ਕਰ ਕੇ ਪਾਵਰਕਾਮ ਨੂੰ ਸਪਲਾਈ ਕੀਤੀ ਗਈ। ਇਸ 'ਚ ਤਲਵੰਡੀ ਸਾਬੋ ਪਾਵਰ ਪਲਾਂਟ ਵੱਲੋਂ ਸਭ ਤੋਂ ਜ਼ਿਆਦਾ 9837.38 ਲੱਖ ਯੂਨਿਟ ਬਿਜਲੀ ਪੈਦਾ ਕੀਤੀ ਗਈ। ਇਸ ਬਿਜਲੀ ਦੀ ਪੈਦਾਵਾਰ ਲਈ 3160.25 ਕਰੋੜ ਰੁਪਏ ਈਂਧਣ 'ਤੇ ਖਰਚ ਆਏ, ਜਿਸ ਦੀ ਅਦਾਇਗੀ ਪਾਵਰਕਾਮ ਵੱਲੋਂ ਫਿਕਸ ਚਾਰਜਿਜ਼ ਤੋਂ ਇਲਾਵਾ ਵੱਖ ਤੌਰ 'ਤੇ ਕੀਤੀ ਗਈ। ਰਾਜਪੁਰਾ ਪਲਾਂਟ, ਜੋ ਕਿ 700 ਮੈਗਾਵਾਟ ਸਮਰੱਥਾ ਵਾਲੇ 2 ਯੂਨਿਟ ਦਾ ਪਲਾਂਟ ਹੈ, ਵੱਲੋਂ 8677.16 ਲੱਖ ਯੂਨਿਟ ਬਿਜਲੀ ਪੈਦਾ ਕੀਤੀ ਗਈ। ਗੋਇੰਦਵਾਲ ਸਾਹਿਬ ਪਲਾਂਟ ਨੇ 2203.24 ਲੱਖ ਯੂਨਿਟ ਬਿਜਲੀ ਪੈਦਾ ਕਰ ਕੇ ਪਾਵਰਕਾਮ ਨੂੰ ਸਪਲਾਈ ਕੀਤੀ। ਇਸ ਦੀ ਈਂਧਣ ਲਾਗਤ 758.44 ਕਰੋੜ ਰੁਪਏ ਰਹੀ।ਫਿਕਸ ਚਾਰਜਿਜ਼ ਦੇ ਰੂਪ 'ਚ ਪਾਵਰਕਾਮ ਨੇ 1521.31 ਕਰੋੜ ਰੁਪਏ ਤਲਵੰਡੀ ਸਾਬੋ ਪਲਾਂਟ ਨੂੰ, 1332.28 ਕਰੋੜ ਰੁਪਏ ਰਾਜਪੁਰਾ ਪਲਾਂਟ ਅਤੇ 627.14 ਕਰੋੜ ਰੁਪਏ ਦੀ ਅਦਾਇਗੀ ਗੋਇੰਦਵਾਲ ਸਾਹਿਬ ਪਲਾਂਟ ਨੂੰ ਕੀਤੀ ਹੈ।
ਪੰਜਾਬ ਬਿਜਲੀ ਸਰਪਲੱਸ ਸੂਬਾ ਬਣਿਆ
ਪੰਜਾਬ 'ਚ ਬਿਜਲੀ ਬਹੁਤ ਮਹਿੰਗੀ ਹੋ ਰਹੀ ਹੈ। ਅਸਲੀਅਤ ਇਹ ਹੈ ਕਿ ਪ੍ਰਾਈਵੇਟ ਥਰਮਲ ਪਲਾਂਟਾਂ ਦੀ ਬਦੌਲਤ ਪੰਜਾਬ ਬਿਜਲੀ ਸਰਪਲੱਸ ਸੂਬਾ ਬਣਿਆ ਹੈ। ਪੰਜਾਬ 'ਚ ਸਿਰਫ 4 ਮਹੀਨੇ ਪੀਕ ਸੀਜ਼ਨ ਝੋਨੇ ਦੀ ਬੀਜਾਈ ਦਾ ਹੁੰਦਾ ਹੈ। ਬਾਕੀ ਦੇ 8 ਮਹੀਨੇ ਬਿਜਲੀ ਦੀ ਮੰਗ 'ਚ ਭਾਰੀ ਫਰਕ ਹੁੰਦਾ ਹੈ। ਬਿਜਲੀ ਸਰਪਲੱਸ ਹੋਣ ਉਪਰੰਤ ਚਾਹੇ ਪੰਜਾਬ 'ਚ ਬਿਜਲੀ ਕੱਟ ਬੰਦ ਹੋ ਗਏ ਹਨ ਪਰ ਇੱਕਾ-ਦੁੱਕਾ ਮਾਮਲਿਆਂ ਨੂੰ ਛੱਡ ਕੇ ਸਰਪਲੱਸ ਬਿਜਲੀ ਵੇਚਣ ਦੀਆਂ ਪਾਵਰਕਾਮ ਦੀਆਂ ਕੋਸ਼ਿਸ਼ਾਂ ਨੇ ਅਜੇ ਤੱਕ ਜ਼ੋਰ ਨਹੀਂ ਫੜਿਆ।