ਪਾਵਰਕਾਮ ਮੁਲਾਜ਼ਮਾਂ ਵੱਲੋਂ ਪੰਜਾਬ ਸਰਕਾਰ ਖਿਲਾਫ ਰੋਸ ਮੁਜ਼ਾਹਰਾ
Wednesday, Jan 03, 2018 - 07:40 AM (IST)
ਚੋਹਲਾ ਸਾਹਿਬ, (ਨਈਅਰ)- ਪੰਜਾਬ ਸਰਕਾਰ ਵੱਲੋਂ ਬਠਿੰਡਾ ਦੇ ਥਰਮਲ ਪਲਾਂਟ ਨੂੰ ਪੱਕੇ ਤੌਰ 'ਤੇ ਬੰਦ ਕਰਨ ਦੇ ਵਿਰੋਧ 'ਚ ਟੈਕਨੀਕਲ ਸਰਵਿਸਿਜ਼ ਯੂਨੀਅਨ ਸਬ-ਡਵੀਜ਼ਨ ਸਰਹਾਲੀ ਦੇ ਕਰਮਚਾਰੀਆਂ ਵੱਲੋਂ ਰੋਸ ਮੁਜ਼ਾਹਰਾ ਕਰਨ ਤੋਂ ਬਾਅਦ ਸਰਕਾਰ ਤੇ ਪਾਵਰ ਮੈਨੇਜਮੈਂਟ ਦੀਆਂ ਅਰਥੀਆਂ ਸਾੜੀਆਂ ਗਈਆਂ। ਇਸ ਮੌਕੇ ਸੰਬੋਧਨ ਕਰਦੇ ਹੋਏ ਸਬ ਡਵੀਜ਼ਨ ਆਗੂ ਜੋਗਿੰਦਰਪਾਲ ਨੇ ਕਿਹਾ ਕਿ ਪੰਜਾਬ ਸਰਕਾਰ ਸਾਜ਼ਿਸ਼ ਤਹਿਤ ਥਰਮਲ ਪਲਾਂਟ ਬੰਦ ਕਰ ਕੇ ਆਪਣੇ ਚਹੇਤਿਆਂ ਨੂੰ ਥਰਮਲ ਪਲਾਂਟ ਦੀ ਮਹਿੰਗੀ ਜ਼ਮੀਨ ਕੌਡੀਆਂ ਦੇ ਭਾਅ ਵੇਚਣ ਜਾ ਰਹੀ ਹੈ ਅਤੇ ਥਰਮਲ ਪਲਾਂਟ 'ਚ ਕੰਮ ਕਰਦੇ ਮੁਲਾਜ਼ਮਾਂ ਨੂੰ ਘਰੋਂ ਬਾਹਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਥਰਮਲ ਪਲਾਂਟ ਨੂੰ ਬੰਦ ਕਰਨ ਦਾ ਅੜੀਅਲ ਵਤੀਰਾ ਨਾ ਛੱਡਿਆ ਤਾਂ ਮੁਲਾਜ਼ਮਾਂ ਵੱਲੋਂ ਇਸਦਾ ਹੋਰ ਤਿੱਖਾ ਵਿਰੋਧ ਕੀਤਾ ਜਾਵੇਗਾ। ਇਸ ਮੌਕੇ ਸ਼ਿੰਦਾ ਸਿੰਘ ਜੇ. ਈ., ਕਾਬਲ ਸਿੰਘ, ਮੰਗਲ ਸਿੰਘ, ਰਣਜੀਤ ਸਿੰਘ, ਬਾਵਾ ਸਿੰਘ, ਦਿਲਬਾਗ ਸਿੰਘ ਤੇ ਕੁਲਵੰਤ ਸਿੰਘ ਆਦਿ ਸ਼ਾਮਲ ਹੋਏ।
ਸ਼ਾਹਬਾਜਪੁਰ, (ਗੁਰਿੰਦਰਬੀਰ)-ਟੈਕਨੀਕਲ ਸਰਵਿਸ ਯੂਨੀਅਨ ਸਬ-ਡਵੀਜ਼ਨ ਕੈਰੋਂ ਦੇ ਮੁਲਾਜ਼ਮਾਂ ਵੱਲੋਂ ਬਠਿੰਡਾ ਅਤੇ ਰੋਪੜ ਦੇ ਥਰਮਲ ਪਲਾਂਟ ਦੇ ਦੋ ਯੂਨਿਟ ਬੰਦ ਕੀਤੇ ਜਾਣ ਦੇ ਵਿਰੋਧ 'ਚ ਸਬ-ਡਵੀਜ਼ਨ ਕੈਰੋਂ ਵਿਖੇ ਕਾਲੇ ਬਿੱਲੇ ਲਾ ਕੇ ਧਰਨਾ ਲਾਇਆ ਗਿਆ। ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਅਵਤਾਰ ਸਿੰਘ ਕੈਰੋਂ ਨੇ ਸਰਕਾਰ ਦੇ ਇਸ ਫੈਸਲੇ ਦੀ ਪੁਰਜ਼ੋਰ ਨਿਖੇਧੀ ਕਰਦਿਆਂ ਕਿਹਾ ਕਿ ਸਰਕਾਰ ਇਹ ਪਲਾਂਟ ਬੰਦ ਕਰ ਕੇ ਆਪਣੇ ਚਹੇਤਿਆਂ ਦੇ ਥਰਮਲ ਪਲਾਂਟਾਂ ਤੋਂ ਮਹਿੰਗੀ ਬਿਜਲੀ ਖਰੀਦ ਕੇ ਉਨ੍ਹਾਂ ਨੂੰ ਮੁਨਾਫਾ ਪਹੁੰਚਾਉਣਾ ਚਾਹੁੰਦੀ ਹੈ। ਇਸ ਮੌਕੇ ਉਨ੍ਹਾਂ ਦੱਸਿਆ ਕਿ 3 ਜਨਵਰੀ ਨੂੰ ਬਠਿੰਡਾ ਥਰਮਲ ਪਲਾਂਟ ਅੱਗੇ ਪੰਜਾਬ ਜੁਆਇੰਟ ਫੋਰਮ ਵੱਲੋਂ ਧਰਨਾ ਲਾਇਆ ਜਾਵੇਗਾ, ਜਿਸ 'ਚ ਟੀ. ਐੱਸ. ਯੂ. ਦੇ ਵਰਕਰ ਵੱਧ-ਚੜ੍ਹ ਕੇ ਹਿੱਸਾ ਲੈਣਗੇ। ਇਸ ਮੌਕੇ ਬਲਵਿੰਦਰ ਸਿੰਘ ਮੋਹਣਪੁਰ, ਕੁਲਦੀਪ ਸਿੰਘ ਡਿਆਲ, ਬੂਟਾ ਸਿੰਘ, ਸਕੱਤਰ ਸਿੰਘ, ਹਰਭੇਜ ਸਿੰਘ ਤੇ ਸਕੱਤਰ ਸਿੰਘ ਕੈਸ਼ੀਅਰ ਆਦਿ ਨੇ ਭਾਗ ਲਿਆ।
