ਲੁਧਿਆਣਾ : ਪਾਵਰਕਾਮ ਮੁਲਾਜ਼ਮ ਨੇ ਖਾਧੀ ਜ਼ਹਿਰ, ਵਿਭਾਗ 'ਚ ਹੜਕੰਪ

06/21/2018 4:32:55 PM

ਲੁਧਿਆਣਾ (ਸਲੂਜਾ) : ਪਾਵਰਕਾਮ ਦੇ ਫੁਹਾਰਾ ਚੌਂਕ ਡਵੀਜ਼ਨ 'ਚ ਅੱਜ ਉਸ ਸਮੇਂ ਵਿਭਾਗ ਦੇ ਅਧਿਕਾਰੀਆਂ ਅਤੇ ਸਟਾਫ ਦੇ ਹੱਥ-ਪੈਰ ਫੁੱਲ ਗਏ, ਜਦੋਂ ਇਕ ਪ੍ਰਾਈਵੇਟ ਮੁਲਾਜ਼ਮ ਦੇ ਤੌਰ 'ਤੇ ਤਾਇਨਾਤ ਜਤਿੰਦਰ ਕੁਮਾਰ ਨੇ ਵਿਭਾਗ ਦੇ ਹੀ ਅਧਿਕਾਰੀਆਂ ਤੋਂ ਪਰੇਸ਼ਾਨ ਹੋ ਕੇ ਦਫਤਰ 'ਚ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਮੁਲਾਜ਼ਮ ਨੂੰ ਹਫੜਾ-ਦਫੜੀ 'ਚ ਤੁਰੰਤ ਹਸਪਤਾਲ ਦਾਖਲ ਕਰਾਇਆ ਗਿਆ, ਜਿੱਥੇ ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।
ਮਿਲੀ ਜਾਣਕਾਰੀ ਮੁਤਾਬਕ ਪ੍ਰਾਈਵੇਟ ਕੰਪਿਊਟਰ ਆਪਰੇਟਰ ਜਤਿੰਦਰ ਕੁਮਾਰ ਵਿਆਹੁਤਾ ਹੈ ਅਤੇ ਉਸ ਦੀ ਇਕ ਬੇਟੀ ਵੀ ਹੈ। ਇਸ ਸਮੇਂ ਉਹ ਹਸਪਤਾਲ ਦੇ ਅਮਰਜੈਂਸੀ ਵਾਰਡ 'ਚ ਭਰਤੀ ਹੈ। ਮੀਡੀਆ ਨੂੰ ਜਾਰੀ ਕੀਤੇ ਗਏ ਖੁਦਕੁਸ਼ੀ ਨੋਟ 'ਚ ਜਤਿੰਦਰ ਕੁਮਾਰ ਨੇ ਵਿਭਾਗ ਦੇ ਅਧਿਕਾਰੀਆਂ 'ਤੇ ਕਥਿਤ ਤੌਰ 'ਤੇ ਦਿਮਾਗੀ ਤੌਰ 'ਤੇ ਤੰਗ-ਪਰੇਸ਼ਾਨ ਕਰਨ ਅਤੇ ਝੂਠੇ ਕੇਸ 'ਚ ਫਸਾ ਦੇਣ ਦੇ ਦੋਸ਼ ਲਾਏ ਹਨ। ਜਤਿੰਦਰ ਨੇ ਦੱਸਿਆ ਕਿ ਅਧਿਕਾਰੀਆਂ ਨੇ ਸਾਰੇ ਸਟਾਫ ਦੇ ਸਾਹਮਣੇ ਉਸ ਦੀ ਬੇਇੱਜ਼ਤੀ ਕੀਤੀ, ਜਿਸ ਕਾਰਨ ਉਹ ਪੂਰੀ ਰਾਤ ਸੌਂ ਨਹੀਂ ਸਕਿਆ। ਉਸ ਨੇ ਕਿਹਾ ਕਿ ਉਸ ਨੂੰ ਮਰਨ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ। ਉਸ ਨੇ ਆਪਣੇ ਸੁਸਾਈਡ ਨੋਟ 'ਚ ਇਹ ਵੀ ਲਿਖਿਆ ਕਿ ਉਸ ਦੀ ਮੌਤ ਲਈ ਸਿੱਧੇ ਤੌਰ 'ਤੇ ਵਿਭਾਗ ਦੇ ਅਧਿਕਾਰੀ ਹੀ ਜ਼ਿੰਮੇਵਾਰ ਹੋਣਗੇ।


Related News