ਕੈਪਟਨ ਦੇ ਜੱਦੀ ਜ਼ਿਲ੍ਹੇ 'ਚ ਕਰੋੜ ਤੋਂ ਵੱਧ ਦੇ ਬਿਜਲੀ ਬਿੱਲ ਬਕਾਇਆ, ਪੁਲਸ-ਪਾਵਰਕਾਮ 'ਚ ਹੋ ਚੁੱਕੀ ਖਿੱਚੋਤਾਣ

08/29/2020 10:21:44 AM

ਪਟਿਆਲਾ (ਪਰਮੀਤ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜੱਦੀ ਜ਼ਿਲ੍ਹੇ ਪਟਿਆਲਾ ’ਚ ਸਰਕਾਰੀ ਮਹਿਕਮਿਆਂ ਵੱਲ 146 ਕਰੋੜ, 77 ਲੱਖ ਰੁਪਏ ਤੋਂ ਵੱਧ ਦੇ ਬਿਜਲੀ ਬਿੱਲ ਬਕਾਇਆ ਖੜ੍ਹੇ ਹਨ। ਪਾਵਰਕਾਮ ਲਈ ਇਹ ਰਾਸ਼ੀ ਬਹੁਤ ਅਹਿਮੀਅਤ ਰੱਖਦੀ ਹੈ। ਬਿਜਲੀ ਬਿੱਲਾਂ ਦੇ ਬਕਾਏ ਨੂੰ ਲੈ ਕੇ 2 ਦਿਨ ਪਹਿਲਾਂ ਹੀ ਪਾਵਰਕਾਮ ਅਤੇ ਪੁਲਸ ਦਰਮਿਆਨ ਖਿੱਚੋਤਾਣ ਪੈਦਾ ਹੋ ਕੇ ਹਟੀ ਹੈ।

ਜੁਲਾਈ, 2020 ਤੱਕ ਦੇ ਮਿਲੇ ਅੰਕੜਿਆਂ ਮੁਤਾਬਕ ਸਭ ਤੋਂ ਵੱਧ ਰਾਸ਼ੀ ਜਲ ਸਪਲਾਈ ਤੇ ਸੈਨੀਟੇਸ਼ਨ ਮਹਿਕਮੇ ਵੱਲ 83 ਕਰੋੜ 53 ਲੱਖ ਖੜ੍ਹੀ ਹੈ। ਇਸ ਮਗਰੋਂ ਸਥਾਨਕ ਸਰਕਾਰ ਮਹਿਕਮੇ ਜਿਸ ਦੇ ਅਧੀਨ ਨਗਰ ਨਿਗਮ ਤੇ ਨਗਰ ਕੌਂਸਲਾਂ ਆਉਂਦੀਆਂ ਹਨ, ਵੱਲ 38 ਕਰੋੜ 82 ਲੱਖ ਤੋਂ ਵੱਧ ਦੇ ਬਿਜਲੀ ਬਿੱਲ ਪੈਂਡਿੰਗ ਹਨ। ਪੇਂਡੂ ਵਿਕਾਸ ਤੇ ਪੰਚਾਇਤ ਮਹਿਕਮੇ ਵੱਲ 16 ਕਰੋੜ 11 ਲੱਖ ਰੁਪਏ, ਸਿਹਤ ਤੇ ਪਰਿਵਾਰ ਭਲਾਈ ਮਹਿਕਮੇ ਵੱਲ 1 ਕਰੋੜ 69 ਲੱਖ ਰੁਪਏ, ਗ੍ਰਹਿ ਮਹਿਕਮੇ ਤੇ ਜੇਲ੍ਹਾਂ ਵੱਲ 1 ਕਰੋੜ 29 ਲੱਖ ਰੁਪਏ, ਸਿੰਚਾਈ ਮਹਿਕਮੇ ਵੱਲ ਇਕ ਕਰੋੜ 27 ਲੱਖ ਰੁਪਏ, ਮੈਡੀਕਲ ਸਿੱਖਿਆ ਤੇ ਖੋਜ ਵੱਲ 77 ਲੱਖ ਰੁਪਏ, ਸਕੂਲ ਸਿੱਖਿਆ ਵੱਲ 71 ਲੱਖ ਰੁਪਏ, ਜੰਗਲਾਤ ਮਹਿਕਮੇ ਵੱਲ 26 ਲੱਖ 21 ਹਜ਼ਾਰ ਰੁਪਏ, ਪ੍ਰਸ਼ਾਸਕੀ ਸੁਧਾਰ ਮਹਿਕਮੇ ਵੱਲ 40 ਲੱਖ ਰੁਪਏ, ਪ੍ਰਿੰਟਿੰਗ ਤੇ ਸਟੇਸ਼ਨਰੀ ਮਹਿਕਮੇ ਵੱਲ 11 ਲੱਖ 97 ਹਜ਼ਾਰ ਰੁਪਏ, ਸੈਰ-ਸਪਾਟਾ ਤੇ ਸੱਭਿਆਚਾਰਕ ਮਾਮਲੇ ਮਹਿਕਮੇ ਵੱਲ 42 ਲੱਖ ਰੁਪਏ, ਉਚੇਰੀ ਸਿੱਖਿਆ ਵੱਲ 10 ਲੱਖ 78 ਹਜ਼ਾਰ ਰੁਪਏ, ਟਰਾਂਸਪੋਰਟ ਮਹਿਕਮੇ ਵੱਲ 3 ਲੱਖ 35 ਹਜ਼ਾਰ ਰੁਪਏ, ਖੇਤੀਬਾੜੀ ਮਹਿਕਮੇ ਵੱਲ 10 ਲੱਖ 82 ਹਜ਼ਾਰ ਰੁਪਏ, ਪਸ਼ੂ ਪਾਲਣ ਤੇ ਡੇਅਰੀ ਵਿਕਾਸ ਮਹਿਕਮੇ ਵੱਲ 10 ਲੱਖ 19 ਹਜ਼ਾਰ ਰੁਪਏ, ਸ਼ਹਿਰੀ ਹਵਾਬਾਜ਼ੀ ਵੱਲ 12 ਲੱਖ 56 ਹਜ਼ਾਰ ਰੁਪਏ, ਸਹਿਕਾਰਤਾ ਮਹਿਕਮੇ ਵੱਲ 10 ਲੱਖ ਰੁਪਏ, ਇੰਡਸਟਰੀ ਤੇ ਕਾਮਰਸ ਮਹਿਕਮੇ ਵੱਲ 9 ਲੱਖ 99 ਹਜ਼ਾਰ ਰੁਪਏ, ਅਤੇ ਤਕਨੀਕੀ ਸਿੱਖਿਆ ਮਹਿਕਮੇ ਵੱਲ 11 ਲੱਖ 95 ਹਜ਼ਾਰ ਰੁਪਏ ਦੇ ਬਿੱਲ ਪੈਂਡਿੰਗ ਹਨ। ਇਸ ਤੋਂ ਇਲਾਵਾ ਹੋਰ ਅਜਿਹੇ ਕਈ ਮਹਿਕਮੇ ਹਨ, ਜਿਨ੍ਹਾਂ ਵੱਲ 1 ਲੱਖ ਤੋਂ ਲੈ ਕੇ 7 ਲੱਖ ਰੁਪਏ ਤੱਕ ਦੇ ਬਿੱਲ ਪੈਂਡਿੰਗ ਹਨ।
ਪਟਿਆਲਾ ਸ਼ਹਿਰ ’ਚ ਪੁਲਸ ਮਹਿਕਮੇ ਦੇ 85 ਲੱਖ ਰੁਪਏ ਬਕਾਇਆ
ਵੈਸਟ ਡਵੀਜ਼ਨ ਅਤੇ ਮਾਡਲ ਟਾਊਨ ਡਵੀਜ਼ਨ ਅਧੀਨ ਆਉਂਦੇ ਪਟਿਆਲਾ ਸ਼ਹਿਰ ਦੇ ਪੁਲਸ ਦੇ ਅਦਾਰਿਆਂ ਜਿਨ੍ਹਾਂ ’ਚ ਪੁਲਸ ਥਾਣੇ, ਚੌਂਕੀਆਂ ਤੇ ਪੁਲਸ ਲਾਈਨ ਆਦਿ ਆਉਂਦੇ ਹਨ, ਵੱਲ 85 ਲੱਖ ਰੁਪਏ ਦੇ ਬਿੱਲ ਪੈਂਡਿੰਗ ਪਏ ਹਨ।
ਵਾਰ-ਵਾਰ ਚਿੱਠੀਆਂ ਪਾ ਰਹੇ ਹਨ ਅਧਿਕਾਰੀ
ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ ਦੇ ਅਧਿਕਾਰੀ ਸਰਕਾਰੀ ਮਹਿਕਮਿਆਂ ਤੋਂ ਬਕਾਇਆ ਬਿੱਲਾਂ ਦੀ ਰਾਸ਼ੀ ਉਗਰਾਹੁਣ ਲਈ ਵਾਰ-ਵਾਰ ਚਿੱਠੀਆਂ ਪਾ ਰਹੇ ਹਨ ਪਰ ਜਦੋਂ ਤੱਕ ਸਰਕਾਰ ਤੋਂ ਇਨ੍ਹਾਂ ਮਹਿਕਮਿਆਂ ਨੂੰ ਗ੍ਰਾਂਟ ਨਹੀਂ ਮਿਲਦੀ, ਬਿੱਲਾਂ ਦੀ ਅਦਾਇਗੀ ਦਾ ਮਸਲਾ ਸੁਲਝਦਾ ਨਜ਼ਰ ਨਹੀਂ ਆਉਂਦਾ।
 


Babita

Content Editor

Related News