ਖਪਤਕਾਰ ਨੂੰ ਪਾਵਰਕਾਮ ਨੇ ਭੇਜਿਆ 12.81 ਲੱਖ ਦਾ ਬਿੱਲ
Wednesday, Dec 23, 2020 - 12:41 PM (IST)
ਖਰੜ (ਗਗਨਦੀਪ) : ਨਜ਼ਦੀਕੀ ਪਿੰਡ ਨਿਆਂ ਸ਼ਹਿਰ ਦੇ ਇਕ ਖਪਤਕਾਰ ਨੂੰ ਪਾਵਰਕਾਮ ਵੱਲੋਂ ਰਿਹਾਇਸ਼ੀ ਮਕਾਨ 'ਚ ਲੱਗੇ ਹੋਏ ਮੀਟਰ ਦਾ 12 ਲੱਖ, 81 ਹਜ਼ਾਰ 550 ਰੁਪਏ ਦਾ ਬਿੱਲ ਭੇਜਣ ਕਾਰਣ ਪਰਿਵਾਰ ਦੇ ਹੋਸ਼ ਉੱਡ ਗਏ ਅਤੇ ਉਹ ਬਿੱਲ ਦੇਖ ਕੇ ਹੱਕੇ-ਬੱਕੇ ਰਹਿ ਗਏ। ਇਸ ਸਬੰਧੀ ਪਿੰਡ ਨਿਆਂ ਸ਼ਹਿਰ ਦੀ ਵਸਨੀਕ ਚਮੇਲੀ ਦੇਵੀ ਨੇ ਦੱਸਿਆ ਕਿ ਉਨ੍ਹਾਂ ਦੇ ਰਿਹਾਇਸ਼ੀ ਘਰ 'ਚ ਉਸ ਦੇ ਪੁੱਤਰ ਸੁਖਵਿੰਦਰ ਕੁਮਾਰ ਦੇ ਨਾਂ ’ਤੇ ਬਿਜਲੀ ਦਾ ਮੀਟਰ ਲੱਗਾ ਹੋਇਆ ਹੈ।
ਉਨ੍ਹਾਂ ਨੂੰ ਪਾਵਰਕਾਮ ਵੱਲੋਂ 13 ਅਕਤੂਬਰ ਤੋਂ 15 ਦਸੰਬਰ ਤੱਕ ਐਵਰੇਜ਼ ਤੇ ਬੇਸ ’ਤੇ 12,81,550 ਰੁਪਏ ਦਾ ਬਿੱਲ ਭੇਜ ਦਿੱਤਾ ਗਿਆ ਹੈ ਅਤੇ ਬਿੱਲ ਦੀ ਅਦਾਇਗੀ ਕਰਨ ਦੀ 20 ਦਸੰਬਰ ਦਰਸਾਈ ਗਈ ਸੀ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਉਸ ਨੂੰ ਪਾਵਰਕਾਮ ਵੱਲੋਂ 15 ਲੱਖ ਰੁਪਏ ਦਾ ਬਿੱਲ ਭੇਜਿਆ ਗਿਆ ਸੀ ਅਤੇ ਉਨ੍ਹਾਂ ਵਲੋਂ ਉਸ ਸਮੇਂ ਪਾਵਰਕਾਮ ਨੂੰ 2 ਵਾਰ ਲਿਖ ਦਿੱਤਾ ਗਿਆ ਸੀ ਕਿ ਉਨ੍ਹਾਂ ਦਾ ਬਿੱਲ ਦਰੁੱਸਤ ਕੀਤਾ ਜਾਵੇ ਅਤੇ ਉਹ ਇਸ ਸਬੰਧੀ ਪਾਵਰਕਾਮ ਦੇ ਐਕਸੀਅਨ, ਐੱਸ. ਡੀ. ਓ. ਅਤੇ ਆਰ. ਏ. ਨੂੰ ਕਈ ਵਾਰ ਮਿਲ ਵੀ ਚੁੱਕੇ ਹਨ ਪਰ ਬਿੱਲ ਦਰੁੱਸਤ ਨਹੀਂ ਹੋਇਆ।
ਉਨ੍ਹਾਂ ਦੱਸਿਆ ਕਿ ਫਿਰ ਉਨ੍ਹਾਂ ਨੂੰ 12 ਲੱਖ, 81 ਹਜ਼ਾਰ 550 ਰੁਪਏ ਦਾ ਬਿੱਲ ਭੇਜ ਦਿੱਤਾ ਗਿਆ ਹੈ, ਉਹ ਬਿੱਲ ਦੀ ਇੰਨੀ ਵੱਡੀ ਰਕਮ ਦੀ ਅਦਾਇਗੀ ਨਹੀਂ ਕਰ ਸਕਦੇ। ਇਸ ਮੌਕੇ ਆਮ ਆਦਮੀ ਪਾਰਟੀ ਦੇ ਆਗੂ ਰਘਬੀਰ ਸਿੰਘ ਬਡਾਲਾ ਨੇ ਕਿਹਾ ਕਿ ਜਦੋਂ ਤੋਂ ਪਾਵਰਕਾਮ ਪ੍ਰਾਈਵੇਟ ਹੱਥਾਂ 'ਚ ਗਿਆ ਹੈ, ਉਦੋਂ ਤੋਂ ਹੀ ਐਵਰੇਜ਼ ਰਾਹੀਂ ਵੱਧ ਬਿੱਲ ਭੇਜੇ ਜਾ ਰਹੇ ਹਨ, ਜਿਸ ਕਾਰਣ ਆਮ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਗਰੀਬ ਪਰਿਵਾਰ ਇੰਨੀ ਵੱਡੀ ਰਕਮ ਦੀ ਅਦਾਇਗੀ ਨਹੀਂ ਕਰ ਸਕਦਾ। ਉਨ੍ਹਾਂ ਮੰਗ ਕੀਤੀ ਕਿ ਇਸ ਗਰੀਬ ਪਰਿਵਾਰ ਨੂੰ ਜੋ ਬਿੱਲ ਭੇਜਿਆ ਗਿਆ ਹੈ, ਉਸ 'ਚ ਦਰੁੱਸਤੀ ਕੀਤੀ ਜਾਵੇ।