ਪਾਵਰਕਾਮ ਵੱਲੋਂ 2 ਕਿੱਲੋਵਾਟ ਤੋਂ ਘੱਟ ਲੋਡ ਵਾਲੇ 96911 ਘਰੇਲੂ ਖ਼ਪਤਕਾਰਾਂ ਦੇ 77.37 ਕਰੋੜ ਦੇ ਬਕਾਏ ਬਿੱਲ ਮੁਆਫ਼

10/23/2021 1:40:12 PM

ਚੰਡੀਗੜ੍ਹ/ਜਲੰਧਰ (ਸ਼ਰਮਾ, ਧਵਨ) : ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਦਿਸ਼ਾ-ਨਿਰਦੇਸ਼ਾਂ ’ਤੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ. ਐੱਸ. ਪੀ. ਸੀ. ਐੱਲ.) ਨੇ 2 ਕਿੱਲੋਵਾਟ ਤੋਂ ਘੱਟ ਲੋਡ ਵਾਲੇ 96911 ਘਰੇਲੂ ਖ਼ਪਤਕਾਰਾਂ ਦੇ 77.37 ਕਰੋੜ ਰੁਪਏ ਦੇ ਬਿਜਲੀ ਬਿੱਲਾਂ ਦੇ ਬਕਾਏ ਮੁਆਫ਼ ਕਰ ਦਿੱਤੇ ਹਨ। ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਨੇ ਇਥੇ ਇਹ ਜਾਣਕਾਰੀ ਦਿੰਦੇ ਦੱਸਿਆ ਕਿ ਸੂਬੇ ਦੇ 5 ਜ਼ੋਨਾਂ, ਸਰਹੱਦੀ ਜ਼ੋਨ ਜਿਸ ਵਿਚ ਸਬ-ਅਰਬਨ ਅੰਮ੍ਰਿਤਸਰ, ਗੁਰਦਾਸਪੁਰ, ਤਰਨਤਾਰਨ ਤੇ ਅੰਮ੍ਰਿਤਸਰ ਸਿਟੀ ਸਰਕਲ ਆਉਂਦੇ ਹਨ, ਕੇਂਦਰੀ ਜ਼ੋਨ (ਲੁਧਿਆਣਾ ਪੂਰਬੀ, ਲੁਧਿਆਣਾ ਪੱਛਮੀ, ਖੰਨਾ, ਸਬ-ਅਰਬਨ ਲੁਧਿਆਣਾ), ਉੱਤਰੀ ਜ਼ੋਨ (ਕਪੂਰਥਲਾ, ਜਲੰਧਰ, ਹੁਸ਼ਿਆਰਪੁਰ ਅਤੇ ਨਵਾਂ ਸ਼ਹਿਰ), ਦੱਖਣੀ ਜ਼ੋਨ (ਪਟਿਆਲਾ, ਸੰਗਰੂਰ, ਬਰਨਾਲਾ, ਰੋਪੜ ਅਤੇ ਮੋਹਾਲੀ) ਅਤੇ ਪੱਛਮੀ ਜ਼ੋਨ (ਬਠਿੰਡਾ, ਫਰੀਦਕੋਟ, ਫਿਰੋਜ਼ਪੁਰ, ਸ੍ਰੀ ਮੁਕਤਸਰ ਸਾਹਿਬ), ਵਿੱਚ ਕੁਲ 15.85 ਲਾਭਪਾਤਰੀ ਹਨ, ਜਿਨ੍ਹਾਂ ਦੇ ਨਾਂ 1505 ਕਰੋੜ ਰੁਪਏ ਦੇ ਬਕਾਏ ਖੜ੍ਹੇ ਹਨ।

ਇਨ੍ਹਾਂ ਵਿਚੋਂ 77.37 ਕਰੋੜ ਰੁਪਏ ਦੇ ਬਕਾਏ ਹੁਣ ਤੱਕ ਮੁਆਫ਼ ਕੀਤੇ ਜਾ ਚੁੱਕੇ ਹਨ। ਇਸ ਸਬੰਧੀ ਲਾਭਪਾਤਰੀਆਂ ਦੀ ਜ਼ੋਨ ਵਾਰ ਵੰਡ ਅਤੇ ਉਨ੍ਹਾਂ ਦੇ ਨਾਂ ਖੜ੍ਹੇ ਵਿੱਤੀ ਬਕਾਏ ਬਾਰੇ ਵੇਰਵੇ ਦਿੰਦੇ ਹੋਏ ਬੁਲਾਰੇ ਨੇ ਦੱਸਿਆ ਕਿ ਸਰਹੱਦੀ ਜ਼ੋਨ ਵਿਚ 4.27 ਲੱਖ ਲਾਭਪਾਤਰੀ ਹਨ, ਜਿਨ੍ਹਾਂ ਦੇ ਨਾਂ 407 ਕਰੋੜ ਰੁਪਏ ਦੇ ਬਕਾਏ ਹਨ। ਇਸ ਤੋਂ ਇਲਾਵਾ ਕੇਂਦਰੀ ਜ਼ੋਨ ਦੇ ਕੁੱਲ 1.84 ਲੱਖ ਲਾਭਪਾਤਰੀਆਂ ਦੇ ਨਾਂ 1.57 ਕਰੋੜ ਰੁਪਏ ਦੇ ਬਕਾਏ ਹਨ, ਜਦੋਂ ਕਿ ਉੱਤਰੀ ਜ਼ੋਨ ਦੇ 2.11 ਲੱਖ ਲਾਭਪਾਤਰੀਆਂ ਦੇ ਨਾਂ 1.78 ਕਰੋੜ ਰੁਪਏ, ਦੱਖਣੀ ਜ਼ੋਨ ਦੇ 2.86 ਲੱਖ ਲਾਭਪਾਤਰੀਆਂ ਦੇ ਨਾਂ 2 ਕਰੋੜ ਰੁਪਏ ਅਤੇ ਪੱਛਮੀ ਜ਼ੋਨ ਦੇ ਕੁਲ 4.76 ਲੱਖ ਲਾਭਪਾਤਰੀਆਂ ਦੇ ਨਾਂ 5.62 ਕਰੋੜ ਰੁਪਏ ਦੇ ਬਕਾਏ ਹਨ। ਮੁੱਖ ਮੰਤਰੀ ਨੇ ਆਪਣੀ ਸਰਕਾਰ ਦੀ ਦ੍ਰਿੜ ਇੱਛਾ ਸ਼ਕਤੀ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਬਿਨਾਂ ਕਿਸੇ ਜਾਤ-ਪਾਤ, ਧਰਮ ਅਤੇ ਨਸਲ ਦੇ ਵਖਰੇਵੇਂ ਤੋਂ ਹਰ ਕਿਸੇ ਨੂੰ ਇਸ ਯੋਜਨਾ ਦਾ ਲਾਭ ਮਿਲੇਗਾ।


Babita

Content Editor

Related News