ਪਾਵਰਕਾਮ ਨੂੰ ਪਿਆ 1158 ਕਰੋੜ ਦਾ ਘਾਟਾ, ''ਪੈਸਕੋ'' ਤਹਿਤ ਕੰਮ ਕਰਦੇ ਮੁਲਾਜ਼ਮਾਂ ''ਚੋਂ 25 ਫੀਸਦੀ ਦੀ ਛਾਂਟੀ ਦੇ ਹੁਕਮ

Saturday, Sep 26, 2020 - 02:30 AM (IST)

ਪਾਵਰਕਾਮ ਨੂੰ ਪਿਆ 1158 ਕਰੋੜ ਦਾ ਘਾਟਾ, ''ਪੈਸਕੋ'' ਤਹਿਤ ਕੰਮ ਕਰਦੇ ਮੁਲਾਜ਼ਮਾਂ ''ਚੋਂ 25 ਫੀਸਦੀ ਦੀ ਛਾਂਟੀ ਦੇ ਹੁਕਮ

ਪਟਿਆਲਾ/ਚੰਡੀਗੜ੍ਹ,(ਪਰਮੀਤ)-ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪਾਵਰਕਾਮ) ਨੂੰ ਵਿੱਤੀ ਸਾਲ 2019-20 ਦੌਰਾਨ 1158 ਕਰੋੜ ਰੁਪਏ ਦਾ ਘਾਟਾ ਪਿਆ ਹੈ। ਇਸ ਘਾਟੇ ਨੂੰ ਵੇਖਦਿਆਂ ਪਾਵਰਕਾਮ ਨੇ ਪੰਜਾਬ ਐਕਸ ਸਰਵਿਸਮੈਨ ਕਾਰਪੋਰੇਸ਼ਨ (ਪੈਸਕੋ) ਤਹਿਤ ਕੰਮ ਕਰਦੇ 15 ਤੋਂ 25 ਫੀਸਦੀ ਮੁਲਾਜ਼ਮਾਂ ਦੀ ਤੁਰੰਤ ਛਾਂਟੀ ਦੇ ਹੁਕਮ ਜਾਰੀ ਕੀਤੇ ਹਨ। ਇੰਨਾ ਹੀ ਨਹੀਂ ਬਲਕਿ 60 ਸਾਲ ਜਾਂ ਇਸ ਤੋਂ ਵੱਧ ਉਮਰ ਵਾਲੇ ਮੁਲਾਜ਼ਮਾਂ ਨੂੰ ਤੁਰੰਤ ਫਾਰਗ ਕਰਨ ਲਈ ਕਿਹਾ ਗਿਆ ਹੈ। ਯਾਦ ਰਹੇ ਕਿ ਬਠਿੰਡਾ ਥਰਮਲ ਪਲਾਂਟ ਬੰਦ ਕਰਨ ਮਗਰੋਂ ਇਸ ਦੇ 635 ਮੁਲਾਜ਼ਮਾਂ ਨੂੰ ਪੈਸਕੋ 'ਚ ਐਡਜਸਟ ਕੀਤਾ ਗਿਆ ਸੀ। ਹੁਣ ਦੋ ਸਾਲ ਬਾਅਦ ਹੁਣ ਪਾਵਰਕਾਮ ਨੇ ਪੈਸਕੋ ਦੇ 15 ਤੋਂ 25 ਫੀਸਦੀ ਮੁਲਾਜ਼ਮਾਂ ਦੀ ਛਾਂਟੀ ਕਰਨ ਦੇ ਹੁਕਮ ਜਾਰੀ ਕੀਤੇ ਹਨ।

ਪਾਵਰਕਾਮ ਦੇ ਸੀ. ਐੱਮ. ਡੀ. ਸ਼੍ਰੀ ਏ. ਵੇਨੂ ਪ੍ਰਸਾਦ ਵੱਲੋਂ ਅੱਜ 25 ਸਤੰਬਰ ਨੂੰ ਪਾਵਰਕਾਮ ਦੇ 5 ਡਾਇਰੈਕਟਰਾਂ (ਵੰਡ, ਕਮਰਸ਼ੀਅਲ, ਵਿੱਤ, ਜਨਰੇਸ਼ਨ ਤੇ ਪ੍ਰਸ਼ਾਸਕੀ) ਨੂੰ ਲਿਖੇ ਪੱਤਰ 'ਚ ਦੱਸਿਆ ਗਿਆ ਕਿ ਪਾਵਰਕਾਮ 'ਚ ਇਸ ਵੇਲੇ 2951 ਮੁਲਾਜ਼ਮ ਪੈਸਕੋ ਤਹਿਤ ਕੰਮ ਕਰ ਰਹੇ ਹਨ। ਪਾਵਰਕਾਮ ਨੂੰ ਸਾਲ 2019-20 ਦੌਰਾਨ 1158 ਕਰੋੜ ਰੁਪਏ ਦਾ ਘਾਟਾ ਪਿਆ ਹੈ। ਉਨ੍ਹਾਂ ਲਿਖਿਆ ਹੈ ਕਿ ਪਾਵਰਕਾਮ ਦੇ ਬੋਰਡ ਆਫ ਡਾਇਰੈਕਟਰਜ਼ ਦੀ 22 ਸਤੰਬਰ 2020 ਨੂੰ ਹੋਈ ਮੀਟਿੰਗ 'ਚ ਵਿੱਤ ਵਿਭਾਗ ਪੰਜਾਬ ਸਰਕਾਰ ਦਾ ਪ੍ਰਤੀਨਿੱਧ ਵੀ ਹਾਜ਼ਰ ਸੀ, ਜਿਸ ਨੇ ਘਾਟੇ ਘਟਾਉਣ ਦੀ ਲੋੜ 'ਤੇ ਜ਼ੋਰ ਦਿੱਤਾ ਅਤੇ ਦੱਸਿਆ ਕਿ ਪੰਜਾਬ ਸਰਕਾਰ ਨੇ 'ਉਦੈ' ਸਕੀਮ ਤਹਿਤ ਪਾਵਰਕਾਮ ਨੂੰ ਕਰਜ਼ੇ ਖਤਮ ਕਰਨ ਵਾਸਤੇ 15000 ਕਰੋੜ ਰੁਪਏ ਦਿੱਤੇ ਹਨ। ਉਨ੍ਹਾਂ ਕਿਹਾ ਕਿ ਘਾਟੇ ਦਾ ਇਕ ਸਭ ਤੋਂ ਵੱਡਾ ਕਾਰਣ ਮੁਲਾਜ਼ਮਾਂ ਦੀ ਦਿਨ-ਬ-ਦਿਨ ਵੱਧ ਰਹੀ ਲਾਗਤ ਹੈ।

ਸੀ. ਐੱਮ. ਡੀ. ਨੇ ਕਿਹਾ ਕਿ ਇਸ ਨੂੰ ਵੇਖਦਿਆਂ ਹੁਣ ਪੈਸਕੋ ਅਧੀਨ ਕੰਮ ਕਰਦੇ ਮੁਲਾਜ਼ਮਾਂ ਨੂੰ ਘਟਾਉਣ ਦੀ ਜ਼ਰੂਰਤ ਹੈ। ਇਸ ਲਈ ਪੈਸਕੋ ਤਹਿਤ ਕੰਮ ਕਰਦੇ 60 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਮੁਲਾਜ਼ਮਾਂ ਨੂੰ ਤਾਂ ਫੌਰਨ ਫਾਰਗ ਕੀਤਾ ਜਾਵੇ। ਇਸ ਤੋਂ ਇਲਾਵਾ ਸਾਰੇ ਡਾਇਰੈਕਟਰ ਆਪਣੇ ਅਧੀਨ ਕੰਮ ਕਰਦੇ ਪੈਸਕੋ ਸਟਾਫ 'ਚ 15 ਤੋਂ 25 ਫੀਸਦੀ ਕਮੀ ਕਰਨਗੇ। ਇਨ੍ਹਾਂ ਦੀ ਛਾਂਟੀ 1 ਨਵੰਬਰ ਤੋਂ ਕੀਤੀ ਜਾਵੇਗੀ। ਇਸ ਬਾਰੇ ਸੀ. ਐੱਮ. ਡੀ. ਨੂੰ 12 ਅਕਤੂਬਰ ਤੱਕ ਸੂਚਿਤ ਕੀਤਾ ਜਾਵੇਗਾ।


author

Deepak Kumar

Content Editor

Related News