ਪਾਵਰਕਾਮ ਨੇ ਭ੍ਰਿਸ਼ਟਾਚਾਰ ਦੇ ਦੋਸ਼ ''ਚ ਸ਼ਾਮਲ 2 ਹੋਰ ਇੰਜੀਨੀਅਰ ਕੀਤੇ ਮੁਅੱਤਲ

11/22/2019 12:04:52 AM

ਪਟਿਆਲਾ,(ਜੋਸਨ) : ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਕਾਰਪੋਰੇਸ਼ਨ 'ਚ ਭ੍ਰਿਸ਼ਟਾਚਾਰ ਰੋਕਣ ਤੇ ਭ੍ਰਿਸ਼ਟਾਚਾਰ 'ਚ ਸ਼ਾਮਲ ਕਰਮਚਾਰੀ ਤੇ ਅਫਸਰਾਂ ਵਿਰੁੱਧ ਸਖਤ ਕਾਰਵਾਈ ਲਈ ਆਪਣੇ ਸੰਕਲਪ ਨੂੰ ਮੁੜ ਦੁਹਰਾਇਆ ਹੈ। ਕਾਰਪੋਰੇਸ਼ਨ ਨੇ ਆਪਣੇ ਅਮਲੇ 'ਚ ਬੇਈਮਾਨ ਅਨਸਰਾਂ ਦੀ ਪਛਾਣ ਕਰਨ ਲਈ ਸੰਘਰਸ਼ ਨੂੰ ਜਾਰੀ ਰੱਖਣ ਲਈ ਲਿਖਤੀ ਤੌਰ 'ਤੇ ਵੀ ਸੂਚਿਤ ਕੀਤਾ ਹੈ।

ਕਾਰਪੋਰੇਸ਼ਨ ਨੇ ਭ੍ਰਿਸ਼ਟਾਚਾਰ 'ਚ ਸ਼ਾਮਲ 2 ਅਫਸਰਾਂ ਨੂੰ ਮੁਅੱਤਲ ਕੀਤਾ ਹੈ। ਐਨਫੋਰਸਮੈਂਟ ਵਿੰਗ ਵੱਲੋਂ ਕੀਤੀ ਜਾਂਚ ਤੋਂ ਬਾਅਦ ਇੰਜੀ. ਸਤਿੰਦਰ ਸਿੰਘ ਸਹਾਇਕ ਇੰਜੀਨੀਅਰ, ਜੋ ਕਿ ਮਾਛੀਵਾੜਾ ਸਬ-ਡਵੀਜ਼ਨ ਵਿਖੇ ਤਾਇਨਾਤ ਸੀ, ਨੂੰ ਵੱਖ-ਵੱਖ ਕੇਸਾਂ ਵਿਚ ਬਿਜਲੀ ਦੇ ਲੋਡ ਦੇ ਵਾਧੇ, ਟਰਾਂਸਫਾਰਮਰਾਂ ਦੀ ਸਥਾਪਨਾ ਤੇ ਖੇਤੀਬਾੜੀ ਪੰਪ ਸੈੱਟ ਰਿਲੀਜ਼ ਕਰਨ ਸਬੰਧੀ 85000 ਰੁਪਏ ਰਿਸ਼ਵਤ ਸਬੰਧੀ ਦੋਸ਼ੀ ਪਾਇਆ ਗਿਆ ਹੈ। ਸੀ. ਐੱਮ. ਡੀ. ਪੀ. ਐੱਸ. ਪੀ. ਸੀ. ਐੱਲ. ਵੱਲੋਂ ਇਸ ਦੀ ਜਾਂਚ ਰਿਪੋਰਟ ਪ੍ਰਾਪਤ ਹੋਣ 'ਤੇ ਇੰਜੀ. ਸਤਿੰਦਰ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਅਤੇ ਉਸ ਦਾ ਹੈੱਡਕੁਆਟਰ ਮੁੱਖ ਇੰਜੀ./ਸੰਚਾਲਣ (ਕੇਂਦਰੀ) ਲੁਧਿਆਣਾ ਫਿਕਸ ਕਰ ਦਿੱਤਾ। ਇਸ ਕੇਸ ਵਿਚ ਇਕ ਹੋਰ ਕਰਮਚਾਰੀ ਪ੍ਰੀਤ ਸਿੰਘ ਜੇ. ਈ. ਨੂੰ 'ਕਾਰਨ ਦੱਸੋ' ਨੋਟਿਸ ਜਾਰੀ ਕੀਤਾ ਗਿਆ। ਪ੍ਰੀਤ ਸਿੰਘ ਜੇ. ਈ. ਨੂੰ ਕਾਰਪੋਰੇਸ਼ਨ ਦੇ ਅਕਸ ਨੂੰ ਠੇਸ ਪਹੁੰਚਾਉਣ ਲਈ ਸਾਊਥ ਜ਼ੋਨ ਤੋਂ ਬਾਹਰ ਬਦਲੀ ਕਰ ਦਿੱਤਾ ਗਿਆ ਹੈ। ਇਕ ਹੋਰ ਕੇਸ ਵਿਚ ਇੰਜੀ. ਮੁਹੰਮਦ ਰਾਸ਼ਿਦ ਏ. ਈ. ਈ. ਸਿਵਲ, ਜੋ ਕਿ ਗਰਿੱਡ ਉਸਾਰੀ ਅਤੇ ਸੰਭਾਲ ਲੁਧਿਆਣਾ ਵਿਖੇ ਤਾਇਨਾਤ ਸੀ, ਨੂੰ ਦਫ਼ਤਰੀ ਰਿਕਾਰਡ ਨਾਲ ਛੇੜਛਾੜ ਅਤੇ ਕਾਰਪੋਰੇਸ਼ਨ ਨੂੰ ਵਿੱਤੀ ਨੁਕਸਾਨ ਪਹੁੰਚਾਉਣ ਦੇ ਦੋਸ਼ ਵਿਚ ਸੀ. ਐੱਮ. ਡੀ., ਪੀ. ਐੱਸ. ਪੀ. ਸੀ. ਐੱਲ ਦੇ ਹੁਕਮਾਂ 'ਤੇ
ਮੁਅੱਤਲ ਕਰ ਦਿੱਤਾ ਗਿਆ ਸੀ।


Related News