ਪਾਵਰਕਾਮ ਦਾ ਅਨੋਖਾ ਕਾਰਾ, ਮੀਟਰ ਲੱਗਾ ਨਹੀਂ ਤੇ ਬਿੱਲ ਭੇਜਿਆ 90 ਹਜ਼ਾਰ

05/21/2024 1:06:02 PM

ਹਠੂਰ (ਸਰਬਜੀਤ ਭੱਟੀ) : ਨੇੜਲੇ ਪਿੰਡ ਡੱਲਾ ਦੇ ਧਾਰਮਿਕ ਅਸਥਾਨ ਸੰਤ ਲਛਮਣ ਦਾਸ ਜੀ ਦੀ ਕੁਟੀਆ ਨੂੰ 90 ਹਜ਼ਾਰ ਰੁਪਏ ਬਿਜਲੀ ਦਾ ਬਿੱਲ ਆਉਣ ਸਬੰਧੀ ਮੁੱਖ ਪ੍ਰਬੰਧਕ ਗਿਆਨੀ ਇਕਬਾਲ ਸਿੰਘ ਖਾਲਸਾ ਨੇ ਦੱਸਿਆ ਕਿ ਕੁਟੀਆ ਵਿਚ ਹਰ ਸਾਲ ਸਿਰਫ ਦੋ ਭਾਰੀ ਧਾਰਮਿਕ ਸਮਾਗਮ ਕਰਵਾਏ ਜਾਂਦੇ ਹਨ, ਜਿਸ ਕਾਰਨ ਸਮਾਗਮਾਂ ਮੌਕੇ ਬਿਜਲੀ ਦੀ ਖਪਤ ਵਧ ਜਾਂਦੀ ਹੈ ਅਤੇ ਪ੍ਰਬੰਧਕ ਕਮੇਟੀ ਵੱਲੋਂ ਕੁਟੀਆ ਵਿਚ ਥ੍ਰੀ ਫੇਜ਼ ਬਿਜਲੀ ਦਾ ਮੀਟਰ ਲਾਉਣ ਲਈ ਅਗਸਤ 2023 ਵਿਚ ਪਾਵਰਕਾਮ ਦੇ ਦਫਤਰ ਰੂੰਮੀ ਵਿਖੇ ਫਾਈਲ ਜਮ੍ਹਾ ਕਰਵਾਈ ਸੀ, ਜਿਸ ’ਤੇ ਪਾਵਰਕਾਮ ਵੱਲੋਂ ਇਸ ਅਸਥਾਨ ’ਤੇ ਸਮਾਰਟ ਬਿਜਲੀ ਦਾ ਮੀਟਰ ਅਕਤੂਬਰ 2023 ਵਿਚ ਲਾਇਆ ਜਾ ਰਿਹਾ ਸੀ ਪਰ ਪਿੰਡ ਵਾਸੀਆਂ ਅਤੇ ਕਿਸਾਨ ਯੂਨੀਅਨ ਨੇ ਸਮਾਰਟ ਮੀਟਰ ਦਾ ਸਖਤ ਵਿਰੋਧ ਕੀਤਾ ਤਾਂ ਪਾਵਰਕਾਮ ਅਧਿਕਾਰੀ ਇਹ ਮੀਟਰ ਵਾਪਸ ਲੈ ਗਏ।

ਉੁਨ੍ਹਾਂ ਕਿਹਾ ਕਿ ਇਸ ਅਸਥਾਨ ਕੁਟੀਆ ’ਤੇ ਅੱਜ ਤੱਕ ਥ੍ਰੀ ਫੇਜ਼ ਮੀਟਰ ਨਹੀਂ ਲੱਗਾ ਹੈ ਪਰ ਫਿਰ ਵੀ ਬਿੱਲ ਥ੍ਰੀ ਫੇਜ਼ ਦਾ ਘੱਲਿਆ ਜਾ ਰਿਹਾ ਹੈ। ਗਿਆਨੀ ਇਕਬਾਲ ਸਿੰਘ ਨੇ ਦੱਸਿਆ ਕਿ 9 ਨਵੰਬਰ 2023 ਨੂੰ ਕੁਟੀਆ ਦਾ ਬਿਜਲੀ ਦਾ ਬਿੱਲ 32 ਹਜ਼ਾਰ ਰੁਪਏ ਆ ਗਿਆ ਸੀ, ਜੋ ਕਿ ਕਿਸਾਨ ਯੂਨੀਅਨ ਤੇ ਪਿੰਡ ਵਾਸੀਆਂ ਦੇ ਰੋਕਣ ’ਤੇ ਇਹ 32 ਹਜ਼ਾਰ ਰੁਪਏ ਦਾ ਬਿੱਲ ਨਹੀਂ ਭਰਿਆ ਗਿਆ ਅਤੇ ਹੁਣ ਜੁਰਮਾਨਾ ਲੱਗ ਕੇ 90 ਹਜ਼ਾਰ ਰੁਪਏ ਬਣ ਚੁੱਕਾ ਹੈ। ਪ੍ਰਬੰਧਕਾਂ ਨੇ ਕਿਹਾ ਕਿ ਕੁਟੀਆ ਵਿਚ ਸਿਰਫ ਰਾਤ ਸਮੇਂ ਹੀ ਦੋ ਬੱਲਬ ਹੀ ਜਗਾਏ ਜਾਂਦੇ ਹਨ ਅਤੇ ਬਿਜਲੀ ਬਿੱਲ ਦੀ ਬਕਾਇਆ ਇੰਨੀ ਵੱਡੀ ਰਕਮ ਜਮ੍ਹਾ ਕਰਵਾਉਣਾ ਉਨ੍ਹਾਂ ਦੇ ਵੱਸ ਤੋਂ ਬਾਹਰ ਹੈ। ਉਨ੍ਹਾਂ ਪੰਜਾਬ ਸਰਕਾਰ ਅਤੇ ਪਾਵਰਕਾਮ ਦੇ ਉੱਚ ਅਧਿਕਾਰਿਆ ਤੋਂ ਮੰਗ ਕਰਦਿਆਂ ਕਿਹਾ ਕਿ ਕੁਟੀਆ ਦਾ ਬਕਾਇਆ ਬਿਜਲੀ ਬਿੱਲ ਮੁਆਫ ਕੀਤਾ ਜਾਵੇ। ਇਸ ਮੌਕੇ ਬਲਜਿੰਦਰ ਸਿੰਘ, ਰਣਜੀਤ ਸਿੰਘ, ਰਾਜਵਿੰਦਰ ਸਿੰਘ, ਰਘਵੀਰ ਸਿੰਘ, ਬਲਵੀਰ ਸਿੰਘ, ਦਰਸ਼ਨ ਸਿੰਘ, ਮਨਪ੍ਰੀਤ ਸਿੰਘ, ਇਕਬਾਲ ਸਿੰਘ, ਹਰਦੀਪ ਸਿੰਘ ਤੇ ਮਨਜੀਤ ਸਿੰਘ ਆਦਿ ਹਾਜ਼ਰ ਸਨ।

ਕੀ ਕਹਿਣਾ ਹੈ ਪਾਵਰਕਾਮ ਦਫਤਰ ਰੂੰਮੀ ਦੇ ਐੱਸ. ਡੀ. ਓ. ਦਾ

ਇਸ ਸਬੰਧੀ ਜਦੋਂ ਪਾਵਰਕਾਮ ਦਫਤਰ ਰੂੰਮੀ ਦੇ ਐੱਸ. ਡੀ. ਓ. ਮਨਜੀਤ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਕਮੇਟੀ ਵੱਲੋਂ ਲੋਡ ਵਧਾ ਕੇ ਥ੍ਰੀ ਫੇਜ਼ ਕੁਨੈਕਸ਼ਨ ਕਰਵਾਇਆ ਗਿਆ ਸੀ ਅਤੇ ਮਹਿਕਮੇ ਵੱਲੋਂ ਥ੍ਰੀ ਫੇਜ਼ ਮੀਟਰ ਲਾਇਆ ਜਾ ਰਿਹਾ ਸੀ ਤਾਂ ਉਨ੍ਹਾਂ ਲਾਉਣ ਨਹੀਂ ਦਿੱਤਾ, ਜਿਸ ਕਰਕੇ ਥ੍ਰੀ ਫੇਜ਼ ਕੁਨੈਕਸ਼ਨ ਹੋ ਜਾਣ ਕਾਰਨ ਆਟੋਮੈਟਿਕ ਐਵਰੇਜ ਬਿੱਲ ਬਣ ਰਿਹਾ ਹੈ। ਉਨ੍ਹਾਂ ਕਿਹਾ ਕਿ ਕਮੇਟੀ ਮੈਂਬਰ ਦਫਤਰ ਆ ਕੇ ਸੰਪਰਕ ਕਰ ਲੈਣ ਤਾਂ ਕਿ ਉੱਚ ਅਧਿਕਾਰੀਆਂ ਨਾਲ ਵਿਚਾਰ ਕਰਕੇ ਹੱਲ ਕੱਢਿਆ ਜਾ ਸਕੇ।


Gurminder Singh

Content Editor

Related News