ਮੀਟਰਾਂ ਦੀ ਜਾਂਚ ’ਚ ਫੜੀ ਗਈ 73 ਲੱਖ ਯੂਨਿਟ ਦੀ ਬਿਜਲੀ ਚੋਰੀ, 3600 ਖ਼ਪਤਕਾਰਾਂ ਨੂੰ ਕਰੋੜਾਂ ਦਾ ਜੁਰਮਾਨਾ

08/01/2021 5:51:56 PM

ਜਲੰਧਰ (ਪੁਨੀਤ)– ਬਿਜਲੀ ਚੋਰੀ ਪਾਵਰਕਾਮ ਲਈ ਸਭ ਤੋਂ ਵੱਡੀ ਪ੍ਰੇਸ਼ਾਨੀ ਦਾ ਕਾਰਨ ਹੈ ਕਿਉਂਕਿ ਮਹਿਕਮੇ ਨੂੰ ਹਰ ਸਾਲ ਕਰੋੜਾਂ ਰੁਪਏ ਦਾ ਨੁਕਸਾਨ ਝੱਲਣਾ ਪੈ ਰਿਹਾ ਹੈ। ਮੀਟਰਾਂ ਨਾਲ ਛੇੜਛਾੜ ਕਰਨ ਵਾਲੇ ਕੁਝ ਮਹੀਨੇ ਬਾਅਦ ਸਾਜ਼ਿਸ਼ ਤਹਿਤ ਮੀਟਰ ਨੂੰ ਅੱਗ ਲਗਾ ਦਿੰਦੇ ਹਨ। ਉਕਤ ਸ਼ਬਦਾਂ ਦਾ ਪ੍ਰਗਟਾਵਾ ਅੱਜ ਜਲੰਧਰ ਪਹੁੰਚੇ ਡਾਇਰੈਕਟਰ ਜੈਨਰੇਸ਼ਨ ਇੰਜੀ. ਪਰਮਜੀਤ ਸਿੰਘ ਨੇ ਗੱਲਬਾਤ ਦੌਰਾਨ ਕੀਤਾ।

ਚੌਗਿੱਟੀ ਚੌਕ ਨੇੜੇ ਸਥਿਤ ਐੱਮ. ਈ. ਲੈਬ ਵਿਚ ਇੰਸਪੈਕਸ਼ਨ ਦੌਰਾਨ ਇੰਜੀ. ਸਿੰਘ ਨੇ ਕਿਹਾ ਕਿ ਪਾਵਰ ਨਿਗਮ ਵੱਲੋਂ (ਜ਼ੈੱਡ. ਆਈ. ਜ਼ੈੱਡ.) ਤਕਨੀਕ ਰਾਹੀਂ ਕੋਰੋਨਾ ਕਾਲ ਤੋਂ ਲੈ ਕੇ ਹੁਣ ਤੱਕ ਅੱਗ ਲੱਗਣ ਵਾਲੇ ਮੀਟਰਾਂ ਦੀ ਜਾਂਚ ਕਰਾਏਗੀ। ਇਸ ਦੌਰਾਨ 3600 ਮੀਟਰਾਂ ਵਿਚੋਂ 73 ਲੱਖ ਯੂਨਿਟ ਦੀ ਹੇਰਾਫੇਰੀ ਦਾ ਪਰਦਾਫਾਸ਼ ਹੋਇਆ ਹੈ। ਇਨ੍ਹਾਂ ਖ਼ਪਤਕਾਰਾਂ ’ਤੇ ਮਹਿਕਮੇ ਵੱਲੋਂ 5.85 ਕਰੋੜ ਤੋਂ ਵੱਧ ਜੁਰਮਾਨਾ ਲਾਇਆ ਗਿਆ ਹੈ।

ਇਹ ਵੀ ਪੜ੍ਹੋ: ਖ਼ੁਦ ਨੂੰ ਕੁਆਰੀ ਦੱਸ ਕੇ ਦੂਜਾ ਵਿਆਹ ਰਚਾ ਕੁੜੀ ਪੁੱਜੀ ਆਸਟ੍ਰੇਲੀਆ, ਜਦ ਖੁੱਲ੍ਹਿਆ ਭੇਤ ਤਾਂ ਉੱਡੇ ਪਰਿਵਾਰ ਦੇ ਹੋਸ਼

PunjabKesari

ਕੋਰੋਨਾ ਦੌਰਾਨ ਅੱਗ ਲੱਗਣ ਵਾਲੇ 3200 ਦੇ ਕਰੀਬ ਮੀਟਰ ਉਨ੍ਹਾਂ ਕੋਲ ਪਹੁੰਚੇ ਹਨ ਅਤੇ ਲਗਭਗ ਸਾਰਿਆਂ ਵਿਚ ਚੋਰੀ ਫੜੀ ਗਈ। ਇਨ੍ਹਾਂ 3200 ਮੀਟਰਾਂ ਦੇ ਖ਼ਪਤਕਾਰਾਂ ਵੱਲੋਂ 60 ਲੱਖ ਯੂਨਿਟ ਦੀ ਹੇਰਾਫੇਰੀ ਸਾਹਮਣੇ ਆਈ। ਮਹਿਕਮੇ ਨੇ ਇਨ੍ਹਾਂ ’ਤੇ 4.85 ਕਰੋੜ ਰੁਪਏ ਦਾ ਜੁਰਮਾਨਾ ਕੀਤਾ। ਇਸ ਵਿੱਤੀ ਸਾਲ ਵਿਚ 13 ਲੱਖ ਯੂਨਿਟ ਦੀ ਹੇਰਾਫੇਰੀ ਫੜੀ ਗਈ ਅਤੇ 400 ਦੇ ਕਰੀਬ ਮੀਟਰਾਂ ਨੂੰ ਇਕ ਕਰੋੜ ਤੋਂ ਵੱਧ ਜੁਰਮਾਨਾ ਕੀਤਾ। ਅੱਜ ਡਾਇਰੈਕਟਰ ਜੈਨਰੇਸ਼ਨ ਇੰਜੀ. ਪਰਮਜੀਤ ਸਿੰਘ ਨੇ ਜਲੰਧਰ ਪਹੁੰਚਣ ’ਤੇ ਡਿਪਟੀ ਚੀਫ ਇੰਜੀ. ਰਾਜੀਵ ਪਰਾਸ਼ਰ, ਲੈਬ ਦੇ ਐਕਸੀਅਨ ਗੁਰਪ੍ਰੀਤ ਸਿੰਘ, ਉਪ ਮੰਡਲ ਅਧਿਕਾਰੀ ਰਣਜੀਤ ਸਿੰਘ ਆਦਿ ਵੱਲੋਂ ਪਿਛਲੀ ਤਿਮਾਹੀ ਦੀ ਰਿਪੋਰਟ ਪੇਸ਼ ਕੀਤੀ ਗਈ।

ਡਾਇਰੈਕਟਰ ਨੇ ਕਿਹਾ ਕਿ ਮੀਟਰਾਂ ਨਾਲ ਛੇੜਛਾੜ ਕਰਨ ਵਾਲੇ ਬਿਜਲੀ ਦੀ ਬੇਫਜ਼ੂਲ ਵਰਤੋਂ ਕਰਦੇ ਹਨ, ਜਿਸ ਨਾਲ ਮਹਿਕਮੇ ਨੂੰ ਨੁਕਸਾਨ ਹੁੰਦਾ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਖ਼ਪਤਕਾਰ ਬਿਜਲੀ ਚੋਰੀ ਦੀ ਸ਼ਿਕਾਇਤ ਮਹਿਕਮੇ ਦੇ ਸਰਕਾਰੀ ਨੰਬਰ ’ਤੇ 96461-75770 ਦੇ ਵਟਸਐਪ ’ਤੇ ਕਰੇ ਤਾਂ ਜੋ ਅਜਿਹੇ ਲੋਕਾਂ ’ਤੇ ਬਣਦੀ ਕਾਰਵਾਈ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਪਾਵਰਕਾਮ ਵੱਲੋਂ ਜੂਨ ਮਹੀਨੇ ਵਿਚ 42835 ਮੀਟਰਾਂ ਦੀ ਜਾਂਚ ਕਰਵਾਈ ਗਈ। ਇਸ ਦੌਰਾਨ ਕੁੰਡੀ ਚੋਰੀ ਦੇ 683 ਕੇਸ ਸਾਹਮਣੇ ਆਏ, ਜਿਨ੍ਹਾਂ ’ਤੇ 2.72 ਕਰੋੜ ਰੁਪਏ ਜੁਰਮਾਨਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਕੁਲ 6724 ਕੇਸਾਂ ਵਿਚ ਵਿਭਾਗ ਨੇ 17.95 ਕਰੋੜ ਰੁਪਏ ਜੁਰਮਾਨਾ ਕੀਤਾ ਜਾ ਚੁੱਕਾ ਹੈ, ਜਿਨ੍ਹਾਂ ਵਿਚੋਂ 5.39 ਕਰੋੜ ਰੁਪਏ ਫੜੇ ਗਏ ਖ਼ਪਤਕਾਰਾਂ ਵੱਲੋਂ ਜਮ੍ਹਾ ਕਰਵਾ ਦਿੱਤੇ ਗਏ ਹਨ।

ਇਹ ਵੀ ਪੜ੍ਹੋ: ਟੋਕੀਓ ਓਲੰਪਿਕਸ ਦੀਆਂ ਖੇਡਾਂ ਵੇਖ ਸੁਖਬੀਰ ਨੂੰ ਆਏ ਪੁਰਾਣੇ ਦਿਨ ਯਾਦ, ਪੋਸਟ ਪਾ ਕੇ ਖ਼ਿਡਾਰੀਆਂ ਦਾ ਵਧਾਇਆ ਹੌਂਸਲਾ

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ


shivani attri

Content Editor

Related News