ਰੂਸ, ਚੀਨ ਤੇ ਯੂ. ਏ. ਈ. ਪੰਜਾਬ ''ਚ ਬਿਜਲੀ ਬਣਾਉਣ ਤੇ ਮੈਟਰੋ ਰੇਲ ਪ੍ਰਾਜੈਕਟ ''ਚ ਦੇਣਗੇ ਸਹਿਯੋਗ
Wednesday, Aug 09, 2017 - 07:14 AM (IST)

ਜਲੰਧਰ (ਧਵਨ) - ਰੂਸ, ਚੀਨ ਤੇ ਯੂ.ਏ. ਈ. ਸਣੇ ਵੱਖ-ਵੱਖ ਕਰਮਚਾਰੀਆਂ ਨੇ ਪੰਜਾਬ ਦੇ ਰੱਖਿਆ, ਮੈਟਰੋ, ਰੇਲ ਪ੍ਰਾਜੈਕਟਾਂ ਸਣੇ ਵੱਖ-ਵੱਖ ਖੇਤਰਾਂ ਵਿਚ ਵਪਾਰਕ ਇਕਾਈਆਂ ਸਥਾਪਿਤ ਕਰਨ ਵਿਚ ਦਿਲਚਸਪੀ ਵਿਖਾਈ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇਨ੍ਹਾਂ ਦੇਸ਼ਾਂ ਦੇ ਨੁਮਾਇੰਦਿਆਂ ਨਾਲ ਦਿੱਲੀ ਵਿਚ ਬੈਠਕ ਕੀਤੀ। ਐਨਰਗੋ ਗਰੁੱਪ ਕੰਪਨੀ ਐੱਲ. ਐੱਲ. ਸੀ. ਸੂਬੇ ਵਿਚ ਅਵਸ਼ੇਸ਼ਾਂ ਤੋਂ ਬਿਜਲੀ ਬਣਾਉਣ ਵਿਚ ਦਿਲਚਸਪੀ ਰੱਖਦੀ ਹੈ ਤੇ ਉਸ ਨੇ ਨਵੇਂ ਊਰਜਾ ਪ੍ਰਾਜੈਕਟਾਂ ਦੀ ਪੇਸ਼ਕਸ਼ ਕੀਤੀ। ਕਾਰਪੋਰੇਟ ਬੈਂਕਿੰਗ ਦੇ ਪ੍ਰਮੁੱਖ ਵਿਜੇਨ ਸੋਗੋ ਮੀਨੀਅਨ ਨੇ ਕਿਹਾ ਕਿ ਰੂਸ ਦੀ ਕੰਪਨੀ ਐਨਰਗੋ ਨੇ ਪੰਜਾਬ ਵਿਚ ਵੱਡੇ ਪੱਧਰ 'ਤੇ ਖੋਜ ਕੀਤੀ ਹੈ ਤੇ ਖੇਤੀ ਸਮਰੱਥਾ ਨੂੰ ਦੇਖਿਆ ਹੈ। ਇਹ ਕੰਪਨੀ ਪੰਜਾਬ ਵਿਚ ਮੇਕ ਇਨ ਇੰਡੀਆ ਦੇ ਢਾਂਚੇ ਦੇ ਅਧੀਨ ਅਵਸ਼ੇਸ਼ਾਂ ਤੋਂ ਬਿਜਲੀ ਬਣਾਉਣ ਦਾ ਪਲਾਂਟ ਸਥਾਪਿਤ ਕਰਨ ਦੀਆਂ ਸੰਭਾਵਨਾਵਾਂ ਦਾ ਪਤਾ ਲਗਾਏਗੀ।
ਸਬੇਰ ਬੈਂਕ ਨੇ ਦੱਸਿਆ ਕਿ ਰੂਸ ਦੀ ਹੈਲੀਕਾਪਟਰ ਬਣਾਉਣ ਵਾਲੀ ਕੰਪਨੀ ਭਾਰਤ ਵਿਚ ਵੀ ਇਹ ਸੁਵਿਧਾ ਸਥਾਪਿਤ ਕਰਨ ਵਿਚ ਰੁਚੀ ਰੱਖਦੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਜ਼ਮੀਨ ਮੁਹੱਈਆ ਕਰਵਾਉਣ ਲਈ ਤਿਆਰ ਹੈ। ਕਈ ਹੋਰ ਕੰਪਨੀਆਂ ਵੀ ਪੰਜਾਬ ਵਿਚ ਡਿਫੈਂਸ ਉਤਪਾਦਨ ਇਕਾਈਆਂ ਸਥਾਪਿਤ ਕਰਨਾ ਚਾਹੁੰਦੀਆਂ ਹਨ। ਗ੍ਰੇਟ ਈਗਲ ਗਰੁੱਪ ਦੇ ਪ੍ਰਸ਼ਾਸਨਿਕ ਡਾਇਰੈਕਟਰ ਕਾਰਤਿਕ ਚੋਪੜਾ ਨੇ ਲੁਧਿਆਣਾ ਵਿਚ ਮੈਟਰੋ ਪ੍ਰਾਜੈਕਟ ਸ਼ੁਰੂ ਕਰਨ ਲਈ ਚੀਨ ਦੀ ਰੁਚੀ ਬਾਰੇ ਦੱਸਿਆ। ਸਰਕਾਰੀ ਬੁਲਾਰਿਆਂ ਨੇ ਦੱਸਿਆ ਕਿ ਯੂ. ਏ. ਈ. ਨੂੰ ਐਕਸਪੋਰਟ ਕਰਨ ਲਈ ਫੂਡ ਪ੍ਰੋਸੈਸਿੰਗ ਇਕਾਈਆਂ ਪੰਜਾਬ ਵਿਚ ਸਥਾਪਿਤ ਹੋ ਸਕਦੀਆਂ ਹਨ। ਬੈਠਕ ਵਿਚ ਸੂਬੇ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਤੇ ਹੋਰ ਅਧਿਕਾਰੀ ਵੀ ਮੌਜੂਦ ਸਨ।