ਕੈਪਟਨ ਸਰਕਾਰ ਨੂੰ ਦਿਖਾਇਆ ਦਮ
Thursday, Feb 08, 2018 - 07:20 AM (IST)

ਚੰਡੀਗੜ੍ਹ (ਭੁੱਲਰ) - ਮੁਕੰਮਲ ਕਰਜ਼ਾ ਮੁਆਫੀ ਅਤੇ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਹੋਰ ਮੰਗਾਂ ਨੂੰ ਲੈ ਕੇ ਅੱਜ 7 ਕਿਸਾਨ ਸੰਗਠਨਾਂ ਵਲੋਂ ਪੁਲਸ ਰੋਕਾਂ ਦੇ ਬਾਵਜੂਦ ਪੰਜਾਬ ਭਰ ਵਿਚ ਕੈਪਟਨ ਸਰਕਾਰ ਨੂੰ ਆਪਣਾ ਦਮ ਦਿਖਾਉਂਦਿਆਂ 36 ਥਾਵਾਂ 'ਤੇ ਦੋ ਘੰਟਿਆਂ ਲਈ ਮੁੱਖ ਸੜਕਾਂ ਜਾਮ ਕੀਤੀਆਂ ਗਈਆਂ। ਪੁਲਸ ਸਿਰਫ਼ ਦੋ ਥਾਵਾਂ 'ਤੇ ਫਿਰੋਜ਼ਪੁਰ ਤੇ ਫਾਜ਼ਿਲਕਾ ਜ਼ਿਲੇ 'ਚ ਕਿਸਾਨਾਂ ਨੂੰ ਬਲ ਪ੍ਰਯੋਗ ਕਰਕੇ ਖਦੇੜਨ ਵਿਚ ਸਫਲ ਹੋਈ। ਇਨ੍ਹਾਂ ਥਾਵਾਂ 'ਤੇ ਕਈ ਕਿਸਾਨ ਆਗੂਆਂ ਨੂੰ ਖਦੇੜਨ ਤੋਂ ਬਾਅਦ ਗ੍ਰਿਫ਼ਤਾਰ ਵੀ ਕੀਤਾ ਗਿਆ।
ਸੂਬੇ ਭਰ ਵਿਚ ਪ੍ਰਾਪਤ ਰਿਪੋਰਟਾਂ ਅਨੁਸਾਰ ਜ਼ਿਲਾ ਸੰਗਰੂਰ 'ਚ ਸੁਨਾਮ, ਦਿੜ੍ਹਬਾ, ਲਹਿਰਾਗਾਗਾ, ਮਾਲੇਰਕੋਟਲਾ, ਬਡਰੁੱਖਾਂ, ਭੋਗੀਵਾਲ ਤੇ ਭਵਾਨੀਗੜ੍ਹ, ਪਟਿਆਲਾ 'ਚ ਪਟਿਆਲਾ ਚੌਕ ਤੇ ਸਮਾਣਾ ਚੌਕ, ਬਠਿੰਡਾ 'ਚ ਮਾਈਸਰ ਖਾਨਾ ਤੇ ਲਹਿਰਾ ਮੁਹੱਬਤ, ਮੋਗਾ 'ਚ ਮਾਛੀਕੇ ਤੇ ਗਿੱਲ ਕਲਾਂ, ਬਰਨਾਲਾ 'ਚ ਪੱਖੋ ਕੈਂਚੀਆਂ, ਬਡਬਰ ਤੇ ਸੰਘੇੜਾ, ਲੁਧਿਆਣਾ 'ਚ ਰਾਏਕੋਟ, ਫਾਜ਼ਿਲਕਾ 'ਚ ਮੋਹਣ ਕੇ ਹਿਠਾੜ, ਫਿਰੋਜ਼ਪੁਰ 'ਚ ਜੋਗੇਵਾਲਾ, ਫੇਰੋਕੇ, ਮਿਸ਼ਰੀਵਾਲਾ ਤੇ ਗਿੱਲ (ਮੁੱਦਕੀ), ਫਰੀਦਕੋਟ 'ਚ ਕੋਟਕਪੂਰਾ, ਮਾਨਸਾ 'ਚ ਬੁੱਢਲਾਢਾ, ਖਿਆਲਾ ਤੇ ਝੁਨੀਰ, ਤਰਨਤਾਰਨ 'ਚ ਭਿੱਖੀਵਿੰਡ ਚੌਕ ਤੇ ਫਤਿਹਾਬਾਦ, ਅੰਮ੍ਰਿਤਸਰ 'ਚ ਕੁੱਕੜਾਂਵਾਲਾ ਤੇ ਪੈੜੇਵਾਲ, ਗੁਰਦਾਸਪੁਰ ਖਾਸ, ਮੰਜਿਆਂਵਾਲੀ ਤੇ ਭਾਲੋ, ਜਲੰਧਰ 'ਚ ਤਾਸ਼ਪੁਰ ਚੌਕ ਤੇ ਸਮਰਾਏ, ਕਪੂਰਥਲਾ 'ਚ ਮੁੰਡੀ ਮੋੜ ਅਤੇ ਜ਼ਿਲਾ ਮੁਕਤਸਰ 'ਚ ਗਿੱਦੜਬਾਹਾ ਵਿਖੇ ਮੁੱਖ ਸੜਕਾਂ 'ਤੇ ਕਿਸਾਨਾਂ ਨੇ ਜਾਮ ਲਾ ਕੇ ਧਰਨੇ ਦਿੱਤੇ।
ਵੱਖ-ਵੱਖ ਥਾਈਂ ਹੋਏ ਐਕਸ਼ਨਾਂ ਦੀ ਅਗਵਾਈ ਕਰਨ ਵਾਲਿਆਂ ਵਿਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਬੂਟਾ ਸਿੰਘ ਬੁਰਜਗਿੱਲ (ਭਾਕਿਯੂ ਡਕੌਦਾਂ), ਨਿਰਭੈ ਸਿੰਘ ਢੁੱਡੀਕੇ (ਕਿਰਤੀ ਕਿਸਾਨ ਯੂਨੀਅਨ), ਗੁਰਦੀਪ ਸਿੰਘ ਵੈਰੋਕੇ (ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ), ਕੰਵਲਪ੍ਰੀਤ ਸਿੰਘ ਪੰਨੂ (ਕਿਸਾਨ ਸੰਘਰਸ਼ ਕਮੇਟੀ) ਅਤੇ ਹਰਜਿੰਦਰ ਸਿੰਘ ਟਾਂਡਾ (ਆਜ਼ਾਦ ਕਿਸਾਨ ਸੰਘਰਸ਼ ਕਮੇਟੀ) ਅਤੇ ਬਲਦੇਵ ਸਿੰਘ ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਹੋਰ ਪ੍ਰਮੁੱਖ ਆਗੂ ਸ਼ਾਮਲ ਸਨ।