ਚੋਣਾਂ ਦਾ ਰੇੜਕਾ ਖਤਮ, ਬਿਜਲੀ ਖਪਤਕਾਰਾਂ ਨੂੰ ਅਗਲੇ ਮਹੀਨੇ ਲੱਗ ਸਕਦੈ ਜ਼ੋਰਦਾਰ ''ਕਰੰਟ''
Monday, May 27, 2019 - 11:28 AM (IST)

ਪਟਿਆਲਾ/ਬਾਰਨ (ਇੰਦਰ)—ਸੂਬੇ ਅੰਦਰ ਪਾਵਰ ਰੈਗੂਲੇਟਰੀ ਕਮਿਸ਼ਨ ਵੱਲੋਂ ਭੇਜੀ ਗਈ ਰਿਪੋਰਟ ਨੂੰ ਸਰਕਾਰ ਵੱਲੋਂ ਹਰੀ ਝੰਡੀ ਮਿਲਦਿਆਂ ਹੀ ਅਗਲੇ ਮਹੀਨੇ ਤੋਂ ਬਿਜਲੀ ਦੇ ਰੇਟਾਂ ਵਿਚ 6 ਫੀਸਦੀ ਵਾਧਾ ਹੋਣ ਦੇ ਆਸਾਰ ਨਜ਼ਰ ਆ ਰਹੇ ਹਨ। ਚੋਣ ਰੇੜਕਾ ਖਤਮ ਹੋ ਚੁੱਕਾ ਹੈ। ਹੁਣ ਕਿਸੇ ਵੀ ਸਮੇਂ ਵਾਧੇ ਦੇ ਆਦੇਸ਼ ਜਾਰੀ ਹੋ ਸਕਦੇ ਹਨ। ਜਾਣਕਾਰੀ ਅਨੁਸਾਰ ਘਰ ਅਤੇ ਦੁਕਾਨਾਂ ਦੇ ਬਿਜਲੀ ਦੇ ਰੇਟ ਵਧਣਗੇ। ਇੰਡਸਟਰੀ ਨੂੰ 5 ਰੁਪਏ ਪ੍ਰਤੀ ਯੂਨਿਟ ਬਿਜਲੀ ਪਹਿਲਾਂ ਵਾਂਗ ਮਿਲਦੀ ਰਹੇਗੀ। ਇਹ ਵੀ ਜਾਣਕਾਰੀ ਮਿਲੀ ਹੈ ਕਿ ਵਾਧੇ ਤੋਂ ਬਾਅਦ ਖਪਤਕਾਰਾਂ ਨੂੰ ਘਰਾਂ ਲਈ ਪ੍ਰਤੀ ਯੂਨਿਟ 30 ਤੋਂ 50 ਪੈਸੇ ਤੱਕ ਪ੍ਰਤੀ ਯੂਨਿਟ ਵੱਧ ਦੇਣੇ ਪੈਣਗੇ। ਘਰਾਂ ਨੂੰ ਸਭ ਤੋਂ ਪਹਿਲਾਂ 100 ਯੂਨਿਟ ਕੈਟਾਗਰੀ, ਫਿਰ 100 ਤੋਂ 300 ਯੂਨਿਟ ਅਤੇ ਇਸ ਤੋਂ ਉੱਪਰ ਅਸੀਮਤ ਬਿਜਲੀ ਖਪਤ ਦੀ ਟੈਰਿਫ ਸਲੈਬ ਵਿਚ ਵੰਡਿਆ ਹੈ। ਜਿਵੇਂ ਹੀ ਕੋਈ ਪਹਿਲੀਆਂ 2 ਸਲੈਬਾਂ ਪਾਰ ਕਰਦਾ ਹੈ ਤਾਂ ਬਿਜਲੀ ਦਾ ਯੂਨਿਟ 7.33 ਰੁਪਏ ਹੋ ਜਾਂਦਾ ਹੈ, ਜੋ ਕਿ 6 ਫੀਸਦੀ ਦੇ ਵਾਧੇ ਤੋਂ ਬਾਅਦ 7.89 ਰੁਪਏ ਹੋ ਜਾਵੇਗਾ। ਇਸੇ ਤਰ੍ਹਾਂ ਦੁਕਾਨਾਂ ਦਾ 100 ਯੂਨਿਟ ਤੱਕ 6.86, ਇਸ ਤੋਂ ਬਾਅਦ 300 ਯੂਨਿਟ ਤੱਕ 7.12 ਰੁਪਏ, 500 ਤੋਂ ਬਾਅਦ 7.24 ਵਾਧੇ ਤੋਂ ਬਾਅਦ 7.90 ਰੁਪਏ ਪ੍ਰਤੀ ਯੂਨਿਟ ਨੇੜੇ ਪਹੁੰਚ ਜਾਵੇਗਾ।
ਸੂਤਰਾਂ ਤੋਂ ਇਹ ਵੀ ਜਾਣਕਾਰੀ ਮਿਲੀ ਹੈ ਕਿ ਬਿਜਲੀ ਵਾਧਾ ਪਹਿਲਾਂ 1 ਅਪ੍ਰੈਲ ਤੋਂ ਹੋਣਾ ਸੀ ਪਰ ਚੋਣਾਂ ਕਾਰਣ ਸਰਕਾਰ ਵੱਲੋਂ ਵਾਧੇ ਦੀ ਯੋਜਨਾ ਨੂੰ ਰੋਕ ਦਿੱਤਾ ਗਿਆ ਸੀ। ਚੋਣਾਂ ਖਤਮ ਹੋ ਚੁੱਕੀਆਂ ਹਨ। ਹੁਣ ਲਗਦਾ ਕਿ 1 ਜੂਨ ਤੋਂ ਰੇਟ ਵਧ ਸਕਦੇ ਹਨ। ਇਹ ਵੀ ਸੁਣਨ ਵਿਚ ਆਇਆ ਹੈ ਕਿ ਜੇਕਰ ਬਿਜਲੀ ਦੇ ਰੇਟ ਵਧੇ ਤਾਂ ਸਰਕਾਰ ਦਾ ਵਿਰੋਧ ਹੋ ਸਕਦਾ ਹੈ। ਦੁਕਾਨਦਾਰਾਂ ਅਤੇ ਆਮ ਲੋਕਾਂ ਦਾ ਕਹਿਣਾ ਹੈ ਕਿ ਪੰਜਾਬ ਅੰਦਰ ਪਹਿਲਾਂ ਹੀ ਗੁਆਂਢੀ ਰਾਜਾਂ ਨਾਲੋਂ ਬਿਜਲੀ ਮਹਿੰਗੀ ਹੈ। ਪੰਜਾਬ ਵਿਚ ਬਿਜਲੀ ਸਰਪਲੱਸ ਹੈ ਤਾਂ ਵਪਾਰਕ ਕੈਟਾਗਰੀ ਤੇ 6 ਫੀਸਦੀ ਦਾ ਵਾਧਾ ਬਹੁਤ ਜ਼ਿਆਦਾ ਹੋਵੇਗਾ। ਪਹਿਲਾਂ ਹੀ ਸ਼ਹਿਰੀ ਵਿਕਾਸ ਅਤੇ ਕਾਓ ਸੈੱਸ ਲੱਗਾ ਹੋਇਆ ਹੈ। ਸੂਬੇ ਵਿਚ ਵਪਾਰਕ ਅਦਾਰੇ ਅਤੇ ਆਮ ਲੋਕ ਪਹਿਲਾਂ ਹੀ ਆਰਥਕ ਹਾਲਤ ਪਤਲੀ ਹੈ। ਹੁਣ ਬਿਜਲੀ ਵਾਧਾ ਹੋਰ ਭਾਰ ਪਾ ਸਕਦਾ ਹੈ।