ਬਿਜਲੀ ਮੰਤਰੀ ਵੱਲੋਂ ਕਿਸਾਨ ਜਥੇਬੰਦੀਆਂ ਨਾਲ ਮੀਟਿੰਗ, ਜ਼ੋਨ ਵਾਰ ਲਵਾਈ ਦਾ ਫਾਰਮੂਲਾ ਅਪਣਾਉਣ ਦੀ ਕੀਤੀ ਅਪੀਲ

Wednesday, May 11, 2022 - 01:54 AM (IST)

ਬਿਜਲੀ ਮੰਤਰੀ ਵੱਲੋਂ ਕਿਸਾਨ ਜਥੇਬੰਦੀਆਂ ਨਾਲ ਮੀਟਿੰਗ, ਜ਼ੋਨ ਵਾਰ ਲਵਾਈ ਦਾ ਫਾਰਮੂਲਾ ਅਪਣਾਉਣ ਦੀ ਕੀਤੀ ਅਪੀਲ

ਚੰਡੀਗੜ੍ਹ (ਰਮਨਜੀਤ)-ਝੋਨੇ ਦੇ ਸੀਜ਼ਨ ਦੇ ਮੱਦੇਨਜਰ ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈ. ਟੀ. ਓ. ਨੇ ਸਪੱਸ਼ਟ ਕੀਤਾ ਕਿ ਭਾਵੇਂ ਦੇਸ਼ ਬਿਜਲੀ ਦੀ ਗੰਭੀਰ ਕਿੱਲਤ ਦਾ ਸਾਹਮਣਾ ਕਰ ਰਿਹਾ ਹੈ ਪਰ ਪੰਜਾਬ ਸਰਕਾਰ ਨੇ ਬਿਜਲੀ ਸਪਲਾਈ ਦੇ ਪੁਖਤਾ ਪ੍ਰਬੰਧ ਕੀਤੇ ਹਨ ਅਤੇ ਅਸੀਂ ਝੋਨੇ ਦੀ ਲਵਾਈ ਦੇ ਸੀਜ਼ਨ ਲਈ ਨਿਰਵਿਘਨ ਸਪਲਾਈ ਯਕੀਨੀ ਬਣਾਉਣ ਲਈ ਪੂਰੀ ਕੋਸ਼ਿਸ਼ ਕਰ ਰਹੇ ਹਾਂ।ਕਿਸਾਨ ਜਥੇਬੰਦੀਆਂ ਨਾਲ ਮੀਟਿੰਗ ਦੌਰਾਨ ਝੋਨੇ ਦੀ ਪੜਾਅਵਾਰ ਲਵਾਈ ਸਬੰਧੀ ਸੁਝਾਏ ਗਏ ਫਾਰਮੂਲੇ ਨੂੰ ਅਪਣਾਉਣ ਦੀ ਅਪੀਲ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਇਸ ਫਾਰਮੂਲੇ ਨੂੰ ਅਪਣਾਉਣ ਨਾਲ ਬਿਜਲੀ ਦੀ ਕਿੱਲਤ ਤੋਂ ਇਲਾਵਾ ਮਜਦੂਰਾਂ ਅਤੇ ਖਾਦ ਦੀ ਘਾਟ ਵਰਗੇ ਹੋਰ ਸਾਰੇ ਮਸਲੇ ਆਪਣੇ-ਆਪ ਹੱਲ ਹੋ ਜਾਣਗੇ।

ਇਹ ਵੀ ਪੜ੍ਹੋ :- ਚੀਨ 'ਚ ਲਾਲ ਆਸਮਾਨ ਦੇਖ ਸਹਿਮੇ ਲੋਕ, ਜਾਣੋ ਖੂਨੀ ਆਸਮਾਨ ਦੀ ਸੱਚਾਈ (ਵੀਡੀਓ)

PunjabKesari

ਉਨ੍ਹਾਂ ਕਿਹਾ ਕਿ ਜੇਕਰ ਕਿਸਾਨਾਂ ਨੂੰ ਇਸ ਸਬੰਧੀ ਕੋਈ ਸ਼ਿਕਾਇਤ ਹੈ ਤਾਂ ਅਸੀਂ ਸੁਖਾਵੇਂ ਹੱਲ ਲਈ ਕਮੇਟੀ ਬਣਾਉਣ ਵਾਸਤੇ ਤਿਆਰ ਹਾਂ। ਉਨ੍ਹਾਂ ਕਿਸਾਨਾਂ ਨੂੰ ਝੋਨੇ ਦੀ ਲਵਾਈ ਦੀ ਰਵਾਇਤੀ ਪ੍ਰਣਾਲੀ ਨੂੰ ਛੱਡ ਕੇ ਸਿੱਧੀ ਬਿਜਾਈ ਕਰਨ ਦਾ ਸੁਝਾਅ ਦਿੰਦਿਆਂ ਕਿਹਾ ਕਿ ਜੇਕਰ ਕਿਸਾਨ ਖੇਤੀ ਮਾਹਿਰਾਂ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨਗੇ ਤਾਂ ਸਿੱਧੀ ਬਿਜਾਈ ਨਾਲ ਝਾੜ ’ਤੇ ਕੋਈ ਅਸਰ ਨਹੀਂ ਪਵੇਗਾ। ਉਨ੍ਹਾਂ ਅੱਗੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਨੇ ਪਹਿਲਾਂ ਹੀ ਸਾਰੇ ਖਪਤਕਾਰਾਂ ਨੂੰ 300 ਯੂਨਿਟ ਬਿਜਲੀ ਪ੍ਰਤੀ ਮਹੀਨਾ ਮੁਫ਼ਤ ਦੇਣ ਦਾ ਐਲਾਨ ਕੀਤਾ ਹੈ ਅਤੇ ਇਹ ਸਹੂਲਤ 1 ਜੁਲਾਈ ਤੋਂ ਮੁਹੱਈਆ ਕਰਵਾਈ ਜਾਵੇਗੀ।

ਇਹ ਵੀ ਪੜ੍ਹੋ :- DRI ਟੀਮ ਵੱਲੋਂ ਸਾਹਨੇਵਾਲ ਵਿਖੇ ਛਾਪੇਮਾਰੀ, ਭਾਰੀ ਮਾਤਰਾ 'ਚ ਨਸ਼ੀਲਾ ਪਦਾਰਥ ਬਰਾਮਦ

PunjabKesari

ਮੰਤਰੀ ਨੇ ਕਿਹਾ ਕਿ ਅਪ੍ਰੈਲ 2022 ਦੇ ਮਹੀਨੇ ਦੌਰਾਨ, ਪੀ. ਐੱਸ. ਪੀ. ਸੀ. ਐੱਲ. ਨੇ 49,117 ਐੱਲ. ਯੂ. (ਔਸਤ ਮੰਗ 6822 ਮੈਗਾਵਾਟ) ਦੀ ਸਪਲਾਈ ਕੀਤੀ ਹੈ, ਜੋ ਕਿ ਅਪ੍ਰੈਲ 2021 ਦੌਰਾਨ ਕੀਤੀ ਗਈ 37,168 ਐੱਲ. ਯੂ. ਸਪਲਾਈ (ਔਸਤ ਮੰਗ 5162 ਮੈਗਾਵਾਟ) ਨਾਲੋਂ 32 ਫੀਸਦ ਵੱਧ ਹੈ। ਇਸੇ ਤਰ੍ਹਾਂ ਮਈ 2021 ਦੌਰਾਨ ਕੀਤੀ ਗਈ 1325 ਐੱਲ. ਯੂ. (ਔਸਤ ਮੰਗ 6467 ਮੈਗਾਵਾਟ) ਸਪਲਾਈ ਦੇ ਮੁਕਾਬਲੇ 9 ਮਈ, 2022 ਤੱਕ 1802 ਐੱਲ. ਯੂ. (ਔਸਤ ਮੰਗ 8932 ਮੈਗਾਵਾਟ) ਦੀ ਸਪਲਾਈ ਕੀਤੀ ਗਈ ਹੈ, ਜੋ ਪਿਛਲੇ ਸਾਲ ਦੇ ਮੁਕਾਬਲੇ 36 ਫੀਸਦ ਵੱਧ ਹਨ। ਪਿਛਲੇ ਸਾਲ ਦਰਜ ਕੀਤੀ ਗਈ 6791 ਮੈਗਾਵਾਟ ਮੰਗ ਦੇ ਮੁਕਾਬਲੇ ਮਈ 2022 ਦੌਰਾਨ 9 ਮਈ, 2022 ਤੱਕ 9441 ਮੈਗਾਵਾਟ ਦੀ ਪੀਕ ਡਿਮਾਂਡ ਦਰਜ ਕੀਤੀ ਗਈ ਹੈ। ਇਸ ਮੌਕੇ ਪੀ. ਐੱਸ. ਪੀ. ਸੀ. ਐੱਲ ਦੇ ਸੀ. ਐੱਮ. ਡੀ. ਬਲਦੇਵ ਸਿੰਘ ਸਰਾਂ ਤੇ ਹੋਰ ਅਧਿਕਾਰੀ ਵੀ ਬੈਠਕ ਵਿਚ ਮੌਜੂਦ ਸਨ।

ਇਹ ਵੀ ਪੜ੍ਹੋ :- ਨਕਲੀ ਪਿਸਤੌਲ ਦੀ ਨੋਕ 'ਤੇ ਖੋਹਣ ਆਇਆ ਸੀ ਕਾਰ, ਮਾਲਕ ਦੀ ਸੂਝ-ਬੂਝ ਨਾਲ ਟਲਿਆ ਹਾਦਸਾ

ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News