ਮੀਂਹ ਦੇ ਵਿਚਕਾਰ ‘ਬਿਜਲੀ ਬੰਦ-ਪ੍ਰੇਸ਼ਾਨੀ ਚਾਲੂ’, ਫਾਲਟ ਦੀਆਂ ਮਿਲੀਆਂ 5500 ਤੋਂ ਵੱਧ ਸ਼ਿਕਾਇਤਾਂ
Saturday, Dec 28, 2024 - 04:03 AM (IST)
ਜਲੰਧਰ (ਪੁਨੀਤ)- ਵੀਰਵਾਰ ਦੀ ਰਾਤ ਨੂੰ ਮੌਸਮ ਖ਼ਰਾਬ ਹੋਣਾ ਸ਼ੁਰੂ ਹੋ ਗਿਆ ਸੀ ਤੇ ਰਾਤ 1 ਵਜੇ ਤੋਂ ਬਾਅਦ ਮੀਂਹ ਪੈਣਾ ਸ਼ੁਰੂ ਹੋ ਗਿਆ। ਸਵੇਰੇ ਕਈ ਇਲਾਕਿਆਂ ਵਿਚ ਬੱਤੀ ਬੰਦ ਦੀਆਂ ਖਬਰਾਂ ਸੁਣਨ ਨੂੰ ਮਿਲੀਆਂ। ਦੁਪਹਿਰ ਦੇ ਸਮੇਂ ਮੀਂਹ ਤੇਜ਼ ਹੋਣ ਤੋਂ ਬਾਅਦ ਸ਼ਿਕਾਇਤਾਂ ਦਾ ਸਿਲਸਿਲਾ ਵੀ ਤੇਜ਼ੀ ਨਾਲ ਵਧਿਆ ਅਤੇ ਸ਼ਾਮ ਤੋਂ ਬਾਅਦ ਸ਼ਿਕਾਇਤਾਂ ਦੀ ਝੜੀ ਲੱਗ ਗਈ।
ਸਰਕਲ ਦੀਆਂ ਵੱਖ-ਵੱਖ ਡਵੀਜ਼ਨਾਂ ਵਿਚ ਦੁਪਹਿਰ ਤਕ ਫਾਲਟ ਠੀਕ ਨਾ ਹੋਣ ਕਾਰਨ ਲੋਕਾਂ ਨੂੰ ਕਾਫੀ ਦਿੱਕਤ ਪੇਸ਼ ਆਈ। ਤੇਜ਼ ਹਵਾਵਾਂ ਕਾਰਨ ਫਾਲਟ ਵਧਣ ਸਬੰਧੀ ਸ਼ਿਕਾਇਤਾਂ ਸੁਣਨ ਨੂੰ ਮਿਲੀਆਂ, ਜਿਨ੍ਹਾਂ ਨੂੰ ਠੀਕ ਕਰਨ ਵਿਚ ਕਰਮਚਾਰੀਆਂ ਨੂੰ ਕਾਫੀ ਜੱਦੋ-ਜਹਿਦ ਕਰਨੀ ਪਈ।
ਦੁਪਹਿਰ ਸਮੇਂ ਵਿਭਾਗ ਨੇ ਅਹਿਤਿਆਤ ਵਜੋਂ ਵੱਖ-ਵੱਖ ਇਲਾਕਿਆਂ ਵਿਚ ਬਿਜਲੀ ਸਪਲਾਈ ਬੰਦ ਕਰ ਦਿੱਤੀ ਤਾਂ ਕਿ ਤੇਜ਼ ਹਵਾਵਾਂ ਕਾਰਨ ਤਾਰਾਂ ਆਪਸ ਵਿਚ ਜੁੜਨ ਨਾਲ ਵੱਡਾ ਫਾਲਟ ਨਾ ਪੈ ਜਾਵੇ। ਹਾਲਾਤ ਸਾਧਾਰਨ ਹੋਣ ’ਤੇ ਵਿਭਾਗ ਵੱਲੋਂ ਜਦੋਂ ਬਿਜਲੀ ਚਾਲੂ ਕੀਤੀ ਗਈ ਤਾਂ ਕਈ ਇਲਾਕਿਆਂ ਵਿਚ ਫਾਲਟ ਕਾਰਨ ਬਿਜਲੀ ਚਾਲੂ ਨਹੀਂ ਹੋ ਸਕੀ।
ਅਜਿਹੇ ਹਾਲਾਤ ਵਿਚ ਲੋਕਾਂ ਨੇ ਸੋਚਿਆ ਕਿ ਮੀਂਹ ਕਾਰਨ ਬਿਜਲੀ ਦੀ ਸਪਲਾਈ ਬੰਦ ਹੈ ਪਰ ਜਦੋਂ ਮੀਂਹ ਰੁਕਣ ਦੇ ਅੱਧੇ ਘੰਟੇ ਤਕ ਸਪਲਾਈ ਚਾਲੂ ਨਾ ਹੋ ਈ ਤਾਂ ਖਪਤਕਾਰਾਂ ਨੇ ਆਪਣੇ ਨੇੜਲੇ ਇਲਾਕਿਆਂ ਵਿਚ ਫੋਨ ਆਦਿ ਕਰ ਕੇ ਬਿਜਲੀ ਦਾ ਸਟੇਟਸ ਪਤਾ ਕੀਤਾ।
ਇਹ ਵੀ ਪੜ੍ਹੋ- ਛੁੱਟੀ 'ਤੇ ਆਏ ਫ਼ੌਜੀ ਨਾਲ ਵਾਪਰ ਗਿਆ ਦਰਦਨਾਕ ਭਾਣਾ, ਰਿਸ਼ਤੇਦਾਰ ਵੀ ਹੋ ਗਏ ਜ਼ਖ਼ਮੀ
ਲੋਕਾਂ ਨੂੰ ਜਦੋਂ ਪਤਾ ਲੱਗਾ ਕਿ ਉਨ੍ਹਾਂ ਦੇ ਇਲਾਕੇ ਵਿਚ ਫਾਲਟ ਦੀ ਵਜ੍ਹਾ ਨਾਲ ਬਿਜਲੀ ਬੰਦ ਹੋਈ ਤਾਂ ਸ਼ਿਕਾਇਤਾਂ ਕਰਨ ਦਾ ਦੌਰ ਸ਼ੁਰੂ ਹੋਇਆ। ਇਸੇ ਸਿਲਸਿਲੇ ਵਿਚ ਸੈਂਕੜੇ ਲੋਕਾਂ ਨੇ ਆਪਣੀਆਂ ਸ਼ਿਕਾਇਤਾਂ ਦਰਜ ਕਰਵਾਈਆਂ ਪਰ ਵਧੇਰੇ ਮੁਹੱਲਿਆਂ ਅਤੇ ਕਈ ਮੁੱਖ ਇਲਾਕਿਆਂ ਵਿਚ ਸ਼ਿਕਾਇਤਾਂ ਦਰਜ ਕਰਵਾਉਣ ਦੇ ਘੰਟਿਆਂ ਬਾਅਦ ਵੀ ਬਿਜਲੀ ਕਰਮਚਾਰੀ ਮੌਕੇ ’ਤੇ ਨਹੀਂ ਪਹੁੰਚੇ, ਜਿਸ ਨਾਲ ਖਪਤਕਾਰਾਂ ਵਿਚ ਗੁੱਸਾ ਦੇਖਣ ਨੂੰ ਮਿਲਿਆ।
ਸ਼ੁਰੂ ਤੋਂ ਲੋਕਾਂ ਦੀ ਇਹੀ ਸ਼ਿਕਾਇਤ ਹੈ ਕਿ ਸਟਾਫ ਸਮੇਂ ’ਤੇ ਮੌਕੇ ’ਤੇ ਨਹੀਂ ਆਉਂਦਾ, ਇਸ ਕਾਰਨ ਜਿਹੜਾ ਫਾਲਟ ਠੀਕ ਹੋਣ ਵਿਚ 1-2 ਘੰਟੇ ਦਾ ਸਮਾਂ ਲੱਗਣਾ ਹੁੰਦਾ ਹੈ, ਉਸ ਵਿਚ ਕਈ ਵਾਰ 4-5 ਘੰਟੇ ਤੋਂ ਵੱਧ ਸਮਾਂ ਲੱਗ ਜਾਂਦਾ ਹੈ। ਕਈ ਇਲਾਕਿਆਂ ਵਿਚ ਲੋਕ ਸ਼ਿਕਾਇਤਾਂ ਕੇਂਦਰਾਂ ਵਿਚ ਪਹੁੰਚੇ ਪਰ ਉਥੇ ਵੀ ਸਟਾਫ ਨਾ ਮਿਲਣ ਦੀਆਂ ਗੱਲਾਂ ਸੁਣਨ ਨੂੰ ਮਿਲੀਆਂ।
ਘੱਟ ਵੋਲਟੇਜ ਤੋਂ ਪ੍ਰੇਸ਼ਾਨ ਰਹੇ ਕਈ ਇਲਾਕਿਆਂ ਦੇ ਲੋਕ
ਜਿਥੇ ਇਕ ਪਾਸੇ ਬਿਜਲੀ ਦੀ ਖਰਾਬੀ ਪ੍ਰੇਸ਼ਾਨੀ ਦਾ ਕਾਰਨ ਬਣੀ, ਉਥੇ ਹੀ ਕਈ ਇਲਾਕਿਆਂ ਵਿਚ ਘੱਟ ਵੋਲਟੇਜ ਦੀ ਸਮੱਸਿਆ ਕਾਰਨ ਲੋਕ ਦਿੱਕਤਾਂ ਉਠਾਉਣ ’ਤੇ ਮਜਬੂਰ ਹੋਏ। ਵੱਖ-ਵੱਖ ਇਲਾਕਿਆਂ ਵਿਚ ਘੱਟ ਵੋਲਟੇਜ ਕਾਰਨ ਬਿਜਲੀ ਦੇ ਉਪਕਰਨ ਚੰਗੀ ਤਰ੍ਹਾਂ ਕੰਮ ਨਹੀਂ ਕਰ ਰਹੇ ਸਨ, ਜਿਸ ਕਾਰਨ ਲੋਕ ਵਾਰ-ਵਾਰ ਸ਼ਿਕਾਇਤਾਂ ਲਿਖਵਾਉਣ ’ਤੇ ਮਜਬੂਰ ਹੋਏ।
ਇਹ ਵੀ ਪੜ੍ਹੋ- ਸੱਸ ਦੇ ਸਸਕਾਰ ਤੋਂ ਆ ਕੇ ਨੌਜਵਾਨ ਨੇ ਚੁੱਕ ਲਿਆ ਖ਼ੌਫ਼ਨਾਕ ਕਦਮ, ਸੁਸਾਈਡ ਨੋਟ ਨੇ ਕਰ'ਤੇ ਸਨਸਨੀਖੇਜ਼ ਖੁਲਾਸੇ
ਰੇਲਵੇ ਕਾਲੋਨੀ ’ਚ 13 ਘੰਟੇ ਬੰਦ ਰਹੀ ਬਿਜਲੀ
ਰੇਲਵੇ ਕਾਲੋਨੀ ਨੰਬਰ 3 ਵਿਚ 13 ਘੰਟੇ ਬਿਜਲੀ ਦਾ ਬੰਦ ਰਹਿਣਾ ਭਾਰੀ ਪ੍ਰੇਸ਼ਾਨੀ ਦਾ ਕਾਰਨ ਬਣਿਆ। ਖਪਤਕਾਰਾਂ ਨੇ ਦੱਸਿਆ ਕਿ ਕਾਲੋਨੀ ਦੇ ਕੁਆਰਟਰਾਂ ਵਿਚ ਸਵੇਰੇ 9 ਵਜੇ ਬਿਜਲੀ ਬੰਦ ਹੋਈ ਸੀ, ਜੋ ਕਿ ਰਾਤ 10 ਵਜੇ ਤਕ ਵੀ ਚਾਲੂ ਨਹੀਂ ਹੋ ਸਕੀ ਸੀ। ਸੈਣੀ ਨੇ ਦੱਸਿਆ ਕਿ ਇਸ ਸਬੰਧ ਵਿਚ ਕਈ ਵਾਰ ਸ਼ਿਕਾਇਤਾਂ ਕੀਤੀਆਂ ਗਈਆਂ ਪਰ ਕੋਈ ਮੌਕੇ ’ਤੇ ਮੁਰੰਮਤ ਲਈ ਨਹੀਂ ਆਇਆ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e