ਕਰਮਚਾਰੀਆਂ ਦੀ ਕਮੀ, ਵਧ ਰਹੇ ਬਿਜਲੀ ਕੱਟ
Friday, Jun 09, 2017 - 08:18 AM (IST)
ਚੰਡੀਗੜ੍ਹ (ਵਿਜੇ) - ਮੌਸਮ ਬਦਲਣ ਦੇ ਨਾਲ ਹੀ ਸਿਟੀ ਬਿਊਟੀਫੁਲ 'ਚ ਰਹਿਣ ਵਾਲੇ ਲੋਕਾਂ ਨੂੰ ਘੰਟਿਆਂ ਤਕ ਲੱਗਣ ਵਾਲੇ ਬਿਜਲੀ ਦੇ ਕੱਟਾਂ ਦਾ ਡਰ ਵੀ ਸਤਾਉਣ ਲੱਗਾ ਹੈ। ਇਸ ਦੀ ਸ਼ੁਰੂਆਤ ਦੋ ਦਿਨ ਪਹਿਲਾਂ ਹੋ ਚੁੱਕੀ ਹੈ। ਕਰਮਚਾਰੀਆਂ ਦੀ ਕਮੀ ਨੇ ਇਸ ਮੁਸ਼ਕਲ ਨੂੰ ਹੋਰ ਵਧਾ ਦਿੱਤਾ ਹੈ। ਮੌਜੂਦਾ ਸਮੇਂ 'ਚ ਬਿਜਲੀ ਵਿਭਾਗ ਕੋਲ ਸਿਰਫ 961 ਕਰਮਚਾਰੀ ਹੀ ਹਨ ਜਦੋਂਕਿ ਸੈਂਕਸ਼ਨ ਪੋਸਟਾਂ 1668 ਹਨ। ਭਾਵ ਇਸ ਸਮੇਂ 707 ਕਰਮਚਾਰੀਆਂ ਦੀ ਕਮੀ ਨਾਲ ਵਿਭਾਗ ਕੰਮ ਚਲਾ ਰਿਹਾ ਹੈ। ਇਨ੍ਹਾਂ 'ਚੋਂ ਜ਼ਿਆਦਾਤਰ ਸਟਾਫ ਲਾਈਨਮੈਨ ਤੇ ਅਸਿਸਟੈਂਟ ਲਾਈਨਮੈਨ ਹਨ।
ਸਰਕਾਰੀ ਅੰਕੜਿਆਂ ਮੁਤਾਬਿਕ ਵਿਭਾਗ 'ਚ ਲਾਈਨਮੈਨ ਦੀਆਂ 253 ਪੋਸਟਾਂ 'ਚੋਂ ਸਿਰਫ 158 ਹੀ ਭਰੀਆਂ ਗਈਆਂ ਹਨ। ਉਥੇ ਹੀ ਅਸਿਸਟੈਂਟ ਲਾਈਨਮੈਨ ਦੀਆਂ ਸੈਂਕਸ਼ਨ ਪੋਸਟਾਂ 625 ਹਨ ਜਦੋਂਕਿ ਇਥੇ ਸਿਰਫ 286 ਕਰਮਚਾਰੀ ਹੀ ਕੰਮ ਕਰ ਰਹੇ ਹਨ। ਭਾਵ ਫੀਲਡ 'ਚ 878 ਕਰਮਚਾਰੀਆਂ ਦੀ ਥਾਂ 434 ਵਰਕਰਾਂ ਨਾਲ ਹੀ ਕੰਮ ਚਲਾਇਆ ਜਾ ਰਿਹਾ ਹੈ। ਇਹੋ ਕਾਰਨ ਹੈ ਕਿ ਕੋਈ ਵੀ ਫਾਲਟ ਆਉਣ 'ਤੇ ਉਸ ਨੂੰ ਠੀਕ ਹੋਣ 'ਚ ਕਈ ਘੰਟੇ ਦਾ ਸਮਾਂ ਲੱਗ ਰਿਹਾ ਹੈ। ਹਾਲਾਂਕਿ ਵਿਭਾਗ ਵਲੋਂ ਇਹ ਮਾਮਲਾ ਜੁਆਇੰਟ ਇਲੈਕਟ੍ਰੀਸਿਟੀ ਰੈਗੂਲੇਟਰੀ ਕਮਿਸ਼ਨ (ਜੇ. ਈ. ਆਰ. ਸੀ.) ਦੇ ਸਾਹਮਣੇ ਵੀ ਚੁੱਕਿਆ ਜਾ ਚੁੱਕਾ ਹੈ।
