PSPCL ਵਲੋਂ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਸਮੇਂ ਸਿਰ ਦਫ਼ਤਰ ਪਹੁੰਚਣ ਦੇ ਨਿਰਦੇਸ਼, ਨਹੀਂ ਤਾਂ ਹੋਵੇਗੀ ਕਾਰਵਾਈ

Thursday, Dec 22, 2022 - 08:44 AM (IST)

PSPCL ਵਲੋਂ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਸਮੇਂ ਸਿਰ ਦਫ਼ਤਰ ਪਹੁੰਚਣ ਦੇ ਨਿਰਦੇਸ਼, ਨਹੀਂ ਤਾਂ ਹੋਵੇਗੀ ਕਾਰਵਾਈ

ਜਲੰਧਰ (ਧਵਨ)- ਪੰਜਾਬ ਪਾਵਰ ਕਾਰਪੋਰੇਸ਼ਨ ਨੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਸਮੇਂ ਸਿਰ ਦਫ਼ਤਰ ਹਾਜ਼ਰ ਹੋਣ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਪਿਛਲੇ ਦਿਨੀਂ ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈ. ਟੀ. ਓ. ਨੇ ਪਟਿਆਲਾ ’ਚ ਇਸ ਮਾਮਲੇ ਨੂੰ ਲੈ ਕੇ ਚੇਅਰਮੈਨ ਬਲਦੇਵ ਸਿੰਘ ਸਰਾਂ, ਬਿਜਲੀ ਸਕੱਤਰ ਤੇਜਵੀਰ ਸਿੰਘ ਅਤੇ ਹੋਰ ਡਾਇਰੈਕਟਰਾਂ ਨਾਲ ਉੱਚ ਪੱਧਰੀ ਮੀਟਿੰਗ ਕੀਤੀ ਸੀ। ਪੰਜਾਬ ਪਾਵਰ ਕਾਰਪੋਰੇਸ਼ਨ ਵਲੋਂ ਅੱਜ ਜਾਰੀ ਕੀਤੇ ਗਏ ਪੱਤਰ ਨੰਬਰ 28158/28668 ’ਚ ਕਿਹਾ ਗਿਆ ਹੈ ਕਿ ਬਿਜਲੀ ਮੰਤਰੀ ਹਰਭਜਨ ਸਿੰਘ ਦੇ ਨਿਰਦੇਸ਼ਾਂ ਨੂੰ ਦੇਖਦੇ ਹੋਏ ਹੁਣ ਪਾਵਰ ਕਾਰਪੋਰੇਸ਼ਨ ਦੇ ਦਫ਼ਤਰਾਂ ’ਚ ਜੇਕਰ ਅਧਿਕਾਰੀ ਤੇ ਕਰਮਚਾਰੀ ਸਮੇਂ ਸਿਰ ਨਹੀਂ ਪਹੁੰਚਦੇ ਤਾਂ ਉਨ੍ਹਾਂ ਖਿਲਾਫ ਕਾਰਪੋਰੇਸ਼ਨ ਵਲੋਂ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ: DGP ਗੌਰਵ ਯਾਦਵ ਦੀ ਨਿਵੇਕਲੀ ਪਹਿਲ, ਨੇਮ ਪਲੇਟ ’ਤੇ ਪੰਜਾਬੀ ’ਚ ਲਿਖਿਆ ਆਪਣਾ ਨਾਂ

ਪੱਤਰ ’ਚ ਲਿਖਿਆ ਹੈ ਕਿ ਦਫ਼ਤਰਾਂ ’ਚ ਸਮੇਂ ਸਿਰ ਹਾਜ਼ਰ ਨਾ ਹੋਣ ਕਾਰਨ ਆਮ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਕਾਰਨ ਪਾਵਰ ਕਾਰਪੋਰੇਸ਼ਨ ਦਾ ਅਕਸ ਖ਼ਰਾਬ ਹੁੰਦਾ ਹੈ। ਪੱਤਰ ’ਚ ਲਿਖਿਆ ਗਿਆ ਹੈ ਕਿ ਹਰੇਕ ਅਧਿਕਾਰੀ ਅਤੇ ਕਰਮਚਾਰੀ ਨੂੰ ਸਵੇਰੇ 9 ਵਜੇ ਆਪਣੀ ਸੀਟ ’ਤੇ ਹਾਜ਼ਰ ਹੋਣਾ ਹੋਵੇਗਾ ਅਤੇ ਆਪਣੇ ਸਬੰਧਤ ਦਫਤਰੀ ਕੰਮਕਾਜ਼ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਪੂਰੇ ਕਰਨੇ ਹੋਣਗੇ। ਜਿਨ੍ਹਾਂ ਦਫ਼ਤਰਾਂ ’ਚ ਸ਼ਿਫ਼ਟ ਡਿਊਟੀਆਂ ’ਚ ਕੰਮ ਹੁੰਦਾ ਹੈ, ਉਨ੍ਹਾਂ ਦਫ਼ਤਰਾਂ ’ਚ ਸ਼ਿਫ਼ਟ ਸ਼ੁਰੂ ਹੋਣ ਤੋਂ ਪਹਿਲਾਂ ਹਾਜ਼ਰੀ ਲਗਵਾਉਣਾ ਯਕੀਨੀ ਬਣਾਇਆ ਜਾਵੇ। ਸਵੇਰੇ 9.30 ਵਜੇ ਤੋਂ ਬਾਅਦ ਦੇਰੀ ਨਾਲ ਆਉਣ ’ਤੇ ਕਰਮਚਾਰੀਆਂ ਦੀ ਅੱਧੇ ਦਿਨ ਦੀ ਛੁੱਟੀ ਲਗਾਈ ਜਾਵੇਗੀ। ਹਾਜ਼ਰੀ ਰਜਿਸਟਰ ’ਚ ਅਧਿਕਾਰੀਆਂ ਅਤੇ ਕਰਮਚਾਰੀਆਂ ਵਲੋਂ ਆਪਣੀ ਹਾਜ਼ਰੀ ਦਰਜ ਕਰਨ ਲਈ ਆਪਣੇ ਦਸਤਖ਼ਤ ਅਤੇ ਦਰਜਾ 4 ਦੇ ਕਰਮਚਾਰੀਆਂ ਦੇ ਮਾਮਲੇ ’ਚ ‘ਹ’ ਅਤੇ ਕਿਸੇ ਕਰਮਚਾਰੀ ਦੀ ਛੁੱਟੀ ਹੋਣ ਦੀ ਸੂਰਤ ’ਚ ‘ਛ’ ਯਾਤਰਾ ’ਤੇ ‘ਡ’ ਲਿਖਣਾ ਲਾਜ਼ਮੀ ਹੋਵੇਗਾ। ਹਾਜ਼ਰੀ ਰਜਿਸਟਰ ’ਚ ਕੋਈ ਵੀ ਜਗ੍ਹਾ ਖਾਲੀ ਨਹੀਂ ਛੱਡੀ ਜਾਵੇਗੀ।

ਇਹ ਵੀ ਪੜ੍ਹੋ: ਕੈਨੇਡਾ 'ਚ ਫਰੀਦਕੋਟ ਦੇ ਗੱਭਰੂ ਨਾਲ ਵਾਪਰਿਆ ਭਾਣਾ, ਮਾਪਿਆਂ ਦੇ ਇਕਲੌਤੇ ਪੁੱਤ ਦੀ ਮੌਤ

ਜੇਕਰ ਵਿਭਾਗ ਅਧੀਨ ਵੱਖ-ਵੱਖ ਸ਼ਾਖਾਵਾਂ ਦਾ ਸਿਰਫ਼ ਇਕ ਹੀ ਅਧਿਕਾਰੀ ਹੈ ਅਤੇ ਉਸ ਅਧੀਨ ਹਾਜ਼ਰੀ ਰਜਿਸਟਰ ਇਕ ਹੀ ਹੋਣਾ ਚਾਹੀਦਾ। ਹਾਜ਼ਰੀ ਰਜਿਸਟਰ ਦੇ ਆਖਰੀ ਕਾਲਮ ’ਚ ਇਹ ਲਿਖਿਆ ਜਾਵੇ ਕਿ ਕਰਮਚਾਰੀ ਵਲੋਂ ਮਹੀਨੇ ’ਚ ਕਿੰਨੀਆਂ ਛੁੱਟੀਆਂ ਲਈਆਂ ਗਈਆਂ ਹਨ ਅਤੇ ਕਿੰਨੀਆਂ ਛੁੱਟੀਆਂ ਬਕਾਇਆ ਹਨ। ਦੁਪਹਿਰ ਦੇ ਖਾਣੇ ਦਾ ਸਮਾਂ ਦੁਪਹਿਰ 1.30 ਤੋਂ 2.00 ਵਜੇ ਤੱਕ ਨਿਰਧਾਰਿਤ ਕੀਤਾ ਗਿਆ ਹੈ। ਇਸ ਤੋਂ ਬਾਅਦ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਤੁਰੰਤ ਆਪਣੇ ਦਫ਼ਤਰ ’ਚ ਹਾਜ਼ਰ ਹੋਣਾ ਪਵੇਗਾ। ਹਾਜ਼ਰੀ ਰਜਿਸਟਰ ਦੇ ਨਾਲ ਇਕ ਬਾਹਰੀ ਯਾਤਰਾ ਰਜਿਸਟਰ ਵੀ ਲਗਾਇਆ ਜਾਵੇਗਾ ਜਿਸ ’ਚ ਇਹ ਲਿਖਿਆ ਜਾਵੇਗਾ ਕਿ ਜੇਕਰ ਕਿਸੇ ਅਧਿਕਾਰੀ ਜਾਂ ਕਰਮਚਾਰੀ ਨੂੰ ਫੀਲਡ ’ਚ ਜਾਣਾ ਪੈਂਦਾ ਹੈ ਤਾਂ ਉਸ ਬਾਰੇ ਰਜਿਸਟਰ ’ਚ ਐਂਟਰੀ ਹੋਣੀ ਚਾਹੀਦੀ ਹੈ। ਪਾਵਰ ਕਾਰਪੋਰੇਸ਼ਨ ਵਲੋਂ ਜਾਰੀ ਨੋਟੀਫਿਕੇਸ਼ਨ ਨੂੰ ਸਾਰੇ ਪਾਵਰ ਕਾਰਪੋਰੇਸ਼ਨ ਦਫ਼ਤਰਾਂ ’ਚ ਕਾਰਵਾਈ ਲਈ ਭੇਜ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ: ਜਬਰ-ਜ਼ਿਨਾਹ ਮਾਮਲੇ 'ਚ ਸਿਮਰਜੀਤ ਬੈਂਸ ਨੂੰ ਹਾਈ ਕੋਰਟ ਤੋਂ ਨਹੀਂ ਮਿਲੀ ਰਾਹਤ; ਸੁਣਵਾਈ 4 ਜਨਵਰੀ ਤਕ ਮੁਲਤਵੀ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News