ਬਿਜਲੀ ਸਮਝੌਤਿਆਂ ’ਤੇ ਬਿਕਰਮ ਮਜੀਠੀਆ ਦਾ ਵੱਡਾ ਬਿਆਨ, ਮੁੱਖ ਮੰਤਰੀ ਚੰਨੀ ਨੂੰ ਕੀਤਾ ਚੈਲੰਜ
Wednesday, Nov 17, 2021 - 06:27 PM (IST)

ਚੰਡੀਗੜ੍ਹ : ਚਰਨਜੀਤ ਚੰਨੀ ਸਰਕਾਰ ਵਲੋਂ ਬਿਜਲੀ ਸਮਝੌਤੇ ਰੱਦ ਕਰਨ ਨੂੰ ਲੈ ਕੇ ਕੀਤੇ ਜਾ ਰਹੇ ਪ੍ਰਚਾਰ ’ਤੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਵੱਡਾ ਹਮਲਾ ਬੋਲਿਆ ਹੈ। ਮਜੀਠੀਆ ਨੇ ਕਿਹਾ ਕਿ ਚਿੰਨੀ ਸਰਕਾਰ ਦੱਸੇ ਕਿ ਉਨ੍ਹਾਂ ਕਿਹੜੇ ਬਿਜਲੀ ਸਮਝੌਤੇ ਰੱਦ ਕੀਤੇ ਹਨ। ਪੰਜਾਬ ਸਰਕਾਰ ਨੇ ਮਹਿਜ਼ ਵਾਈਟ ਪੇਪਰ ਜਾਰੀ ਕੀਤਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਚੰਨੀ ਝੂਠ ਬੋਲਣ ਤੋਂ ਇਲਾਵਾ ਹੋਰ ਕੁੱਝ ਨਹੀਂ ਬੋਲ ਰਹੇ ਹਨ। ਚੰਡੀਗੜ੍ਹ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮਜੀਠੀਆ ਨੇ ਚੰਨੀ ਨੂੰ ਚੈਲੰਜ ਕੀਤਾ ਕਿ ਜੇਕਰ ਪੰਜਾਬ ਸਰਕਾਰ ਨੇ 17 ਰੁਪਏ 91 ਪੈਸੇ ਦੀ ਇਕ ਵੀ ਸੋਲਰ ਦੀ ਪੇਮੈਂਟ ਕੀਤੀ ਹੈ ਤਾਂ ਉਹ ਸਾਬਤ ਕਰਕੇ ਦਿਖਾਵੇ। ਮਜੀਠੀਆ ਨੇ ਕਿਹਾ ਕਿ ਜੇਕਰ ਇਹ ਸੱਚ ਹੈ ਤਾਂ ਮੈਂ ਵਿਧਾਨ ਸਭਾ ’ਚੋਂ ਅਸਤੀਫਾ ਦੇ ਦਿਆਂਗਾ ਅਤੇ ਚੋਣ ਨਹੀਂ ਲੜਾਂਗਾ ਪਰ ਜੇ ਇਹ ਸੱਚ ਨਹੀਂ ਹੈ ਤਾਂ ਢੋਂਗੀ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ।
ਇਹ ਵੀ ਪੜ੍ਹੋ : ਵਿਧਾਨ ਸਭਾ ਚੋਣਾਂ ਲਈ ਟਿਕਟਾਂ ਦੀ ਵੰਡ ਨੂੰ ਲੈ ਕੇ ਨਵਜੋਤ ਸਿੱਧੂ ਦਾ ਵੱਡਾ ਬਿਆਨ
ਮਜੀਠੀਆ ਨੇ ਕਿਹਾ ਕਿ ਪੰਜਾਬ ਸਰਕਾਰ ਕੋਲ ਬਿਜਲੀ ਸਮਝੌਤਿਆਂ ਨੂੰ ਰੱਦ ਕਰਨ ਦੀ ਤਾਕਤ ਹੀ ਨਹੀਂ ਹੈ। ਜਦਕਿ ਪੰਜਾਬ ਸਰਕਾਰ ਨੇ ਸਿਰਫ ਵਿਧਾਨ ਸਭਾ ਵਿਚ ਡਰਾਮਾ ਕੀਤਾ ਅਤੇ ਪਵਿੱਤਰ ਸਦਨ ਵਿਚ ਮੁੱਖ ਮੰਤਰੀ ਅਤੇ ਠੋਕੋ ਤਾਲੀ ਨੇ ਝੂਠ ਬੋਲਣ ਤੋਂ ਇਲਾਵਾ ਹੋਰ ਕੁੱਝ ਨਹੀਂ ਕੀਤਾ। ਇਸ ਦੌਰਾਨ ਨਵਜੋਤ ਸਿੱਧੂ ਦਾ ਨਾਂ ਲਏ ਬਿਨਾਂ ਉਨ੍ਹਾਂ ਕਿਹਾ ਕਿ ਉਹ ਥੁੱਕ ਕੇ ਚੱਟ ਕੇ ਪ੍ਰਧਾਨਗੀ ਵੱਲ ਮੁੜੇ ਹਨ। ਮਜੀਠੀਆ ਨੇ ਕਿਹਾ ਕਿ ਬਿਜਲੀ ਸਮਝੌਤਿਆਂ ਨੂੰ ਪੰਜਾਬ ਦੀ ਵਿਧਾਨ ਸਭਾ ਰੱਦ ਨਹੀਂ ਕਰ ਸਕਦੀ ਹੈ ਅਤੇ ਨਾ ਹੀ ਸਰਕਾਰ ਕੋਲ ਤਾਕਤ ਹੈ। ਉਨ੍ਹਾਂ ਕਿਹਾ ਕਿ ਜੇ ਰੱਦ ਕਰਨਾ ਸੀ ਤਾਂ ਕੈਬਨਿਟ ’ਚ ਫ਼ੈਸਲਾ ਕਰਦੇ।
ਇਹ ਵੀ ਪੜ੍ਹੋ : ਕੈਨੇਡਾ ਜਾਣ ਦੀ ਤਾਂਘ ’ਚ ਟੁੱਟੀਆਂ ਆਸਾਂ, ਆਈਲੈਟਸ ਪਾਸ ਨਾ ਹੋਣ ’ਤੇ 19 ਸਾਲਾ ਕੁੜੀ ਨੇ ਕੀਤੀ ਖ਼ੁਦਕੁਸ਼ੀ
ਮਜੀਠੀਆ ਨੇ ਕਿਹਾ ਕਿ ਅੱਜ ਕਿਸਾਨ ਮਰ ਰਿਹਾ ਹੈ, ਕੱਚਾ ਮੁਲਾਜ਼ਮ ਸੜਕਾਂ ’ਤੇ ਸੰਘਰਸ਼ ਕਰ ਰਿਹਾ ਹੈ, ਪੰਜਾਬ ਦਾ ਹਰ ਵਰਗ ਦੁਖੀ ਹੈ ਪਰ ਪੰਜਾਬ ਦਾ ਮੁੱਖ ਮੰਤਰੀ ਫੋਟੋਸ਼ੂਟ ਕਰਵਾਉਣ ਵਿਚ ਰੁੱਝਿਆ ਹੋਇਆ ਹੈ ਅਤੇ ਡਰਾਮੇਬਾਜ਼ੀ ਕਰਕੇ ਡੰਗ ਟਪਾ ਰਿਹਾ ਹੈ। ਪਹਿਲਾਂ ਕੈਪਟਨ ਨੇ ਝੂਠ ਬੋਲਿਆ ਅਤੇ ਹੁਣ ਚੰਨੀ ਬੋਲ ਰਿਹਾ ਹੈ, ਸਿਰਫ ਅਲੀ ਬਾਬਾ ਬਦਲਿਆ ਹੈ ਜਦਕਿ 40 ਚੋਰ ਉਹੀ ਹਨ।
ਇਹ ਵੀ ਪੜ੍ਹੋ : 20 ਨੂੰ ਮੋਗਾ ਆਉਣਗੇ ਅਰਵਿੰਦ ਕੇਜਰੀਵਾਲ, ਸੋਨੂੰ ਸੂਦ ਨਾਲ ਕਰ ਸਕਦੇ ਹਨ ਮੀਟਿੰਗ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?