ਭਿਆਨਕ ਬੀਮਾਰੀ ਦੀ ਲਪੇਟ ''ਚ ਆਇਆ ਇਹ ਪਿੰਡ, ਦਹਿਸ਼ਤ ''ਚ ਹਨ ਲੋਕ (ਤਸਵੀਰਾਂ)

Wednesday, Jul 12, 2017 - 03:05 PM (IST)

ਗੋਰਾਇਆ(ਮੁਨੀਸ਼)— ਪਿੰਡ ਸਰਗੁੰਦੀ ਦੇ ਲੋਕ ਇਨੀਂ ਦਿਨੀਂ ਭਿਆਨਕ ਬੀਮਾਰੀ ਦੀ ਲਪੇਟ 'ਚ ਆਏ ਹੋਏ ਹਨ। ਜਿਸ ਦਾ ਕਾਰਨ ਉਹ ਪਿੰਡ ਦੇ ਨਾਲ ਨਹਿਰ ਦੇ ਕੋਲ ਨਵੇਂ ਬਣੇ ਇਕ ਪੋਲਟਰੀ ਫਾਰਮ ਨੂੰ ਦੱਸ ਰਹੇ ਹਨ। ਗੁਸੇ 'ਚ ਆਏ ਪਿੰਡ ਵਾਲਿਆਂ ਨੇ ਮੰਗਲਵਾਰ ਨੂੰ ਪੋਲਟਰੀ ਫਾਰਮ ਦੇ ਬਾਹਰ ਧਰਨਾ ਲਗਾ ਦਿੱਤਾ ਅਤੇ ਨਾਅਰੇਬਾਜ਼ੀ ਕਰਦੇ ਹੋਏ ਪੋਲਟਰੀ ਫਾਰਮ ਨੂੰ ਇਥੋਂ ਉਠਵਾਉਣ ਦੀ ਮੰਗ ਕੀਤੀ ਹੈ। ਪਿੰਡ ਵਾਸੀਆਂ ਨੇ ਕਿਹਾ ਕਿ ਜਿਸ ਜਗ੍ਹਾ 'ਤੇ ਪੋਲਟਰੀ ਫਾਰਮ ਖੋਲ੍ਹਿਆ ਗਿਆ ਹੈ, ਉਥੇ ਫੀਡ ਦੀ ਫੈਕਟਰੀ ਲਗਾਉਣ ਦੀ ਗੱਲ ਪਿੰਡ ਵਾਸੀਆਂ ਨੂੰ ਕਹੀ ਗਈ ਸੀ ਪਰ ਇਥੇ ਪੋਲਟਰੀ ਫਾਰਮ ਖੋਲ ਦਿੱਤਾ ਗਿਆ ਹੈ। ਇਥੇ ਨਾ ਤਾਂ ਅੰਦਰ ਵਧੀਆ ਢੰਗ ਨਾਲ ਸਫਾਈ ਕਰਵਾਈ ਜਾਂਦੀ ਹੈ ਅਤੇ ਨਾ ਹੀ ਬਾਹਰ ਜਿਸ ਕਾਰਨ ਨੇੜੇ ਦੇ 3-4 ਪਿੰਡਾਂ ਦੇ ਦਰਜਨ ਨੌਜਵਾਨ ਬੱਚੇ ਬੀਮਾਰੀ ਦੀ ਲਪੇਟ 'ਚ ਆ ਗਏ ਹਨ। 
ਉਨ੍ਹਾਂ ਨੇ ਕਿਹਾ ਕਿ ਇਸ ਦੀ ਸ਼ਿਕਾਇਤ ਡੀ. ਸੀ. ਨਾਲ ਕੀਤੀ ਜਾਵੇਗੀ ਅਤੇ ਬੁੱਧਵਾਰ ਤੋਂ ਪੋਲਟਰੀ ਫਾਰਮ ਦੇ ਬਾਹਰ ਪੱਕੇ ਤੌਰ 'ਤੇ ਧਰਨਾ ਲਗਾਇਆ ਜਾਵੇਗਾ। ਜਦੋਂ ਤੱਕ ਇਸ ਫਾਰਮ ਹਾਊਸ ਨੂੰ ਇਥੋਂ ਬੰਦ ਨਹੀਂ ਕੀਤਾ ਜਾਂਦਾ, ਉਦੋਂ ਤੱਕ ਧਰਨਾ ਖਤਮ ਨਹੀਂ ਕੀਤਾ ਜਾਵੇਗਾ। ਇਸ ਸੰਬੰਧੀ ਪੋਲਟਰੀ ਫਾਰਮ ਲਈ ਜੀ. ਐੱਮ. ਪੰਕਜ ਦਾ ਕਹਿਣਾ ਹੈ ਕਿ ਉਹ ਅੱਜ ਬਾਹਰ ਹਨ। ਇਥੇ ਪੋਲਟਰੀ ਫਾਰਮ ਦੀ ਹੀ ਇਜਾਜ਼ਤ ਲਈ ਗਈ ਹੈ। ਬਰਸਾਤ ਦੇ ਮੌਸਮ ਕਾਰਨ ਬਦਬੂ ਫੈਲ ਗਈ ਹੈ, ਉਹ ਫਾਰਮ ਹਾਊਸ ਦੀ ਜਲਦੀ ਹੀ ਸਫਾਈ ਕਰਵਾ ਦੇਣਗੇ। ਬੁੱਧਵਾਰ ਸ਼ਾਮ ਨੂੰ ਪਿੰਡ ਵਾਸੀਆਂ ਨਾਲ ਮੀਟਿੰਗ ਰੱਖੀ ਗਈ ਹੈ ਅਤੇ ਉਮੀਦ ਹੈ ਕਿ ਮਾਮਲਾ ਹੱਲ ਕਰ ਲਿਆ ਜਾਵੇਗਾ।


Related News