ਹੁਣ ਸਿਰਫ ਸਬਜ਼ੀਆਂ ''ਚ ਹੀ ਨਹੀਂ ਪੈਣਗੇ ਆਲੂ, ਹੋਈ ਨਵੀਂ ਖੋਜ
Thursday, Jan 10, 2019 - 03:42 PM (IST)

ਜਲੰਧਰ— ਜ਼ਿਆਦਾਤਰ ਆਲੂਆਂ ਦੀ ਵਰਤੋਂ ਸਬਜ਼ੀ ਅਤੇ ਸਮੋਸੇ 'ਚ ਹੀ ਹੁੰਦੀ ਹੈ ਪਰ ਹੁਣ ਆਲੂਆਂ ਨੂੰ ਇਕ ਨਵੀਂ ਪਛਾਣ ਮਿਲਣ ਜਾ ਰਹੀ ਹੈ ਕਿਉਂਕਿ ਹੁਣ ਆਲੂ ਦੇ ਕੁਕੀਜ਼ ਤੋਂ ਲੈ ਕੇ ਸੂਜੀ ਤੱਕ ਕਈ ਪ੍ਰੋਡਕਟ ਬਣਾਏ ਜਾਣਗੇ। ਦਰਅਸਲ, ਜਲੰਧਰ ਸਥਿਤੀ ਐਗਰੀ ਬਿਜ਼ਨੈੱਸ ਇੰਕੁਬੇਟਰ, ਆਈ. ਸੀ. ਏ. ਆਰ-ਸੈਂਟਰਲ ਪੋਟੈਟੋ ਰਿਸਰਚ ਸਟੇਸ਼ਨ ਬਾਦਸ਼ਾਪੁਰ ਨੇ ਇਕ ਨਵੀਂ ਖੋਜ ਕੀਤੀ ਹੈ। ਇਸ ਸੈਂਟਰ 'ਚ ਆਲੂ ਦੀਆਂ ਵੱਖ-ਵੱਖ ਚੀਜ਼ਾਂ ਤਿਆਰ ਕੀਤੀਆਂ ਜਾਂਦੀਆਂ ਹਨ, ਜਿਵੇਂ ਆਲੂ ਦੀਆਂ ਸੇਵੀਆਂ, ਡੀਹਾਈਡਰੇਟਡ ਆਲੂ ਕਿਊਬ ਏਨਾ ਹੀ ਨਹੀਂ ਵੱਖ-ਵੱਖ ਵਰਤੋਂ ਲਈ ਆਲੂ ਦਾ ਆਟਾ ਵੀ ਤਿਆਰ ਕੀਤਾ ਜਾਂਦਾ ਹੈ, ਜਿਸ ਨੂੰ 9 ਮਹੀਨਿਆਂ ਤੱਕ ਰੱਖਿਆ ਜਾ ਸਕਦਾ ਹੈ।
ਖਾਸ ਗੱਲ ਇਹ ਹੈ ਕਿ ਇਸ ਨੂੰ ਸਾਂਭਣ ਲਈ ਕੋਲਡ ਸਟੋਰੇਜ ਦੀ ਲੋੜ ਨਹੀਂ। ਹੋਰ ਤਾਂ ਹੋਰ ਜਿਨ੍ਹਾਂ ਲੋਕਾਂ ਨੂੰ ਕਣਕ ਦੀ ਐਲਰਜੀ ਹੈ ਉਹ ਇਸ ਨੂੰ ਆਸਾਨੀ ਨਾਲ ਇਸਤੇਮਾਲ ਕਰ ਸਕਦੇ ਹਨ। ਇਥੇ ਹੀ ਬੱਸ ਨਹੀਂ, ਆਲੂ ਤੋਂ ਕੁਕੀਜ਼ ਵੀ ਤਿਆਰ ਹੋ ਰਹੇ ਹਨ, ਜੋ ਪੂਰੀ ਤਰ੍ਹਾਂ ਆਲੂਆਂ ਤੋਂ ਬਣੇ ਹਨ। ਇਸ ਤਰ੍ਹਾਂ ਹੁਣ ਤੁਸੀਂ 100 % ਅੰਡਾ ਰਹਿਤ, ਕੈਲਸ਼ੀਅਮ, ਪੋਟਾਸ਼ੀਅਮ ਅਤੇ ਫਾਈਬਰ 'ਚ ਭਰਪੂਰ ਕੁਕੀਜ਼ ਦਾ ਮਜ਼ਾ ਵੀ ਲੈ ਸਕਦੇ ਹੋ। ਇਸ ਖੋਜ ਨਾਲ ਆਲੂ ਉਤਪਾਦਕਾਂ ਨੂੰ ਵੀ ਭਰਪੂਰ ਲਾਭ ਮਿਲੇਗਾ। ਆਲੂ ਦੇ ਡਿੱਗ ਰਹੇ ਮੁੱਲ ਕਾਰਨ ਕਿਸਾਨ ਕਾਫੀ ਪਰੇਸ਼ਾਨ ਸਨ। ਪੰਜਾਬ 'ਚ ਮੁੱਖ ਆਲੂ ਉਦਪਾਦਕ ਜ਼ਿਲਾ ਜਲੰਧਰ ਦੇ ਕਿਸਾਨਾਂ ਨੂੰ ਲਗਾਤਾਰ ਤੀਜੀ ਵਾਰ ਰਗੜਾ ਲੱਗਾ ਹੈ ਪਰ ਹੁਣ ਕਿਸਾਨਾਂ ਨੂੰ ਆਲੂਆਂ ਦੀ ਚੰਗੀ ਕੀਮਤ ਮਿਲਣ ਦੀ ਆਸ ਬੱਝੀ ਹੈ।