ਸਿਹਤ ਵਿਭਾਗ ’ਚ ਜਲਦ ਨਿਕਲਣਗੀਆਂ ਆਸਾਮੀਆਂ, ਕੈਬਨਿਟ ਮੰਤਰੀ ਨੇ ਦਿੱਤਾ ਅਹਿਮ ਬਿਆਨ
Wednesday, Jul 05, 2023 - 01:45 AM (IST)
 
            
            ਚੰਡੀਗੜ੍ਹ (ਬਿਊਰੋ) : ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਅੱਜ ਇਥੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਦੂਰਅੰਦੇਸ਼ ਸੋਚ ਅਨੁਸਾਰ ਸੂਬਾ ਸਰਕਾਰ ਰੁਜ਼ਗਾਰ ਦੇ ਖੇਤਰ ’ਚ ਪੰਜਾਬ ਨੂੰ ਇਕ ਮਿਸਾਲੀ ਮਾਡਲ ਵਜੋਂ ਉਭਾਰਨ ’ਚ ਕੋਈ ਕਸਰ ਬਾਕੀ ਨਹੀਂ ਛੱਡੇਗੀ। ਇਸੇ ਵਚਨਬੱਧਤਾ ਤਹਿਤ ਸਿਹਤ ਵਿਭਾਗ ਸੂਬੇ ਦੇ ਨੌਜਵਾਨਾਂ ਲਈ ਰੁਜ਼ਗਾਰ ਦੇ ਹੋਰ ਵਧੇਰੇ ਮੌਕੇ ਪੈਦਾ ਕਰਨ ਵਾਸਤੇ ਨਵੀਆਂ ਆਸਾਮੀਆਂ ਦਾ ਇਸ਼ਤਿਹਾਰ ਦੇਣ ਲਈ ਪੂਰੀ ਤਰ੍ਹਾਂ ਤਿਆਰ ਹੈ।
ਇਹ ਖ਼ਬਰ ਵੀ ਪੜ੍ਹੋ : ਪਬਜੀ ਰਾਹੀਂ ਦੋਸਤੀ, ਫਿਰ ਪਿਆਰ, 4 ਬੱਚਿਆਂ ਨੂੰ ਲੈ ਕੇ ਭਾਰਤ ਪਹੁੰਚੀ ਪਾਕਿਸਤਾਨੀ ਔਰਤ
ਡਾ. ਬਲਬੀਰ ਸਿੰਘ, ਸਿਹਤ ਵਿਭਾਗ ਦੇ ਡਾਇਰੈਕਟੋਰੇਟ ਦਫ਼ਤਰ ਵਿਖੇ ਵਿਭਾਗ ਦੀਆਂ ਕਰਮਚਾਰੀ ਯੂਨੀਅਨਾਂ ਨਾਲ ਉਨ੍ਹਾਂ ਦੀਆਂ ਸ਼ਿਕਾਇਤਾਂ ਨੂੰ ਧਿਆਨਪੂਰਵਕ ਸਮਝਣ ਲਈ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ। ਇਸ ਮੀਟਿੰਗ ਵਿਚ ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ ਡਾ. ਆਦਰਸ਼ਪਾਲ ਕੌਰ, ਡਾਇਰੈਕਟਰ ਸਿਹਤ ਸੇਵਾਵਾਂ (ਐੱਫ.ਡਬਲਿਊ.) ਡਾ. ਰਵਿੰਦਰਪਾਲ ਕੌਰ ਅਤੇ ਡਾਇਰੈਕਟਰ ਈ.ਐੱਸ.ਆਈ. ਡਾ. ਸੀਮਾ ਵੀ ਹਾਜ਼ਰ ਸਨ।
ਇਹ ਖ਼ਬਰ ਵੀ ਪੜ੍ਹੋ : ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦੀਆਂ ਵਧੀਆਂ ਮੁਸ਼ਕਿਲਾਂ, ਅੱਜ ਵਿਜੀਲੈਂਸ ਅੱਗੇ ਮੁੜ ਹੋਣਾ ਪਵੇਗਾ ਪੇਸ਼
ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਨੂੰ ਹੱਲ ਕਰਨ ਵਿਚ ਅਸਫ਼ਲ ਰਹੀਆਂ ਹਨ, ਜਿਸ ਕਾਰਨ ਮੁਲਾਜ਼ਮਾਂ ਵਿਚ ਵੱਡੇ ਪੱਧਰ ’ਤੇ ਬੇਚੈਨੀ ਪੈਦਾ ਹੋਈ ਹੈ। ਸਿਹਤ ਮੰਤਰੀ ਨੇ ਕਿਹਾ ਕਿ ਉਹ ਕਰਮਚਾਰੀ ਯੂਨੀਅਨਾਂ ਨਾਲ ਮੀਟਿੰਗਾਂ ਕਰ ਰਹੇ ਹਨ ਤਾਂ ਜੋ ਮੁਲਾਜ਼ਮਾਂ ਦੀਆਂ ਸ਼ਿਕਾਇਤਾਂ ਨੂੰ ਧਿਆਨਪੂਰਵਕ ਸਮਝਿਆ ਜਾ ਸਕੇ ਅਤੇ ਸਮਾਂਬੱਧ ਢੰਗ ਨਾਲ ਸੁਚੱਜਾ ਹੱਲ ਕੱਢਿਆ ਜਾ ਸਕੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਨੂੰ ਪੂਰਾ ਕਰਨ ਲਈ ਵਚਨਬੱਧ ਹੈ।
ਉਨ੍ਹਾਂ ਮੁਲਾਜ਼ਮਾਂ ਨੂੰ ਈਮਾਨਦਾਰੀ ਤੇ ਤਨਦੇਹੀ ਨਾਲ ਕੰਮ ਕਰਨ ਲਈ ਕਿਹਾ ਤਾਂ ਜੋ ਆਮ ਲੋਕਾਂ ਨੂੰ ਸਿਹਤ ਸੇਵਾਵਾਂ ਲੈਣ ’ਚ ਕਿਸੇ ਕਿਸਮ ਦੀ ਕੋਈ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਮੰਤਰੀ ਨੇ ਮੁਲਾਜ਼ਮਾ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਆਪਣੀਆਂ ਮੰਗਾਂ ਦੀ ਪੂਰਤੀ ਲਈ ਕਿਸੇ ਵੀ ਤਰ੍ਹਾਂ ਦੇ ਅੰਦੋਲਨ ਦਾ ਸਹਾਰਾ ਨਾ ਲੈਣ ਕਿਉਂਕਿ ਸਰਕਾਰ ਪੂਰੀ ਸੁਹਿਰਦਤਾ ਨਾਲ ਸਾਰੇ ਸਬੰਧਤ ਮਸਲਿਆਂ ਦੇ ਹੱਲ ਲਈ ਸਰਗਰਮੀ ਨਾਲ ਕੰਮ ਕਰ ਰਹੀ ਹੈ। ਇਸ ਲਈ ਲੋਕਾਂ ਦੀ ਸਿਹਤ ਨੂੰ ਦਾਅ ’ਤੇ ਲਾ ਕੇ ਅਜਿਹੇ ਹੱਥਕੰਡੇ ਵਰਤ ਕੇ ਸਰਕਾਰ ’ਤੇ ਦਬਾਅ ਬਣਾਉਣਾ ਵਾਜਿਬ ਨਹੀਂ ਹੈ।
ਇਸ ਮੀਟਿੰਗ ਵਿਚ ਫਾਰਮੇਸੀ ਆਫ਼ਿਸਰਜ਼ ਐਸੋਸੀਏਸ਼ਨ, ਮਲਟੀਪਰਪਜ਼ ਹੈਲਥ ਇੰਪਲਾਈਜ਼ ਯੂਨੀਅਨ, ਕੰਟਰੈਕਟ ਸਟਾਫ ਨਰਸ ਯੂਨੀਅਨ, ਓਪਥੈਲਮਿਕ ਆਫ਼ਿਸਰਜ਼ ਯੂਨੀਅਨ, ਏ.ਐੱਨ.ਐੱਮ. ਯੂਨੀਅਨ, ਸਟੈਨੋ ਟਾਈਪਿਸਟ ਯੂਨੀਅਨ, ਸਟੈਟਿਸਟੀਕਲ ਅਸਿਸਟੈਂਟ ਯੂਨੀਅਨ, ਵਾਰਡ ਅਟੈਂਡੈਂਟ ਯੂਨੀਅਨ, ਐੱਮ.ਐੱਲ.ਟੀ. ਯੂਨੀਅਨ, ਪੀ.ਐੱਚ.ਐੱਸ.ਸੀ. ਇੰਜੀਨੀਅਰਜ਼ ਯੂਨੀਅਨ, ਕੋਵਿਡ ਵਾਰੀਅਰਜ਼ ਯੂਨੀਅਨ, ਰਜਿੰਦਰਾ ਮੈਡੀਕਲ ਕਾਲਜ ਆਊਟਸੋਰਸਡ ਇੰਪਲਾਈਜ਼ ਯੂਨੀਅਨ ਦੇ ਨੁਮਾਇੰਦੇ ਵੀ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਯੂਨੀਅਨ ਆਗੂਆਂ ਨੇ ਸਿਹਤ ਮੰਤਰੀ ਦੇ ਇਸ ਉਪਰਾਲੇ ’ਤੇ ਤਸੱਲੀ ਪ੍ਰਗਟਾਈ ਕਿ ਉਨ੍ਹਾਂ ਨੇ ਖੁਦ ਮੁਲਾਜ਼ਮ ਜਥੇਬੰਦੀਆਂ ਨੂੰ ਬੁਲਾ ਕੇ ਉਨ੍ਹਾਂ ਦੀਆਂ ਸ਼ਿਕਾਇਤਾਂ ਨੂੰ ਹਮਦਰਦੀ ਨਾਲ ਸੁਣਿਆ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            