ਪਿਸਤੌਲ ਦੀ ਨੋਕ ’ਤੇ ਲੁੱਟਿਆ ਡਾਕੀਆ, ਗਿਰੋਹ ਦੇ ਚਾਰ ਮੈਂਬਰ ਕਾਬੂ

08/14/2021 8:35:26 PM

ਫ਼ਿਰੋਜ਼ਪੁਰ(ਕੁਮਾਰ,ਹਰਚਰਨ ਸਿੰਘ,ਬਿੱਟੂ)- ਹਥਿਆਰਾਂ ਦੀ ਨੋਕ ’ਤੇ ਲੁੱਟ ਖੋਹ ਕਰਨ ਵਾਲੇ ਗਿਰੋਹ ਦੇ 4 ਮੈਂਬਰਾਂ ਨੂੰ ਐੱਸ. ਐੱਚ. ਓ. ਇੰਸਪੈਕਟਰ ਅਭਿਨਵ ਚੌਹਾਨ ਅਤੇ ਏ. ਐੱਸ. ਆਈ. ਵਿਨੋਦ ਕੁਮਾਰ ਦੀ ਅਗਵਾਈ ਹੇਠ ਥਾਣਾ ਕੁਲਗੜ੍ਹੀ ਦੀ ਪੁਲਸ ਨੇ ਗ੍ਰਿਫਤਾਰ ਕੀਤਾ ਹੈ। ਇਹ ਜਾਣਕਾਰੀ ਦਿੰਦੇ ਹੋਏ ਐੱਸ. ਐੱਸ. ਪੀ. ਫਿਰੋਜ਼ਪੁਰ ਭਗੀਰਥ ਸਿੰਘ ਮੀਨਾ ਨੇ ਦੱਸਿਆ ਕਿ 10 ਅਗਸਤ ਨੂੰ ਮੱਲਵਾਲ ਤੋਂ ਬਸਤੀ ਬਾਜ ਸਿੰਘ ਵਾਲੀ ਵੱਲ ਜਾਂਦੀ ਸੜਕ ’ਤੇ ਦੋ ਨਕਾਬਪੋਸ਼ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਦੇਸੀ ਕੱਟਾ ਪਿਸਤੌਲ ਦੀ ਨੋਕ ’ਤੇ ਪੋਸਟ ਆਫਿਸ ਵਿਭਾਗ ਦੇ ਆਰਜ਼ੀ ਤੌਰ ’ਤੇ ਨੌਕਰੀ ਕਰਦੇ ਡਾਕੀਏ ਇਮਾਨੁਏਲ ਪੁੱਤਰ ਜਾਰਜ ਮਸੀਹ ਵਾਸੀ ਇੰਦਰਾ ਕਾਲੋਨੀ ਫਿਰੋਜ਼ਪੁਰ ਛਾਉਣੀ ਤੋਂ ਉਸਦਾ ਡਾਕ ਵਾਲਾ ਬੈਗ/ਕਿੱਟ ਜਿਸ ’ਚ ਜ਼ਰੂਰੀ ਡਾਕ ਅਤੇ ਮੋਬਾਇਲ ਫੋਨ ਆਦਿ ਸੀ, ਖੋਹ ਲਿਆ ਸੀ।

ਉਨ੍ਹਾਂ ਨੇ ਦੱਸਿਆ ਕਿ ਇੰਸਪੈਕਟਰ ਅਭਿਨਵ ਚੌਹਾਨ ਅਤੇ ਏ. ਐੱਸ. ਆਈ. ਵਿਨੋਦ ਕੁਮਾਰ ਵਲੋਂ ਲੁੱਟ ਕਰਨ ਬਾਰੇ ਲੁਟੇਰੇ ਸੁਖਵਿੰਦਰ ਸਿੰਘ ਉਰਫ਼ ਸੁੱਖੀ ਪੁੱਤਰ ਮੁਖਤਿਆਰ ਸਿੰਘ ਵਾਸੀ ਯੋਧ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਨੂੰ ਗ੍ਰਿਫਤਾਰ ਕਰ ਕੇ ਉਸ ਤੋਂ ਡਾਕ ਵਿਭਾਗ ਦੀ ਡਾਕ ਬਰਾਮਦ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਹ ਖਤਰਨਾਕ ਗੈਂਗ ਦਾ ਮੈਂਬਰ ਹੈ, ਜਿਸਨੇ ਆਪਣੇ ਦੂਸਰੇ ਸਾਥੀ ਗੱਬਰਜੰਟ ਸਿੰਘ ਉਰਫ ਜੰਟਾ ਵਾਸੀ ਭਾਈ ਲਾਲ, ਤਹਿਸੀਲ ਪੱਟੀ, ਗੁਰਦੀਪ ਸਿੰਘ ਵਾਸੀ ਬਸਤੀ ਜੀਵਨ ਸਿੰਘ ਅਤੇ ਭਿੰਦਾ ਵਾਸੀ ਮੱਤੇਵਾਲ ਦੇ ਨਾਲ ਮਿਲ ਕੇ ਹਥਿਆਰਾਂ ਦੀ ਨੋਕ ’ਤੇ ਕਈ ਲੁੱਟ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਹੈ।

ਉਨ੍ਹਾਂ ਨੇ ਦੱਸਿਆ ਕਿ ਮੁੱਢਲੀ ਪੁੱਛ-ਗਿੱਛ ਦੌਰਾਨ ਸੁਖਵਿੰਦਰ ਸਿੰਘ ਤੋਂ ਇਕ ਖੋਹਿਆ ਹੋਇਆ ਮੋਬਾਇਲ ਫੋਨ ਬਰਾਮਦ ਕੀਤਾ ਗਿਆ ਹੈ ਅਤੇ ਖੋਹੀ ਹੋਈ ਹੀਰੋ ਮੈਸਟਰੋ ਤੇ ਫ਼ਿਰੋਜ਼ਸ਼ਾਹ ਟੋਲ ਪਲਾਜ਼ੇ ਤੋਂ ਖੋਹਿਆ ਗਿਆ ਓਪੋ ਕੰਪਨੀ ਦਾ ਮੋਬਾਇਲ ਫੋਨ ਬਰਾਮਦ ਕੀਤਾ ਹੈ। ਉਨ੍ਹਾਂ ਨੇ ਦੱਸਿਆ ਕਿ ਸੁਖਵਿੰਦਰ ਸਿੰਘ ਉਰਫ ਸੁੱਖੀ ਵਲੋਂ ਆਪਣੇ ਗੈਂਗ ਦੇ ਦੂਸਰੇ ਸਾਥੀਆਂ ਨਾਲ ਮਿਲ ਕੇ ਮੋਗਾ ਦੇ ਏਰੀਆ ਵਿਚ ਇਕ ਸਵਿਫਟ ਕਾਰ ਵੀ ਖੋਹੀ ਗਈ ਸੀ ਅਤੇ ਧੱਕੇ ਨਾਲ ਪਿਸਤੌਲ ਦੀ ਨੋਕ ’ਤੇ ਉਸਦੇ ਏ. ਟੀ. ਐੱਮ. ਤੋਂ ਹੀ ਤੇਲ ਪੁਆਇਆ ਗਿਆ ਸੀ ਤੇ ਪਿੰਡ ਪਗਾਣਾ ਜ਼ਿਲਾ ਤਰਨਤਾਰਨ ਤੋਂ ਇਕ ਮੋਟਰਸਾਈਕਲ ’ਤੇ 17 ਹਜ਼ਾਰ ਰੁਪਏ ਦੀ ਨਕਦੀ, ਫ਼ਰੀਦਕੋਟ ਦੀ ਨਹਿਰ ਦੇ ਕੋਲ ਇਕ ਮੋਟਰਸਾਈਕਲ, ਮੱਲਵਾਲ ਏਰੀਆ ’ਚ ਨਹਿਰਾਂ ’ਤੇ ਮੋਬਾਇਲ ਫੋਨ ਖੋਹਿਆ ਗਿਆ ਸੀ। ਐੱਸ. ਐੱਸ. ਪੀ. ਨੇ ਦੱਸਿਆ ਕਿ ਫੜੇ ਗਏ ਲੁਟੇਰਿਆਂ ਤੋਂ ਪੁੱਛਗਿੱਛ ਜਾਰੀ ਹੈ।


Bharat Thapa

Content Editor

Related News