ਸਮਰਾਲਾ ''ਚ ਮੁੜ ਭਖੀ ਸਿਆਸਤ, ''ਆਪ'' ਦੇ ਸੰਭਾਵੀ ਉਮੀਦਵਾਰਾਂ ''ਚ ਛਿੜੀ ''ਪੋਸਟਰ'' ਵਾਰ

Monday, Jul 12, 2021 - 01:25 PM (IST)

ਸਮਰਾਲਾ ''ਚ ਮੁੜ ਭਖੀ ਸਿਆਸਤ, ''ਆਪ'' ਦੇ ਸੰਭਾਵੀ ਉਮੀਦਵਾਰਾਂ ''ਚ ਛਿੜੀ ''ਪੋਸਟਰ'' ਵਾਰ

ਮਾਛੀਵਾੜਾ ਸਾਹਿਬ (ਟੱਕਰ) : ਜਿਉਂ-ਜਿਉਂ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਦਾ ਸਮਾਂ ਨੇੜੇ ਆਉਂਦਾ ਜਾ ਰਿਹਾ ਹੈ, ਤਿਉਂ-ਤਿਉਂ ਹਲਕਾ ਸਮਰਾਲਾ ਦੀ ਸਿਆਸਤ ਵੀ ਭਖਦੀ ਜਾ ਰਹੀ ਹੈ ਅਤੇ ਹੁਣ ਇਸ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਸੰਭਾਵੀ ਉਮੀਦਵਾਰਾਂ ਵਿਚ ਪੋਸਟਰ ਵਾਰ ਛਿੜੀ ਦਿਖਾਈ ਦੇ ਰਹੀ ਹੈ। ਹਲਕਾ ਸਮਰਾਲਾ ਤੋਂ 2017 ਦੀਆਂ ਵਿਧਾਨ ਸਭਾ ਚੋਣਾਂ ਵਾਂਗ ਇਸ ਵਾਰ ਵੀ ਪ੍ਰਮੁੱਖ ਮੁਕਾਬਲਾ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ‘ਆਪ’ ਵਿਚਕਾਰ ਤਿਕੋਣਾ ਹੋਣ ਦੇ ਆਸਾਰ ਹਨ। ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਤਾਂ 2022 ਦੀਆਂ ਚੋਣਾਂ ਲਈ ਉਮੀਦਵਾਰ ਤਾਂ ਲਗਭਗ ਤੈਅ ਹਨ, ਜਿਸ ਵਿਚ ਕਾਂਗਰਸ ਵੱਲੋਂ ਵਿਧਾਇਕ ਅਮਰੀਕ ਸਿੰਘ ਢਿੱਲੋਂ, ਅਕਾਲੀ ਦਲ ਵਲੋਂ ਨਵ-ਨਿਯੁਕਤ ਕੀਤੇ ਗਏ ਹਲਕਾ ਮੁੱਖ ਸੇਵਾਦਾਰ ਪਰਮਜੀਤ ਸਿੰਘ ਢਿੱਲੋਂ ਮੈਦਾਨ ਵਿਚ ਉਤਾਰੇ ਜਾ ਸਕਦੇ ਹਨ ਪਰ ਇਸ ਸਮੇਂ ਆਮ ਆਦਮੀ ਪਾਰਟੀ ਦੇ ਸੰਭਾਵੀ ਉਮੀਦਵਾਰਾਂ ਵਿਚਕਾਰ ਪੂਰੀ ਕਸਮਕਸ਼ ਦੇਖਣ ਨੂੰ ਮਿਲ ਰਹੀ ਹੈ।

ਇਹ ਵੀ ਪੜ੍ਹੋ : ਮਾਛੀਵਾੜਾ ਸਾਹਿਬ 'ਚ ਕਬੱਡੀ ਖਿਡਾਰੀ ਨੂੰ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ, ਦਿਨ-ਦਿਹਾੜੇ ਦਿੱਤਾ ਵਾਰਦਾਤ ਨੂੰ ਅੰਜਾਮ

ਅਕਾਲੀ ਦਲ ਦੇ ਟਕਸਾਲੀ ਪਰਿਵਾਰ ਨਾਲ ਸਬੰਧਿਤ ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ ਜੋ ਕਿ ਡੇਢ ਮਹੀਨੇ ਪਹਿਲਾਂ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਏ, ਉਸ ਦਿਨ ਤੋਂ ਹੀ ਪਾਰਟੀ ਦੀ ਸਿਆਸਤ ਭਖ ਗਈ ਹੈ ਅਤੇ ਸਾਰੇ ਸੰਭਾਵੀ ਉਮੀਦਵਾਰਾਂ ਵੱਲੋਂ ਹਲਕੇ ਦੀਆਂ ਕੰਧਾਂ ’ਤੇ ਪਾਰਟੀ ਦੀਆਂ ਨੀਤੀਆਂ ਵਾਲੇ ਆਪਣੇ ਪੋਸਟਰ ਲਗਾ ਦਿੱਤੇ ਗਏ ਹਨ। 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਰਬੰਸ ਸਿੰਘ ਮਾਣਕੀ ਸਾਢੇ 4 ਸਾਲ ਲੱਗਭਗ ਹਲਕੇ ’ਚੋਂ ਅਲੋਪ ਰਹੇ ਅਤੇ ਇਸ ਦੌਰਾਨ ‘ਆਪ’ ਆਗੂ ਜਗਤਾਰ ਸਿੰਘ ਦਿਆਲਪੁਰਾ ਵੱਲੋਂ ਹਲਕੇ ’ਚ ਪਾਰਟੀ ਦਾ ਅਧਾਰ ਮਜ਼ਬੂਤ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ। ਇਸ ਦੌਰਾਨ ਬਲਾਕ ਸੰਮਤੀ, ਜ਼ਿਲਾ ਪਰਿਸ਼ਦ, ਮਾਛੀਵਾੜਾ ਤੇ ਸਮਰਾਲਾ ਸ਼ਹਿਰ ਦੀਆਂ ਨਗਰ ਕੌਂਸਲ ਚੋਣਾਂ ਹੋਈਆਂ, ਜਿਸ ਵਿਚ ਆਪ ਪਾਰਟੀ ਦੀ ਕਾਰਗੁਜ਼ਾਰੀ ਕੁੱਝ ਵਧੀਆ ਨਾ ਰਹੀ।

ਇਹ ਵੀ ਪੜ੍ਹੋ : ਫਿਲੌਰ 'ਚ ਦਰਦਨਾਕ ਘਟਨਾ, 2 ਮਾਸੂਮ ਭੈਣਾਂ ਵੱਲੋਂ ਜ਼ਹਿਰ ਨਿਗਲਣ ਕਾਰਨ ਇਕ ਦੀ ਮੌਤ, ਦੂਜੀ ਦੀ ਹਾਲਤ ਨਾਜ਼ੁਕ

‘ਆਪ’ ਆਗੂ ਜਗਤਾਰ ਸਿੰਘ ਦਿਆਲਪੁਰਾ ਅਜੇ ਸਮਰਾਲਾ ਤੋਂ ਸੰਭਾਵੀ ਉਮੀਦਵਾਰ ਵਜੋਂ ਵਿਚਰ ਰਹੇ ਸਨ ਕਿ ਇਸ ਦੌਰਾਨ ਕਾਂਗਰਸ ਛੱਡ ਕੇ ਨੌਜਵਾਨ ਆਗੂ ਰੁਪਿੰਦਰ ਸਿੰਘ ਮੁੰਡੀ ਵੀ ਪਾਰਟੀ ਵਿਚ ਸ਼ਾਮਲ ਹੋ ਗਏ, ਜੋ ਕਿ ਟਿਕਟ ਦੇ ਦਾਅਵੇਦਾਰ ਵਜੋਂ ਸਾਹਮਣੇ ਆਏ। ਅਜੇ 2 ਜਾਂ 3 ਸੰਭਾਵੀ ਉਮੀਦਵਾਰਾਂ ਵਿਚਕਾਰ ਕਸਮਕਸ਼ ਚੱਲ ਹੀ ਰਹੀ ਸੀ ਕਿ ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ ਦੇ ਆਪ ਵਿਚ ਸ਼ਾਮਲ ਹੋਣ ਨਾਲ ਚਰਚਾ ਛਿੜ ਗਈ ਕਿ ਜੇਕਰ ਖੀਰਨੀਆਂ ਹਲਕੇ ਤੋਂ ਆਮ ਆਦਮੀ ਪਾਰਟੀ ਵਲੋਂ ਚੋਣ ਲੜਦੇ ਹਨ ਤਾਂ ਉਹ ਕਾਂਗਰਸ ਤੇ ਅਕਾਲੀ ਦਲ ਨੂੰ ਜਬਰਦਸ਼ਤ ਟੱਕਰ ਦੇ ਸਕਦੇ ਹਨ। 3 ਸੰਭਾਵੀ ਉਮੀਦਵਾਰਾਂ ਦੀ ਚਰਚਾ ਤੋਂ ਬਾਅਦ ਇੱਕ ਹੋਰ ਆਪ ਦੇ ਆਗੂ ਡਾ. ਸੋਹਣ ਲਾਲ ਬਲੱਗਣ ਵੱਲੋਂ ਇਲਾਕੇ ਦੀਆਂ ਕੰਧਾਂ ’ਤੇ ਪੋਸਟਰ ਲਗਾ ਕੇ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਉਹ ਪਾਰਟੀ ਦੇ ਪੁਰਾਣੇ ਵਰਕਰ ਹੋਣ ਨਾਤੇ ਟਿਕਟ ਦੇ ਦਾਅਵੇਦਾਰ ਹਨ।

ਇਹ ਵੀ ਪੜ੍ਹੋ : ਸਪਾ ਸੈਂਟਰਾਂ ਦੀ ਆੜ 'ਚ ਚੱਲ ਰਿਹੈ ਗੰਦਾ ਧੰਦਾ, ਮਸਾਜ ਦੀ ਫ਼ੀਸ ਲੈ ਕੇ ਦਿੱਤੀ ਜਾਂਦੀ ਹੈ ਜਿਸਮ ਫਿਰੋਸ਼ੀ ਦੀ ਆਫ਼ਰ

ਹਲਕਾ ਸਮਰਾਲਾ ਦੀਆਂ ਕੰਧਾਂ ’ਤੇ ਆਮ ਆਦਮੀ ਪਾਰਟੀ ਦੇ ਸੰਭਾਵੀ ਉਮੀਦਵਾਰ ਜਗਜੀਵਨ ਸਿੰਘ ਖੀਰਨੀਆਂ, ਜਗਤਾਰ ਸਿੰਘ ਦਿਆਲਪੁਰਾ, ਰੁਪਿੰਦਰ ਸਿੰਘ ਮੁੰਡੀ ਤੇ ਡਾ. ਸੋਹਣ ਲਾਲ ਬਲੱਗਣ ਵਲੋਂ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੇ ਲਗਾਏ ਪੋਸਟਰਾਂ ਤੋਂ ਬਾਅਦ ਇਹ ਛਿੜੀ ਸ਼ਾਂਤ ਵਾਰ ਅਜੇ ਹੋਰ ਭਖ ਸਕਦੀ ਹੈ ਕਿਉਂਕਿ ਇਹ ਵੀ ਚਰਚਾ ਹੈ ਕਿ ਪੰਜਵਾਂ ਸੰਭਾਵੀ ਉਮੀਦਵਾਰ ਕਾਂਗਰਸ ਵਿਧਾਇਕ ਅਮਰੀਕ ਸਿੰਘ ਢਿੱਲੋਂ ਦਾ ਭਤੀਜਾ ਨਗਰ ਕੌਂਸਲ ਦਾ ਸਾਬਕਾ ਪ੍ਰਧਾਨ ਜਸਵੀਰ ਸਿੰਘ ਢਿੱਲੋਂ ਵੀ ਕਿਸੇ ਸਮੇਂ ਆਪ ਵਿਚ ਸ਼ਾਮਲ ਹੋ ਧਮਾਕਾ ਕਰ ਸਕਦਾ ਹੈ। ਆਮ ਆਦਮੀ ਪਾਰਟੀ ਦੇ ਸਾਰੇ ਸੰਭਾਵੀ ਉਮੀਦਵਾਰ ਪਾਰਟੀ ਨੂੰ ਮਜ਼ਬੂਤ ਕਰਨ ਲਈ ਹਲਕੇ ਵਿਚ ਤਨਦੇਹੀ ਨਾਲ ਕੰਮ ਕਰ ਰਹੇ ਹਨ ਅਤੇ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਟਿਕਟ ਕਿਸ ਨੂੰ ਮਿਲੇਗੀ, ਉਸਦਾ ਜਿੱਥੇ ਇਲਾਕੇ ਦੇ ਲੋਕਾਂ ਨੂੰ ਬੇਸਬਰੀ ਨਾਲ ਇੰਤਜ਼ਾਰ ਹੈ, ਉੱਥੇ ਕਾਂਗਰਸ ਤੇ ਅਕਾਲੀ ਦਲ ਦੇ ਆਗੂ ਵੀ ਨਜ਼ਰਾਂ ਟਿਕਾਈ ਬੈਠੇ ਹਨ ਕਿਉਂਕਿ ਉਮੀਦਵਾਰ ਦੇ ਐਲਾਨ ਤੋਂ ਬਾਅਦ ਹੀ ਸਥਿਤੀ ਸਪੱਸ਼ਟ ਹੋਵੇਗੀ ਕਿ ਕੌਣ ਕਿੰਨੇ ਪਾਣੀ ’ਚ ਹੈ?
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
 


author

Babita

Content Editor

Related News