ਜੇਕਰ ਤੁਹਾਡਾ ਵੀ ਹੈ ਡਾਕਖ਼ਾਨੇ 'ਚ ਖ਼ਾਤਾ ਤਾਂ ਹੋ ਜਾਓ ਸਾਵਧਾਨ, ਭੋਲ਼ੇ-ਭਾਲ਼ੇ ਲੋਕਾਂ ਨਾਲ ਹੋ ਗਈ ਲੱਖਾਂ ਦੀ ਠੱਗੀ
Friday, Jan 10, 2025 - 05:29 AM (IST)
ਭੋਗਪੁਰ (ਸੂਰੀ)- ਥਾਣਾ ਭੋਗਪੁਰ ਪੁਲਸ ਵੱਲੋਂ ਇਕ ਸਹਾਇਕ ਬ੍ਰਾਂਚ ਪੋਸਟ ਮਾਸਟਰ ਖਿਲਾਫ ਡਾਕਖਾਨੇ ਦੇ ਖਾਤਾ ਧਾਰਕਾਂ ਦੇ ਖਾਤਿਆਂ ’ਚੋਂ ਜਾਅਲੀ ਅੰਗੂਠੇ ਲਾ ਕੇ ਅਤੇ ਦਸਤਖ਼ਤ ਕਰ ਕੇ ਸਾਢੇ ਤਿੰਨ ਲੱਖ ਦੇ ਕਰੀਬ ਠੱਗੀ ਮਾਰਨ ਦੇ ਮਾਮਲੇ ’ਚ ਉਕਤ ਪੋਸਟ ਮਾਸਟਰ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਇਸ ਮਾਮਲੇ ਸਬੰਧੀ ਰਾਮ ਕੁਮਾਰ ਗੁਪਤਾ ਇੰਸਪੈਕਟਰ ਪੋਸਟ ਪੋਸਟ ਨਾਰਥ ਸਬ-ਡਵੀਜ਼ਨ ਜਲੰਧਰ ਵੱਲੋਂ ਇਕ ਸ਼ਿਕਾਇਤ ਐੱਸ.ਐੱਸ.ਪੀ. ਜਲੰਧਰ ਦਿਹਾਤੀ ਨੂੰ ਦਿੱਤੀ ਗਈ ਸੀ, ਜਿਸ ਨੇ ਦੱਸਿਆ ਸੀ ਕਿ ਗੁਰਜੰਟ ਸਿੰਘ ਬਤੌਰ ਬ੍ਰਾਂਚ ਪੋਸਟ ਮਾਸਟਰ ਜੰਡੀਰ ਸਬ-ਦਫਤਰ ਭੋਗਪੁਰ ਜ਼ਿਲ੍ਹਾ ਜਲੰਧਰ ਵਿਚ ਸਤੰਬਰ 2021 ਤੋਂ ਨਵੰਬਰ 2022 ਤਕ ਤਾਇਨਾਤ ਸੀ। ਗੁਰਜੰਟ ਸਿੰਘ ਨੇ ਸੰਤੋਸ਼ ਕੌਰ ਪਤਨੀ ਪਰਮਿੰਦਰ ਸਿੰਘ ਵਾਸੀ ਪਿੰਡ ਜੰਡੀਰ ਦੇ ਖਾਤੇ ’ਚੋਂ ਖੁਦ ਨਿਕਾਸੀ ਫਾਰਮ ਭਰ ਕੇ ਤੇ ਜਾਅਲੀ ਅੰਗੂਠਾ ਲਾ ਕੇ 20 ਹਜ਼ਾਰ ਰੁਪਏ ਕਢਵਾ ਲਏ ਤੇ ਇਸੇ ਤਰ੍ਹਾਂ ਫਿਰ ਦੁਬਾਰਾ ਇਸੇ ਖਾਤੇ ’ਚੋਂ 15000 ਜਾਅਲੀ ਅੰਗੂਠਾ ਲਾ ਕੇ ਕਢਵਾ ਲਏ।
ਇਸੇ ਪੋਸਟ ਆਫਿਸ ’ਚ ਜੋਗਾ ਸਿੰਘ ਪੁੱਤਰ ਦਰਬਾਰਾ ਸਿੰਘ ਵਾਸੀ ਜੰਡੀਰ ਦਾ ਖਾਤਾ ਸੀ ਤੇ ਗੁਰਜੰਟ ਸਿੰਘ ਨੇ ਜੋਗਾ ਸਿੰਘ ਦੇ ਖਾਤੇ ’ਚੋਂ ਵੱਖ-ਵੱਖ ਮਿਤੀਆਂ ’ਚ ਐਂਟਰੀਆਂ ਕਰ ਕੇ ਜੋਗਾ ਸਿੰਘ ਦੇ ਜਾਅਲੀ ਦਸਤਖਤ ਕਰ ਕੇ ਖੁਦ ਨਿਕਾਸੀ ਫਾਰਮ ਭਰ ਕੇ 1 ਲੱਖ 43 ਹਜ਼ਾਰ ਦੀ ਰਕਮ ਕਢਵਾ ਲਈ। ਇਸ ਗੱਲ ਦਾ ਪਤਾ ਉਸ ਸਮੇਂ ਲੱਗਾ ਜਦੋਂ ਜੋਗਾ ਸਿੰਘ ਨਵੰਬਰ 2022 ’ਚ ਭਾਰਤ ਆਇਆ ਕਿਉਂਕਿ ਉਹ ਕਾਫੀ ਸਮੇਂ ਤੋਂ ਇਟਲੀ ਰਹਿੰਦਾ ਸੀ, ਜਿਨ੍ਹਾਂ ਤਰੀਕਾਂ ਨੂੰ ਗੁਰਜੰਟ ਸਿੰਘ ਨੇ ਜੋਗਾ ਸਿੰਘ ਦੇ ਜਾਅਲੀ ਦਸਤਖਤ ਕਰ ਕੇ ਪੈਸੇ ਕਢਵਾਏ ਹਨ, ਉਨ੍ਹਾਂ ਤਰੀਕਾਂ ਨੂੰ ਜੋਗਾ ਸਿੰਘ ਇਟਲੀ ਵਿਚ ਸੀ, ਜਿਸ ਤੋਂ ਸਾਫ ਪਤਾ ਲੱਗਦਾ ਗੁਰਜੰਟ ਸਿੰਘ ਨੇ ਜਾਅਲੀ ਦਸਤਖਤ ਕਰ ਕੇ ਪੈਸੇ ਖੁਰਦ-ਬੁਰਦ ਕੀਤੇ ਹਨ।
ਇਸੇ ਤਰ੍ਹਾਂ ਕਮਲਜੀਤ ਕੌਰ ਪਤਨੀ ਰਵਿੰਦਰ ਸਿੰਘ ਵਾਸੀ ਜੰਡੀਰ ਦਾ ਵੀ ਇਸੇ ਪੋਸਟ ਆਫਿਸ ’ਚ ਖਾਤਾ ਸੀ, ਕਮਲਜੀਤ ਕੌਰ 2013 ਤੋਂ ਇਟਲੀ ਵਿਚ ਰਹਿੰਦੀ ਹੈ, ਉਹ ਅੱਜ ਤਕ ਕਦੀ ਭਾਰਤ ਵਾਪਸ ਨਹੀਂ ਆਈ। ਗੁਰਜੰਟ ਸਿੰਘ ਨੇ ਕਮਲਜੀਤ ਕੌਰ ਦੇ ਖਾਤੇ ਵਿਚੋਂ ਵੱਖ-ਵੱਖ ਮਿਤੀਆਂ ’ਚ ਨਿਕਾਸੀ ਫਾਰਮ ਖੁਦ ਭਰ ਕੇ ਇਕ ਲੱਖ 53 ਹਜ਼ਾਰ ਰੁਪਏ ਦੀ ਰਕਮ ਕਢਵਾ ਲਈ।
ਇਹ ਵੀ ਪੜ੍ਹੋ- ਚਾਹਲ-ਧਨਸ਼੍ਰੀ ਤੋਂ ਬਾਅਦ ਇਸ ਭਾਰਤੀ ਕ੍ਰਿਕਟਰ ਦੇ ਰਿਸ਼ਤੇ 'ਚ ਵੀ ਪਈ 'ਫਿੱਕ' ! ਇਕ ਦੂਜੇ ਨੂੰ ਕੀਤਾ Unfollow
ਬਲਵਿੰਦਰ ਸਿੰਘ ਕੌਰ ਪਤਨੀ ਚਰਨਜੀਤ ਵਾਸੀ ਸੁਰਿਆਨਪੁਰ ਦਸੂਹਾ ਹੁਸ਼ਿਆਰਪੁਰ ਦਾ ਖਾਤਾ ਵੀ ਇਸ ਜੰਡੀਰ ਪੋਸਟ ਆਫਿਸ ’ਚ ਸੀ। ਗੁਰਜੰਟ ਸਿੰਘ ਜੋ ਕਿ ਫਿਰੋਜ਼ਪੁਰ ਦਾ ਹੈ, ਉਸ ਦੀ ਡਿਊਟੀ ਜੰਡੀਰ ਪਿੰਡ ਵਿਚ ਹੋਣ ਕਰ ਕੇ ਉਹ ਬਿਆਸ ਪਿੰਡ ਵਿਚ ਕਿਰਾਏ ’ਤੇ ਰਹਿੰਦਾ ਸੀ।
ਬਿਆਸ ਪਿੰਡ ’ਚ ਪੋਸਟ ਮਾਸਟਰ ਸਤਵਿੰਦਰ ਸਿੰਘ ਤਾਇਨਾਤ ਸੀ ਤੇ ਬਲਵਿੰਦਰ ਕੌਰ ਨੇ 29500 ਰੁਪਏ ਸਤਵਿੰਦਰ ਸਿੰਘ ਨੂੰ ਜਮ੍ਹਾ ਕਰਵਾਉਣ ਲਈ ਦਿੱਤੇ ਅਤੇ ਸਤਵਿੰਦਰ ਸਿੰਘ ਨੇ ਗੁਰਜੰਟ ਸਿੰਘ ਨੂੰ ਇਹ ਪੈਸੇ ਦੇ ਦਿੱਤੇ ਤੇ ਉਸ ਦੇ ਖਾਤੇ ਵਿਚ ਜਮ੍ਹਾ ਕਰਾਉਣ ਲਈ ਕਹਿ ਦਿੱਤਾ। ਉਸ ਨੇ ਜਦੋਂ ਬਲਵਿੰਦਰ ਕੌਰ ਦੀ ਪਾਸ ਬੁੱਕ ਮੰਗੀ ਤਾਂ ਉਸ ਸਮੇਂ ਕਿਹਾ ਕਿ ਉਹ ਕੋਲ ਪਾਸ ਬੁੱਕ ਨਹੀਂ ਹੈ। ਇਕੋ ਵਿਭਾਗ ’ਚ ਨੌਕਰੀ ਕਰਨ ਕਰ ਕੇ ਉਸ ਨੇ ਵਿਸ਼ਵਾਸ ਕਰ ਲਿਆ ਕਿ ਉਸ ਨੇ ਪੈਸੇ ਜਮ੍ਹਾ ਕਰ ਦਿੱਤੇ ਹਨ ਤੇ ਗੁਰਜੰਟ ਸਿੰਘ ਨੇ ਆਪਣੇ ਹੱਥ ਨਾਲ 29000 ਦੀ ਐਂਟਰੀ ਪਾ ਕੇ ਕਾਪੀ ਬਲਵਿੰਦਰ ਕੌਰ ਨੂੰ ਦੇ ਦਿੱਤੀ। ਜਦੋਂ ਇਸ ਸਬੰਧੀ ਡਿਪਾਰਟਮੈਂਟ ਦੀ ਇਨਕੁਆਇਰੀ ਹੋਈ ਤਾਂ ਸਤਵਿੰਦਰ ਸਿੰਘ ਨੇ ਬਿਆਨ ਦਰਜ ਕਰਾਏ।
ਇਸ ਸਾਰੇ ਘਪਲੇ ਦੀ ਜਾਂਚ ਐੱਸ. ਐੱਸ. ਪੀ. ਜਲੰਧਰ ਦਿਹਾਤੀ ਵੱਲੋਂ ਡੀ. ਐੱਸ. ਪੀ. ਸਬ-ਡਿਵੀਜ਼ਨ ਆਦਮਪੁਰ ਨੂੰ ਕਰਨ ਦੇ ਹੁਕਮ ਦਿੱਤੇ, ਜਿਸ ਦੀ ਜਾਂਚ ਦੌਰਾਨ ਪੋਸਟ ਮਾਸਟਰ ਨੇ ਆਪਣੇ ਸਹਾਇਕ ਪੋਸਟ ਮਾਸਟਰ ਗੁਰਜੰਟ ਸਿੰਘ ਪੁੱਤਰ ਕੁਲਵੰਤ ਸਿੰਘ ਬਾਸੀ ਸ਼ੀਹਾਂ ਪਹਾੜੀ ਤਹਿਸੀਲ ਥਾਣਾ ਮਖੂ ਜ਼ੀਰਾ ਜ਼ਿਲਾ ਫਿਰੋਜ਼ਪੁਰ ਨੇ ਵੀ ਬਿਆਨ ਦਰਜ ਕਰਵਾਇਆ ਕਿ ਫਰਾਡ ਦੇ ਕੇਸ ਦਾ ਇਲਜ਼ਾਮ ਲਾ ਕੇ ਉਸ ਦੀ ਬਦਲੀ ਆਦਮਪੁਰ ਕਰ ਦਿੱਤੀ ਗਈ ਸੀ। ਇਸ ਤੋਂ ਬਾਅਦ ਉਸ ਨੇ ਆਪਣੀ ਬਦਲੀ ਆਪਣੇ ਫਿਰੋਜ਼ਪੁਰ ਜ਼ਿਲੇ ਵਿਚ ਕਰਵਾ ਲਈ ਸੀ, ਜਿਸ ਵਿਭਾਗ ਵੱਲੋਂ ਉਸ ਨੂੰ 25 ਅਪ੍ਰੈਲ 2023 ਨੂੰ ਸਸਪੈਂਡ ਕਰ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ- ਸਕੂਲ ਦੀ ਵੈਨ ਨਾਲ ਹੋ ਗਿਆ ਭਿਆਨਕ ਹਾਦਸਾ, ਸ਼ੀਸ਼ਾ ਤੋੜ ਕੇ ਕੱਢਣਾ ਪਿਆ ਬੱਚੇ ਨੂੰ ਬਾਹਰ
ਉਸ ਨੇ ਆਪਣੇ ਬਿਆਨ ਵਿਚ ਕਿਹਾ ਕਿ ਉਸ ਨੇ ਕੋਈ ਵੀ ਪੈਸਾ ਕਿਸੇ ਦੇ ਖਾਤੇ ’ਚੋਂ ਜਾਅਲੀ ਦਸਤਕ ਕਰ ਕੇ ਨਹੀਂ ਕਢਵਾਇਆ ਤੇ ਉਸ ’ਤੇ ਇਹ ਇਲਜ਼ਾਮ ਝੂਠਾ ਲਾਇਆ ਗਿਆ ਹੈ। ਜਾਂਚ ਰਿਪੋਰਟ ਵਿਚ ਡੀ. ਐੱਸ. ਪੀ. ਆਦਮਪੁਰ ਵੱਲੋਂ ਗੁਰਜੰਟ ਸਿੰਘ ਨੂੰ ਮੁਲਜ਼ਮ ਗੁਰਜੰਟ ਸਿੰਘ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕਰਨ ਦੀ ਸਿਫਾਰਿਸ਼ ਕੀਤੀ ਗਈ, ਜਿਸ ਤੋਂ ਉਪਰੰਤ ਥਾਣਾ ਭੋਗਪੁਰ ਵਿਚ ਮੁਲਜ਼ਮ ਗੁਰਜੰਟ ਸਿੰਘ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਭੋਗਪੁਰ ਥਾਣਾ ਮੁਖੀ ਯਾਦਵਿੰਦਰ ਸਿੰਘ ਰਾਣਾ ਨੇ ਦੱਸਿਆ ਹੈ ਕਿ ਉਕਤ ਮੁਲਜ਼ਮ ਗੁਰਜੰਟ ਸਿੰਘ ਨੂੰ ਗ੍ਰਿਫਤਾਰ ਕਰ ਕੇ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਸ ਤੋਂ ਬਾਅਦ ਉਸ ਨੂੰ ਜੇਲ ਭੇਜ ਦਿੱਤਾ ਗਿਆ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e