SC ਵਿਦਿਆਰਥੀਆਂ ਦੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ ਘੁਟਾਲਾ 959 ਕਰੋੜ ਰੁਪਏ ਦਾ : ਤਰੁਣ ਚੁਘ

08/28/2020 8:26:37 PM

ਚੰਡੀਗੜ੍ਹ: ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਮੰਤਰੀ ਤਰੁਣ ਚੁਘ ਨੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੇ ਮੰਤਰੀ ਸਾਧੂ ਸਿੰਘ ਧਰਮਸੋਤ ਵਲੋਂ ਐਸ. ਸੀ. ਵਿਦਿਆਰਥੀਆਂ ਦੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਵੰਡ 'ਚ ਬੇਨਿਯਮੀਆਂ ਦੇ ਮਾਮਲੇ 'ਚ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਪੰਜਾਬ ਦੇ ਲੱਖਾਂ ਗਰੀਬ ਐਸ. ਸੀ. ਬੱਚਿਆਂ ਦੇ ਭਵਿੱਖ ਦੇ ਨਾਲ ਖਿਲਵਾੜ ਤੇ ਧੋਖਾ ਕੀਤਾ ਹੈ, ਜਿਸ ਨੂੰ ਪੰਜਾਬ ਦੀ ਜਨਤਾ ਕਦੇ ਮੁਆਫ ਨਹੀਂ ਕਰੇਗੀ। ਚੁਘ ਨੇ ਕਿਹਾ ਕਿ ਮਾਮਲਾ ਸਿਰਫ 63.91 ਕਰੋੜ ਦੇ ਸਕਾਲਰਸ਼ਿਪ ਘੋਟਾਲੇ ਦਾ ਹੀ ਨਹੀਂ ਹੈ ਬਲਕਿ ਵਧੀਕ ਮੁੱਖ ਸਕੱਤਰ ਕ੍ਰਿਪਾ ਸ਼ੰਕਰ ਸਰੋਜ, ਆਈ. ਏ. ਐਸ. ਵਲੋਂ ਪੇਸ਼ ਰਿਪੋਰਟ ਮੁਤਾਬਕ ਪੰਜਾਬ ਦੇ ਅੰਦਰ ਲਗਭਗ ਇਕ ਹਜ਼ਾਰ ਕਰੋੜ ਰੁਪਏ ਦੀ ਰਕਮ ਦਾ ਗਰੀਬ ਤੇ ਹੋਣਹਾਰ ਐਸ. ਸੀ. ਵਿਦਿਆਰਥੀਆਂ ਦੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੀ ਅਦਾਇਗੀ ਦਾ ਵੀ ਹੈ।

ਚੁਘ ਨੇ ਕਿਹਾ ਕਿ 10 ਜਨਵਰੀ 2019 ਨੂੰ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੇ ਅਨੁਸੂਚਿਤ ਜਾਤੀ ਅਤੇ ਪਿੱਛੜੇ ਵਰਗ ਕਲਿਆਣ ਵਿਭਾਗ ਦੇ ਮੰਤਰੀ ਸਾਧੂ ਸਿੰਘ ਧਰਮਸੋਤ ਕੇਂਦਰ 'ਚ ਸਮਾਜਿਕ ਨਿਆਂ ਅਧਿਕਾਰਿਤਾ ਮੰਤਰੀ ਥਾਵਰ ਚੰਦ ਗਹਿਲੋਤ ਨਾਲ ਮਿਲੇ ਸਨ। ਜਿਸ 'ਚ ਉਨ੍ਹਾਂ ਨੇ ਪੰਜਾਬ ਦੇ ਗਰੀਬ ਐਸ. ਸੀ. ਵਿਦਿਆਰਥੀਆਂ ਦਾ 1286 ਕਰੋੜ ਰੁਪਏ ਦਾ ਬਕਾਇਆ ਹੋਣ ਦੀ ਗੱਲ ਕੀਤੀ ਸੀ, ਜਦ ਵਿਭਾਗ ਦੇ ਅਧਿਕਾਰੀਆਂ ਤੋਂ ਹਿਸਾਬ ਮੰਗਿਆ ਗਿਆ ਤਾਂ ਸਿਰਫ 327 ਕਰੋੜ ਰੁਪਏ ਦਾ ਹਿਸਾਬ ਦੇ ਸਕੇ ਭਾਵ 959 ਕਰੋੜ ਰੁਪਏ ਦਾ ਹਿਸਾਬ ਪੰਜਾਬ ਦੇ ਅਨੁਸੂਚਿਤ ਜਾਤੀ ਅਤੇ ਪਿਛੜੇ ਵਰਗ ਕਲਿਆਣ ਮੰਤਰੀ ਅਤੇ ਉਨ੍ਹਾਂ ਦੇ ਵਿਭਾਗ ਦੇ ਕੋਲ ਨਹੀਂ ਹੈ। ਜਦਕਿ ਪੰਜਾਬ ਦੇ ਹਰ ਕਾਲਜ ਦੇ ਵਿਦਿਆਰਥੀ, ਹਰ ਇੰਜੀਨੀਅਰਿੰਗ ਤੇ ਡਿਗਰੀ ਕਾਲਜ ਦੇ ਵਿਦਿਆਰਥੀ ਤੇ ਮੈਨਜਮੈਂਟ ਇਸ ਰਕਮ ਦੀ ਮੰਗ ਲਈ ਵਾਰ-ਵਾਰ ਪ੍ਰਦਰਸ਼ਨ ਕਰ ਰਹੇ ਹਨ ਅਤੇ ਲੱਖਾਂ ਵਿਦਿਆਰਥੀ ਇਸ ਵਿੱਤੀ ਬੋਝ ਦੇ ਕਾਰਣ ਤਣਾਅਗ੍ਰਸਤ ਹਨ ਤੇ ਡਿਗਰੀਆਂ ਲੈਣ ਤੋਂ ਵਾਂਝੇ ਬੈਠੇ ਹੋਏ ਹਨ। ਪੰਜਾਬ ਅੰਦਰ ਲੱਖਾਂ ਹੋਣਹਾਰ ਗਰੀਬ ਐਸ. ਸੀ. ਵਿਦਿਆਰਥੀਆਂ ਦੇ ਵੱਖ-ਵੱਖ ਸਕੂਲਾਂ, ਕਾਲਜਾਂ ਦੀ ਮੈਨਜਮੈਂਟ ਕਮੇਟੀਆਂ ਦੇ ਨਾਲ ਵੀ ਬੇਇਨਸਾਫੀ ਕੀਤੀ ਜਾ ਰਹੀ ਹੈ। ਚੁਘ ਨੇ ਕਿਹਾ ਕਿ ਪੰਜਾਬ 'ਚ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣੀ ਹੈ, ਐਸ. ਸੀ. ਪਰਿਵਾਰਾਂ 'ਤੇ ਅੱਤਿਆਚਾਰ ਵਧਿਆ ਹੈ। ਸਕਾਲਰਸ਼ਿਪ ਅਤੇ ਪੰਜਾਬ ਸਰਕਾਰ ਦੇ ਸ਼ੇਅਰਾਂ ਦੀ ਵੰਡ ਦੀ ਦੇਰੀ ਕਾਰਣ ਲੱਖਾਂ ਵਿਦਿਆਰਥੀਆਂ ਦਾ ਭਵਿੱਖ ਹਨੇਰੇ ਵੱਲ ਧੱਕ ਦਿੱਤਾ ਗਿਆ ਹੈ, ਜੋ ਕਿ ਮੰਦਭਾਗਾ ਅਤੇ ਭਵਿੱਖ ਦੇ ਪੰਜਾਬ ਦੇ ਲਈ ਘਾਤਕ ਹੈ।

ਧਰਮਸੋਤ ਨੂੰ ਬਚਾਉਣ 'ਚ ਲੱਗੀ ਕੈਪਟਨ ਸਰਕਾਰ
ਚੁਘ ਨੇ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ 'ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਪੂਰੀ ਕੈਪਟਨ ਸਰਕਾਰ ਘੋਟਾਲੇਬਾਜ਼, ਗਰੀਬ ਤੇ ਹੋਣਹਾਰ ਐਸ. ਸੀ. ਵਿਦਿਆਰਥੀਆਂ ਦੇ ਭਵਿੱਖ ਦੇ ਨਾਲ ਖਿਲਵਾੜ ਕਰਨ ਵਾਲੇ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਬਚਾਉਣ 'ਚ ਲੱਗੀ ਹੋਈ ਹੈ।  ਇਹ ਸਰਕਾਰੀ ਖਜ਼ਾਨੇ ਦੀ ਲੁੱਟ ਦੇ ਨਾਲ-ਨਾਲ ਪੰਜਾਬ ਦੇ ਨੌਜਵਾਨਾਂ ਦੇ ਭਵਿੱਖ ਨਾਲ ਵੀ ਲੁੱਟ ਹੈ, ਇਸ ਲਈ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਤੁਰੰਤ ਬਰਖਾਸ਼ ਕਰ, ਮੰਤਰੀ ਸਮੇਤ ਸਾਰੇ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ।

ਚੁਘ ਨੇ ਕਿਹਾ ਕਿ ਪੰਜਾਬ 'ਚ ਅਨੁਸੂਚਿਤ ਜਾਤੀ ਅਤੇ ਪਿਛੜਾ ਕਲਿਆਣ ਵਿਭਾਗ ਮੰਤਰਾਲਾ ਕਿਸ ਭਾਈ-ਭਤੀਜਾਵਾਦ ਅਤੇ ਭ੍ਰਿਸ਼ਟਾਚਾਰ ਦੇ ਸਿੱਟੇ ਵਜੋ ਚੱਲ ਰਿਹਾ ਹੋਵੇਗਾ ਕਿ ਉਸ ਵਿਭਾਗ ਦੇ ਸਕੱਤਰ ਅਤੇ ਵਧੀਕ ਮੁੱਖ ਸਕੱਤਰ ਕ੍ਰਿਪਾ ਸ਼ੰਕਰ ਸਰੋਜ (ਆਈ. ਏ. ਐਸ.) ਨੇ ਤੰਗ ਆ ਕੇ 21 ਅਗਸਤ, 2020 ਨੂੰ ਫੇਕਟ ਫਾਈਡਿੰਗ ਤੇ ਸੰਖੇਪ ਜਾਣਕਾਰੀ ਤੱਥਾਂ ਸਮੇਤ ਮੁੱਖ ਸਕੱਤਰ, ਪੰਜਾਬ ਨੂੰ ਭੇਜ ਕੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ ਪਰ ਬਦਕਿਸਮਤੀ ਨਾਲ ਪੰਜਾਬ ਦੀ ਡੂੰਘੀ ਨੀਂਦ 'ਚ ਸੱਤ ਸਟਾਰ ਫਾਰਮ ਹਾਊਸ 'ਚ ਸੁੱਤੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਕੰਨਾਂ 'ਚ ਗਰੀਬ ਐਸ. ਸੀ. ਵਿਦਿਆਰਥੀਆਂ ਦੇ ਨਾਲ ਹੋਏ ਇਸ ਘੁਟਾਲੇ ਤੇ ਖਿਲਵਾੜ 'ਤੇ ਅਜੇ ਤਕ ਸਰਕਾਰ ਨੇ ਚੁੱਪ ਵੱਟੀ ਹੋਈ ਹੈ।
ਚੁਘ ਨੇ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਅਸਤੀਫੇ ਦੀ ਮੰਗ ਕਰਦੇ ਹੋਏ ਸਾਰੇ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਣ ਅਤੇ ਸੀ.ਬੀ. ਆਈ. ਵਲੋਂ ਇਸ ਪੋਸਟ ਮੈਟ੍ਰਿਕ ਸਕਾਲਰਸ਼ਿਪ ਘੁਟਾਲੇ ਦੀ ਜਾਂਚ ਕੀਤੇ ਜਾਣ ਦੀ ਮੰਗ ਕੀਤੀ ਹੈ।
 


Deepak Kumar

Content Editor

Related News