ਗਰਮੀ ਵਧਣ ਨਾਲ ਡੇਂਗੂ ਤੇ ਚਿਕਨਗੁਨੀਆਂ ਦੇ ਪਾਜ਼ੇਟਿਵ ਕੇਸ ਆਏ ਸਾਹਮਣੇ, ਸਿਹਤ ਵਿਭਾਗ ਵਲੋਂ ਸਖ਼ਤ ਹਦਾਇਤਾਂ ਜਾਰੀ
Tuesday, May 21, 2024 - 06:26 PM (IST)
ਅੰਮ੍ਰਿਤਸਰ(ਦਲਜੀਤ)-ਗਰਮੀ ਕਾਰਨ ਤਾਪਮਾਨ ਵਿਚ ਵਾਧਾ ਹੁੰਦਿਆਂ ਹੀ ਡੇਂਗੂ ਅਤੇ ਚਿਕਨਗੁਨੀਆਂ ਦੀ ਬੀਮਾਰੀ ਅੰਮ੍ਰਿਤਸਰੀਆਂ ਨੂੰ ਆਪਣੇ ਲਪੇਟ ਵਿਚ ਲੈਣ ਲੱਗ ਪਈ ਹੈ। ਸਿਹਤ ਵਿਭਾਗ ਵੱਲੋਂ ਬੀਮਾਰੀ ਦੀ ਸ਼ੁਰੂਆਤ ਦੌਰਾਨ ਜ਼ਿਲ੍ਹੇ ਵਿਚ ਚਿਕਨਗੁਨੀਆਂ ਦੇ 3 ਅਤੇ ਡੇਂਗੂ ਦੇ 2 ਪਾਜ਼ੇਟਿਵ ਮਾਮਲੇ ਰਿਪੋਰਟ ਕੀਤੇ ਹਨ, ਜਦਕਿ ਪਿਛਲੇ ਸਾਲ ਚਿਕਨਗੁਨੀਆਂ ਦੇ 531 ਅਤੇ ਡੇਂਗੂ ਦੇ 651 ਮਾਮਲੇ ਰਿਪੋਰਟ ਕੀਤੇ ਗਏ ਸਨ। ਵਿਭਾਗ ਵੱਲੋਂ ਜ਼ਿਲ੍ਹੇ ਵਿਚ ਵੱਖ-ਵੱਖ ਥਾਵਾਂ ’ਤੇ ਡੇਂਗੂ ਅਤੇ ਚਿਕਨਗੁਨੀਆਂ ਦੇ 20 ਹਾਟ ਸਪਾਟ ਕੇਂਦਰ ਬਣਾ ਦਿੱਤੇ ਹਨ।
ਵਿਭਾਗ ਵੱਲੋਂ ਉਕਤ ਬੀਮਾਰੀਆਂ ਨੂੰ ਲੈ ਕੇ ਜਿੱਥੇ ਸਰਕਾਰੀ ਹਸਪਤਾਲਾਂ ਵਿਚ ਮੁਕੰਮਲ ਪ੍ਰਬੰਧ ਕਰਨ ਦਾ ਦਾਅਵਾ ਕੀਤਾ ਗਿਆ ਹੈ, ਉਥੇ ਹੀ ਗਠਿਤ ਵੱਖ-ਵੱਖ ਟੀਮਾਂ ਨੂੰ ਹਦਾਇਤ ਕੀਤੀ ਹੈ ਕਿ ਜਿਸ ਵਿਅਕਤੀ ਦੇ ਘਰ ਵਿੱਚੋਂ ਡੇਂਗੂ ਦਾ ਲਾਰਵਾ ਮਿਲਦਾ ਹੈ, ਉਸ ਦਾ ਤੁਰੰਤ ਜੁਰਮਾਨੇ ਵਜੋਂ ਚਲਾਨ ਕੱਟਿਆ ਜਾਵੇ। ਇਹ ਬੀਮਾਰੀਆਂ ਅਜਿਹੀਆਂ ਹਨ, ਜਿਨ੍ਹਾਂ ਦਾ ਸਮੇਂ ਸਿਰ ਇਲਾਜ ਨਾ ਕਰਵਾਇਆ ਜਾਵੇ ਤਾਂ ਇਹ ਜਾਨਲੇਵਾ ਸਾਬਤ ਹੋ ਸਕਦੀਆਂ ਹਨ।
ਇਹ ਵੀ ਪੜ੍ਹੋ- ਦੋ ਦੋਸਤਾਂ ਨਾਲ ਵਾਪਰਿਆ ਵੱਡਾ ਹਾਦਸਾ, ਅਣਪਛਾਤੇ ਵਾਹਨ ਦੀ ਲਪੇਟ ’ਚ ਆਉਣ ਨਾਲ ਇਕ ਦੀ ਮੌਤ, ਦੂਜਾ ਜ਼ਖ਼ਮੀ
ਜਾਣਕਾਰੀ ਅਨੁਸਾਰ ਮੌਸਮ ਦੇ ਬਦਲਣ ਤੋਂ ਬਾਅਦ ਗਰਮੀ ਕਾਰਨ ਤਾਪਮਾਨ ਵਿਚ ਇਜਾਫਾ ਹੋਣ ਦੇ ਨਾਲ ਹੀ ਡੇਂਗੂ ਵਾਲਾ ਮੱਛਰ ਲੋਕਾਂ ਨੂੰ ਆਪਣੀ ਜਕੜ ਵਿਚ ਲੈਣ ਲੱਗ ਪਿਆ ਹੈ। ਇਹ ਇਕ ਅਜਿਹਾ ਮੱਛਰ ਹੈ ਜੋ ਸਾਫ ਪਾਣੀ ਵਿਚ ਪੈਦਾ ਹੁੰਦਾ ਹੈ ਅਤੇ ਸਵੇਰ ਅਤੇ ਸ਼ਾਮ ਦੇ ਸਮੇਂ ਕੱਟਦਾ ਹੈ। ਇਸ ਬੀਮਾਰੀ ਦਾ ਜੇਕਰ ਸਮੇਂ ’ਤੇ ਇਲਾਜ ਨਾ ਕਰਵਾਇਆ ਜਾਵੇ ਤਾਂ ਮਰੀਜ਼ ਦੀ ਜਾਨ ਵੀ ਜਾ ਸਕਦੀ ਹੈ। ਇਸ ਤੋਂ ਇਲਾਵਾ ਚਿਕਨਗੁਨੀਆਂ ਦੀ ਬੀਮਾਰੀ ਵੀ ਤੇਜ਼ੀ ਨਾਲ ਜ਼ਿਲ੍ਹੇ ਵਿਚ ਆਪਣੇ ਪੈਰ ਪਸਾਰ ਰਹੀ ਹੈ। ਇਹ ਬੀਮਾਰੀ ਵੀ ਮੱਛਰ ਦੇ ਕੱਟਣ ਤੋਂ ਬਾਅਦ ਆਪਣਾ ਪ੍ਰਭਾਵ ਦਿਖਾਉਂਦੀ ਹੈ। ਇਹ ਇਕ ਅਜਿਹੀ ਬੀਮਾਰੀ ਹੈ, ਜਿਸ ਦੇ ਲੱਛਣ ਬੇਹੱਦ ਖ਼ਤਰਨਾਕ ਹਨ ਅਤੇ ਮਰੀਜ਼ ਦੇ ਸਰੀਰ ਵਿਚ ਬੇਹੱਦ ਦਰਦਨਾਕ ਦਰਦਾਂ ਨਿਕਲਦੀਆਂ ਹਨ। ਵਿਭਾਗ ਵੱਲੋਂ ਲੋਕਾਂ ਨੂੰ ਜਿੱਥੇ ਡੇਂਗੂ ਅਤੇ ਚਿਕਨਗੁਨੀਆਂ ਦੀ ਬੀਮਾਰੀ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ, ਉਥੇ ਹੀ ਸਰਕਾਰੀ ਹਸਪਤਾਲਾਂ ਵਿਚ ਉਕਤ ਬੀਮਾਰੀਆਂ ਦੇ ਇਲਾਜ ਦਾ ਦਮ ਭਰਿਆ ਜਾ ਰਿਹਾ ਹੈ।
ਜ਼ਿਲ੍ਹੇ ਅੰਮ੍ਰਿਤਸਰ ਦੀ ਗੱਲ ਕਰੀਏ ਤਾਂ ਇੱਥੇ ਜ਼ਿਲ੍ਹਾ ਮਲੇਰੀਆ ਅਫਸਰ ਡਾ. ਹਰਜੋਤ ਕੌਰ ਦੀ ਅਗਵਾਈ ਵਿਚ ਟੀਮਾਂ ਫੀਲਡ ਵਿਚ ਲੋਕਾਂ ਨੂੰ ਜਾਗਰੂਕ ਕਰ ਰਹੀਆਂ ਹਨ। ਜ਼ਿਲੇ ਦੇ ਸਰਕਾਰੀ ਹਸਪਤਾਲਾਂ ਵਿਚ ਉਕਤ ਬੀਮਾਰੀਆਂ ਦੇ ਇਲਾਜ ਲਈ ਸੀਨੀਅਰ ਮੈਡੀਕਲ ਅਧਿਕਾਰੀਆਂ ਨੂੰ ਸਿਵਲ ਸਰਜਨ ਡਾ. ਸੁਮਿਤ ਸਿੰਘ ਵੱਲੋਂ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ ਅਤੇ ਦਵਾਈਆਂ ਅਤੇ ਹੋਰ ਟੈਸਟਿੰਗ ਸਮੱਗਰੀ ਮਰੀਜ਼ਾਂ ਲਈ ਮੁਹੱਈਆ ਕਰਵਾਉਣ ਲਈ ਕਿਹਾ ਗਿਆ ਹੈ। ਬੀਮਾਰੀ ਦੀ ਅਜੇ ਸ਼ੁਰੂਆਤ ਹੈ ਪਰ ਪਿਛਲੇ ਸਾਲ ਦੇ ਅੰਕੜਿਆਂ ’ਤੇ ਜੇਕਰ ਝਾਤ ਮਾਰੀ ਜਾਵੇ ਤਾਂ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਵਿਚ ਇਹ ਦੋਵੇਂ ਬੀਮਾਰੀਆਂ ਹੋਰ ਜ਼ਿਆਦਾ ਅਸਰ ਦਿਖਾ ਸਕਦੀਆਂ ਹਨ। ਸਿਹਤ ਵਿਭਾਗ ਵੱਲੋਂ ਸ਼ਹਿਰੀ ਖੇਤਰਾਂ ਵਿਚ ਛਿੜਕਾਅ ਲਈ ਨਗਰ ਨਿਗਮ ਨੂੰ ਪੱਤਰ ਵੀ ਲਿਖਿਆ ਗਿਆ ਹੈ। ਵਿਭਾਗ ਦੇ ਆਦੇਸ਼ਾਂ ਤੋਂ ਬਾਅਦ ਨਿਗਮ ਵੱਲੋਂ ਕਈ ਖੇਤਰਾਂ ਵਿਚ ਛਿੜਕਾਅ ਦੇ ਪ੍ਰਬੰਧ ਵੀ ਮੁਕੰਮਲ ਕਰਵਾ ਦਿੱਤੇ ਗਏ ਹਨ।
ਇਹ ਵੀ ਪੜ੍ਹੋ- ਲੋਕਾਂ ਦੀਆਂ ਵਧਣਗੀਆਂ ਮੁਸ਼ਕਿਲਾਂ, ਤਾਪਮਾਨ ਪੁੱਜਿਆ 45 ਡਿਗਰੀ, ਜਾਣੋ ਆਉਣ ਵਾਲੇ 7 ਦਿਨਾਂ ਦੀ ਵੱਡੀ ਅਪਡੇਟ
ਲਾਰਵਾ ਮਿਲਣ ’ਤੇ 32 ਲੋਕਾਂ ਦੇ ਕੀਤੇ ਚਲਾਨ
ਜ਼ਿਲ੍ਹਾ ਮਲੇਰੀਆ ਅਫਸਰ ਡਾ. ਹਰਜੋਤ ਕੌਰ ਨੇ ਦੱਸਿਆ ਕਿ ਡੇਂਗੂ ਅਤੇ ਚਿਕਨਗੁਨੀਆਂ ਦੋਵੇਂ ਬੀਮਾਰੀਆਂ ਮੱਛਰ ਤੋਂ ਹੁੰਦੀਆਂ ਹਨ। ਲੋਕਾਂ ਨੂੰ ਸਿਹਤ ਵਿਭਾਗ ਦੀ ਗਾਈਡਲਾਈਨ ਦੀ ਪਾਲਣਾ ਕਰਨੀ ਚਾਹੀਦੀ ਹੈ ਅਤੇ ਆਪਣੇ ਆਲੇ-ਦੁਆਲੇ ਸਾਫ਼ ਸਫ਼ਾਈ ਦੇ ਪ੍ਰਬੰਧ ਰੱਖਣੇ ਚਾਹੀਦੇ ਹਨ। ਇਸ ਤੋਂ ਇਲਾਵਾ ਸਾਫ਼ ਪਾਣੀ ਇਕੱਠਾ ਨਹੀਂ ਹੋਣ ਦੇਣਾ ਚਾਹੀਦਾ, ਕਿਉਂਕਿ ਉਕਤ ਬੀਮਾਰੀ ਪੈਦਾ ਕਰਨ ਵਾਲਾ ਮੱਛਰ ਉਸ ਵਿਚ ਲਾਰਵਾ ਬਣਾਉਂਦਾ ਹੈ, ਜਿਸ ਤੋਂ ਬਾਅਦ ਇਹ ਬੀਮਾਰੀ ਨੂੰ ਗੰਭੀਰ ਰੂਪ ਦਿੰਦਾ ਹੈ। ਡਾ. ਹਰਜੋਤ ਕੌਰ ਨੇ ਦੱਸਿਆ ਕਿ ਹੁਣ ਤੱਕ 32 ਲੋਕਾਂ ਦੇ ਚਲਾਨ ਕੀਤੇ ਗਏ ਹਨ, ਜਿਨ੍ਹਾਂ ਦੇ ਘਰਾਂ ਵਿੱਚੋਂ ਡੇਂਗੂ ਦਾ ਲਾਰਵਾ ਮਿਲਿਆ ਹੈ। ਇਸ ਦੇ ਨਾਲ ਹੀ ਪਿਛਲੇ ਸਾਲ 1376 ਲੋਕਾਂ ਦੇ ਚਲਾਨ ਕੱਟੇ ਗਏ ਸਨ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਨਿਯਮਾਂ ਦੀ ਪਾਲਣ ਨਹੀਂ ਕਰਨਗੇ, ਉਨ੍ਹਾਂ ਖਿਲਾਫ ਸਖਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਬੀਮਾਰੀ ਨੂੰ ਠੱਲ੍ਹ ਪਾਉਣ ਲਈ 15 ਟੀਮਾਂ ਮੈਦਾਨ ’ਚ ਉਤਾਰੀਆਂ
ਸਿਵਲ ਸਰਜਨ ਡਾ. ਸੁਮਿਤ ਸਿੰਘ ਨੇ ਦੱਸਿਆ ਕਿ ਜ਼ਿਲੇ ਦੇ ਸਮੁੱਚੇ ਸਰਕਾਰੀ ਹਸਪਤਾਲਾਂ ਵਿਚ ਡੇਂਗੂ ਅਤੇ ਚਿਕਨਗੁਨੀਆਂ ਦੀ ਬੀਮਾਰੀ ਦੇ ਇਲਾਜ ਲਈ ਮੁਕੰਮਲ ਪ੍ਰਬੰਧ ਕੀਤੇ ਗਏ ਹਨ। ਇਸ ਦੇ ਨਾਲ ਹੀ ਪ੍ਰਾਈਵੇਟ ਹਸਪਤਾਲਾਂ ਨੂੰ ਵੀ ਉਕਤ ਬੀਮਾਰੀ ਦਾ ਰੋਜ਼ਾਨਾ ਅੰਕੜਾ ਵਿਭਾਗ ਨਾਲ ਸ਼ੇਅਰ ਕਰਨ ਲਈ ਕਿਹਾ ਗਿਆ ਹੈ। ਉਨ੍ਹਾਂ ਦੱਸਿਆ ਕਿ ਨਿਗਮ ਦੇ ਨਾਲ-ਨਾਲ ਵਿਭਾਗ ਵੱਲੋਂ 15 ਟੀਮਾਂ ਮੈਦਾਨ ਵਿਚ ਛਿੜਕਾਅ ਅਤੇ ਡੇਂਗੂ ਦਾ ਲਾਰਵਾ ਚੈੱਕ ਕਰਨ ਲਈ ਤਾਇਨਾਤ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਜ਼ਿਲਾ ਮਲੇਰੀਆ ਅਫਸਰ ਸਾਰੇ ਕਾਰਜ ਦੇ ਸੁਪਰਵੀਜ਼ਨ ਕਰ ਰਹੇ ਹਨ ਡਾ. ਸੁਮਿਤ ਸਿੰਘ ਨੇ ਕਿਹਾ ਕਿ ਅਜੇ ਉਕਤ ਬੀਮਾਰੀ ਦੀ ਸ਼ੁਰੂਆਤ ਹੈ। ਲੋਕਾਂ ਨੂੰ ਸੁਚੇਤ ਰਹਿਣਾ ਚਾਹੀਦਾ ਹੈ ਅਤੇ ਵਿਭਾਗ ਦੀ ਗਾਈਡਲਾਈਨ ਦੀ ਪਾਲਣਾ ਕਰਨੀ ਚਾਹੀਦੀ ਹੈ।
ਇਹ ਵੀ ਪੜ੍ਹੋ- ਵੱਡੀ ਖ਼ਬਰ : ਪੰਜਾਬ 'ਚ ਕਾਂਗਰਸੀ ਉਮੀਦਵਾਰ ਦੀ ਰੈਲੀ ਦੌਰਾਨ ਹੰਗਾਮਾ, ਗੋਲੀਆਂ ਚੱਲਣ ਦਾ ਦਾਅਵਾ
ਜ਼ਿਲ੍ਹੇ ’ਚ ਬਣਾਏ 20 ਹਾਟ ਸਪਾਰਟ ਕੇਂਦਰ
ਸਿਵਲ ਸਰਜਨ ਡਾ. ਸੁਮਿਤ ਸਿੰਘ ਨੇ ਦੱਸਿਆ ਕਿ ਡੇਂਗੂ ਅਤੇ ਚਿਕਨਗੁਨੀਆ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਘੰਣੂਪੁਰ ਕਾਲੇ, ਭੱਲਾ ਕਾਲੋਨੀ, ਖੰਡਵਾਲਾ, ਕਰਤਾਰ ਨਗਰ, ਨਰਾਇਣਗੜ੍ਹ, ਤੁੰਗਬਾਲਾ, ਇੰਦਰਾ ਕਾਲੋਨੀ, ਰਾਮ ਨਗਰ, ਗਰੀਨ ਫੀਲਡ, ਜਹਾਜ਼ਗੜ੍ਹ, ਮਕਬੂਲਪੁਰਾ, ਗੁਰੂ ਤੇਗ ਬਹਾਦਰ ਨਗਰ, ਬਿਬੇਕਸਰ ਨਗਰ, ਵਿਕਾਸ ਨਗਰ, ਕੋਟ ਖਾਲਸਾ, ਵੇਰਕਾ, ਵੱਲਾ, ਸੁੰਦਰ ਨਗਰ, ਸੰਧੂ ਕਾਲੋਨੀ, ਨਹਿਰੂ ਕਾਲੋਨੀ ਵਿਖੇ 20 ਹਾਟ ਸਪਾਰਟ ਕੇਂਦਰ ਬਣਾਏ ਗਏ ਹਨ। ਇਸ ਤੋਂ ਇਲਾਵਾ ਚਿਕਨਗੁਨੀਆਂ ਦੇ ਇਸ ਸਾਲ ਕੋਟ ਖਾਲਸਾ, ਬਿਬੇਕਸਰ ਰੋਡ, ਪੰਡੋਰੀ ਮਹਿਮਾ ਵਿਖੇ ਕੇਸ ਰਿਪੋਰਟ ਹੋਏ ਹਨ, ਜਦਕਿ ਡੇਂਗੂ ਦੇ ਪੰਡੋਰੀ ਵੜੈਚ ਅਤੇ ਗੁਰੂਵਾਲੀ ਵਿਖੇ ਕੇਸ ਰਿਪੋਰਟ ਹੋਏ ਹਨ। ਵਿਭਾਗ ਦੀਆਂ ਟੀਮਾਂ ਲਗਾਤਾਰ ਪ੍ਰਭਾਵਿਤ ਖੇਤਰਾਂ ਵਿਚ ਨਿਰੀਖਣ ਕਰ ਰਹੀਆਂ ਹਨ ਅਤੇ ਛਿੜਕਾਅ ਦੇ ਪ੍ਰਬੰਧ ਕਰਵਾ ਰਹੀਆਂ ਹਨ।
ਡੇਂਗੂ ਅਤੇ ਚਿਕਨਗੁਨੀਆਂ ਨਾਲ ਡਾਇਰੀਆ ਦੇ ਮਾਮਲੇ ਵੀ ਆ ਰਹੇ ਨੇ ਸਾਹਮਣੇ
ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਮੈਂਬਰ ਡਾ. ਰਜਨੀਸ਼ ਸ਼ਰਮਾ ਨੇ ਦੱਸਿਆ ਕਿ ਡੇਂਗੂ ਅਤੇ ਚਿਕਨਗੁਨੀਆਂ ਦੇ ਲੱਛਣ ਵਾਲੇ ਮਰੀਜ਼ ਸਾਹਮਣੇ ਆਉਣ ਤੋਂ ਬਾਅਦ ਹੁਣ ਉਲਟੀਆਂ, ਟੱਟੀਆਂ ਨਾਲ ਪੀੜਤ ਮਰੀਜ਼ ਵੀ ਇਲਾਜ ਲਈ ਡਾਕਟਰਾਂ ਕੋਲ ਆ ਰਹੇ ਹਨ। ਡਾ. ਰਜਨੀਸ਼ ਨੇ ਦੱਸਿਆ ਕਿ ਡੇਂਗੂ ਅਤੇ ਚਿਕਨਗੁਨੀਆਂ ਲਈ ਲੋਕਾਂ ਨੂੰ ਪੂਰੀ ਬਾਂਹ ਵਾਲੇ ਕੱਪੜੇ ਪਾਉਣੇ ਚਾਹੀਦੇ ਹਨ ਅਤੇ ਆਪਣੇ ਆਲੇ-ਦੁਆਲੇ ਸਾਫ ਪਾਣੀ ਇਕੱਠਾ ਨਹੀਂ ਹੋਣ ਦੇਣਾ ਚਾਹੀਦਾ। ਇਸ ਦੇ ਨਾਲ ਹੀ ਡਾਇਰੀਆ ਦੇ ਇਲਾਜ ਲਈ ਬਾਜ਼ਾਰ ਦੀ ਚੀਜ਼ ਖਾਣ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ ਅਤੇ ਖਾਸ ਕਰ ਕੇ ਬਜਾਰੀ ਕੱਟੇ ਹੋਏ ਫਲ ਖਾਣ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ। ਡਾ. ਰਜਨੀਸ਼ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ। ਲੋਕਾਂ ਨੂੰ ਸਿਹਤ ਵਿਭਾਗ ਦੀ ਗਾਈਡਲਾਈਨ ਦੀ ਪਾਲਣਾ ਕਰਨੀ ਚਾਹੀਦੀ ਹੈ।
ਇਹ ਵੀ ਪੜ੍ਹੋ- ਸ਼ੱਕੀ ਹਾਲਾਤ ’ਚ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8