ਚੋਰ ਅਤੇ ਏ. ਸੀ. ਪੀ. ਦੇ ਪਾਜ਼ੇਟਿਵ ਆਉਣ ਦਾ ਪੁਲਸ ''ਤੇ ਪਿਆ ਸਾਈਡ ਇਫੈਕਟ

Wednesday, Apr 15, 2020 - 06:18 PM (IST)

ਚੋਰ ਅਤੇ ਏ. ਸੀ. ਪੀ. ਦੇ ਪਾਜ਼ੇਟਿਵ ਆਉਣ ਦਾ ਪੁਲਸ ''ਤੇ ਪਿਆ ਸਾਈਡ ਇਫੈਕਟ

ਲੁਧਿਆਣਾ (ਰਿਸ਼ੀ) : ਕਮਿਸ਼ਨਰੇਟ 'ਚ ਪਹਿਲਾਂ ਇਕ ਚੋਰ ਅਤੇ ਹੁਣ ਏ. ਸੀ. ਪੀ. ਦੇ ਪਾਜ਼ੇਟਿਵ ਆਉਣ ਦਾ ਕੋਰੋਨਾ ਖਿਲਾਫ ਜੰਗ ਲੜ ਰਹੀ ਪੁਲਸ 'ਤੇ ਸਾਈਡ ਇਫੈਕਟ ਪੈਣਾ ਸ਼ੁਰੂ ਹੋ ਗਿਆ ਹੈ। ਨਾਕਿਆਂ 'ਤੇ ਖੜ੍ਹੀ ਫੋਰਸ ਵੱਲੋਂ ਲੋਕਾਂ ਦੇ ਨਾਲ-ਨਾਲ ਡਿਊਟੀ ਦੌਰਾਨ ਆਪਸ 'ਚ ਵੀ ਦੂਰੀ ਬਣਾਈ ਰੱਖਣ ਵੱਲ ਧਿਆਨ ਦਿੱਤਾ ਜਾ ਰਿਹਾ ਹੈ ਕਿਉਂਕਿ ਸਭ ਖੁਦ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ, ਜਦੋਂਕਿ ਅਫਸਰ ਵੀ ਇਕ ਦੂਜੇ ਨਾਲ ਗੱਲਬਾਤ ਕਰਨ ਲਈ ਜ਼ਿਆਦਾ ਵੀਡੀਓ ਕਾਲ 'ਤੇ ਜ਼ੋਰ ਦੇ ਰਹੇ ਹਨ ਅਤੇ ਨਾਕਿਆਂ 'ਤੇ ਚੈਕਿੰਗ ਕਰਨ ਜਾ ਰਹੇ ਅਫਸਰ ਵੀ ਸਮਾਜਿਕ ਦੂਰੀ ਬਣਾਈ ਰੱਖਣ ਬਾਰੇ ਪਹਿਲਾਂ ਗਾਈਡ ਕਰ ਰਹੇ ਹਨ। ਸਭ ਤੋਂ ਪਹਿਲਾਂ ਕੋਰੋਨਾ ਦੀ ਦਸਤਕ ਅਮਰਪੁਰਾ ਇਲਾਕੇ 'ਚ ਦਿੱਤੀ ਗਈ ਜਿੱਥੇ ਸੀਲ ਕੀਤੇ ਗਏ ਇਲਾਕੇ 'ਚ ਖੜ੍ਹੀ ਫੋਰਸ ਦੀ ਚੈਕਿੰਗ ਕਰਨ ਪੁੱਜੇ ਏ. ਡੀ. ਸੀ. ਪੀ.-1 ਗੁਰਪ੍ਰੀਤ ਸਿੰਘ ਸਿਕੰਦ ਵੱਲੋਂ ਸਮਾਜਿਕ ਦੂਰੀ ਦਾ ਧਿਆਨ ਰੱਖਿਆ ਗਿਆ ਜੋ ਪੁਲਸ ਵਿਭਾਗ 'ਚ ਇਕ ਚੰਗਾ ਸੁਨੇਹਾ ਹੈ।

ਇਹ ਵੀ ਪੜ੍ਹੋ ► ਕੋਰੋਨਾ ਵਾਇਰਸ ਨੂੰ ਲੈ ਕੇ ਮੋਹਾਲੀ ਤੇ ਜਲੰਧਰ ਤੋਂ ਰੈਪਿਡ ਟੈਸਟਿੰਗ ਸ਼ੁਰੂ, 15 ਮਿੰਟ 'ਚ ਆਵੇਗੀ ਰਿਪੋਰਟ

ਮਾਸਕ, ਗਲਵਜ਼ ਦੀ ਵੀ ਕਮੀ ਪਰ ਸਾਰੇ ਚੁੱਪ
ਮੁਲਾਜ਼ਮਾਂ 'ਚ ਇਸ ਗੱਲ ਨੂੰ ਲੈ ਕੇ ਵੀ ਚਰਚਾ ਹੈ ਕਿ ਉਨ੍ਹਾਂ ਨੂੰ ਲੋੜ ਮੁਤਾਬਕ ਮਾਸਕ, ਗਲਵਜ਼ ਜਾਂ ਫਿਰ ਹੋਰ ਸਾਮਾਨ ਅਫਸਰਾਂ ਵੱਲੋਂ ਮੁਹੱਈਆ ਨਹੀਂ ਕਰਵਾਇਆ ਜਾ ਰਿਹਾ ਪਰ ਉਨ੍ਹਾਂ ਨੇ ਚੁੱਪ ਸਾਧੀ ਹੋਈ ਹੈ, ਕਿਉਂਕਿ ਜੇਕਰ ਕਿਸੇ ਮੁਲਾਜ਼ਮ ਦੇ ਵਿਰੋਧ ਕਰਨ ਦੀ ਗੱਲ ਕਪਤਾਨ ਤੱਕ ਪੁੱਜੀ ਤਾਂ ਉਸ ਨੂੰ ਖਮਿਆਜ਼ਾ ਭੁਗਤਣਾ ਪੈ ਸਕਦਾ ਹੈ। ਕਪਤਾਨ ਵੱਲੋਂ ਵੀ ਫੋਰਸ ਦਾ ਮਨੋਬਲ ਵਧਾਉਣ ਲਈ ਸਮੇਂ ਸਮੇਂ 'ਤੇ ਆਡੀਓ ਸੁਨੇਹੇ ਭੇਜੇ ਜਾ ਰਹੇ ਹਨ ਅਤੇ ਹਰ ਸੰਭਵ ਮਦਦ ਵੀ ਕੀਤੀ ਜਾ ਰਹੀ ਹੈ। ਸਾਰੀ ਫੋਰਸ ਨੂੰ ਪੀ. ਪੀ. ਈ. ਕਿੱਟਾਂ ਮੁਹੱਈਆ ਕਰਵਾਉਣ ਵੱਲ ਤਾਂ ਹੁਣ ਤੱਕ ਕਿਸੇ ਨੇ ਧਿਆਨ ਨਹੀਂ ਦਿੱਤਾ।

ਬੱਚਿਆਂ ਦੇ ਭਵਿੱਖ ਲਈ ਦੂਰ, ਥਾਣਿਆਂ ਚੌਕੀਆਂ 'ਚ ਰਹਿਣ ਲੱਗੇ
ਕਈ ਮੁਲਾਜ਼ਮ ਤਾਂ ਡਿਊਟੀ ਤੋਂ ਬਾਅਦ ਘਰ ਨਹੀਂ ਜਾ ਰਹੇ। ਉਨ੍ਹਾਂ ਦਾ ਮੰਨਣਾ ਹੈ ਕਿ ਜੋ ਕੁਝ ਘੰਟੇ ਅਰਾਮ ਕਰਨ ਲਈ ਮਿਲੇ ਹਨ, ਉਹ ਆਪਣੇ ਥਾਣੇ, ਚੌਕੀ 'ਚ ਹੀ ਬਿਤਾਈਏ। ਇਸੇ ਕਾਰਣ ਘਰਾਂ ਤੋਂ ਕੱਪੜੇ ਮੰਗਵਾ ਲਏ ਹਨ। ਇਸ ਦੇ ਪਿੱਛੇ ਦਾ ਇਕ ਕਾਰਣ ਇਹ ਵੀ ਹੈ ਕਿ ਕਾਫੀ ਮੁਲਾਜ਼ਮ ਇਸ ਗੱਲ ਤੋਂ ਡਰ ਰਹੇ ਹਨ ਕਿ ਬਾਹਰੋਂ ਕੋਰੋਨਾ ਵਾਇਰਸ ਨੂੰ ਲੈ ਕੇ ਕਿਤੇ ਆਪਣੇ ਹੀ ਘਰ ਨਾ ਪੁੱਜ ਜਾਣ ਅਤੇ ਉਨ੍ਹਾਂ ਦੇ ਨਾਲ-ਨਾਲ ਪਰਿਵਾਰ ਅਤੇ ਬੱਚਿਆਂ ਨੂੰ ਵੀ ਕਿਸੇ ਮੁਸੀਬਤ ਦਾ ਸਾਹਮਣਾ ਨਾ ਕਰਨਾ ਪਵੇ।

ਇਹ ਵੀ ਪੜ੍ਹੋ ► ਗੁਰਦਾਸਪੁਰ 'ਚ ਕੋਰੋਨਾ ਨੇ ਦਿੱਤੀ ਦਸਤਕ, ਪਹਿਲਾ ਮਾਮਲਾ ਆਇਆ ਸਾਹਮਣੇ


author

Anuradha

Content Editor

Related News