ਚੌਥਾ ਪੋਸ਼ਣ ਮਾਹ ''ਜਨ ਅੰਦੋਲਨ'' ਵੱਜੋਂ ਮਨਾਇਆ ਜਾ ਰਿਹੈ : ਅਰੁਣਾ ਚੌਧਰੀ

Friday, Sep 03, 2021 - 10:55 AM (IST)

ਚੌਥਾ ਪੋਸ਼ਣ ਮਾਹ ''ਜਨ ਅੰਦੋਲਨ'' ਵੱਜੋਂ ਮਨਾਇਆ ਜਾ ਰਿਹੈ : ਅਰੁਣਾ ਚੌਧਰੀ

ਚੰਡੀਗੜ੍ਹ : ਪੰਜਾਬ ਦੇ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਅਰੁਣਾ ਚੌਧਰੀ ਨੇ ਦੱਸਿਆ ਕਿ ਚੌਥਾ ਪੋਸ਼ਣ ਮਾਹ ਸਤੰਬਰ ਮਹੀਨੇ ਵਿੱਚ ਸੂਬੇ ਭਰ ਵਿੱਚ ਜਨ ਅੰਦੋਲਨ ਵੱਜੋਂ ਮਨਾਇਆ ਜਾ ਰਿਹਾ ਹੈ ਅਤੇ ਇਸ ਸਬੰਧੀ ਵੱਖ-ਵੱਖ ਥਾਵਾਂ 'ਤੇ ਪ੍ਰੋਗਰਾਮ ਕਰਵਾਏ ਜਾ ਰਹੇ ਹਨ। ਇੱਥੇ ਜਾਰੀ ਪ੍ਰੈੱਸ ਰਿਲੀਜ਼ ਵਿੱਚ ਅਰੁਣਾ ਚੌਧਰੀ ਨੇ ਦੱਸਿਆ ਕਿ ਮਲਟੀ-ਮਨੀਸਟਰੀਅਲ ਕਨਵਰਜ਼ਨ ਮਿਸ਼ਨ ਪੋਸ਼ਣ ਅਭਿਆਨ ਲਈ ਵਿਭਾਗ ਵੱਲੋਂ ਚਾਰ ਹਫ਼ਤਿਆਂ ਲਈ ਚਾਰ ਬੁਨਿਆਦੀ ਵਿਸ਼ਿਆਂ ਦੀ ਪਛਾਣ ਕੀਤੀ ਗਈ।

ਪਹਿਲੇ ਹਫ਼ਤੇ ਦੌਰਾਨ ਆਂਗਨਵਾੜੀ ਕੇਂਦਰਾਂ, ਸਕੂਲਾਂ, ਪੰਚਾਇਤਾਂ ਅਤੇ ਹੋਰ ਜਨਤਕ ਥਾਵਾਂ 'ਤੇ ਪੋਸ਼ਣ ਵਾਟਿਕਾ ਦੇ ਰੂਪ ਵਿੱਚ ਪੌਦੇ ਲਏ ਜਾਣਗੇ, ਜਦੋਂ ਕਿ ਦੂਜੇ ਹਫ਼ਤੇ ਯੋਗਾ ਅਤੇ ਆਯੂਸ਼ ਸਬੰਧੀ ਗਤੀਵਿਧੀਆਂ ਕਰਵਾਈਆਂ ਜਾਣਗੀਆਂ। ਉਨ੍ਹਾਂ ਅੱਗੇ ਦੱਸਿਆ ਕਿ ਤੀਜੇ ਹਫ਼ਤੇ ਦੌਰਾਨ ਆਈ. ਈ. ਸੀ. ਸਮੱਗਰੀ ਨਾਲ ਵਧੇਰੇ ਲੋੜਵੰਦ ਜ਼ਿਲ੍ਹਿਆਂ ਵਿੱਚ ਆਂਗਨਵਾੜੀ ਲਾਭਪਾਤਰੀਆਂ ਨੂੰ ਪੋਸ਼ਣ ਕਿੱਟਾਂ ਦੀ ਵੰਡ ਕੀਤੀ ਜਾਵੇਗੀ। ਇਸੇ ਤਰ੍ਹਾਂ ਐਸ. ਏ. ਐਮ. ਦੀ ਪਛਾਣ ਅਤੇ ਪੌਸ਼ਟਿਕ ਭੋਜਨ ਦੀ ਵੰਡ ਲਈ ਮੁਹਿੰਮ ਚੌਥੇ ਹਫ਼ਤੇ ਦਾ ਮੁੱਖ ਮਕਸਦ ਰਹੇਗਾ।

ਕੈਬਨਿਟ ਮੰਤਰੀ ਨੇ ਕਿਹਾ ਕਿ ਇਹ ਪ੍ਰੋਗਰਾਮ ਜਨਮ ਤੋਂ ਪਹਿਲਾਂ ਦੀ ਦੇਖਭਾਲ, ਮਾਂ ਦਾ ਦੁੱਧ ਚੁੰਘਾਉਣ (ਜਲਦ ਅਤੇ ਵਿਸ਼ੇਸ਼ ਰੂਪ ਵਿੱਚ), ਪੂਰਕ ਖ਼ੁਰਾਕ, ਅਨੀਮੀਆ (ਖੂਨ ਦੀ ਕਮੀ), ਬੱਚਿਆਂ ਦੇ ਵਾਧੇ ਦੀ ਨਿਗਰਾਨੀ, ਲੜਕੀਆਂ ਦੀ ਸਿੱਖਿਆ, ਖ਼ੁਰਾਕ, ਵਿਆਹ ਦੀ ਸਹੀ ਉਮਰ, ਸਫ਼ਾਈ ਤੇ ਸਵੱਛਤਾ ਅਤੇ ਭੋਜਨ ਦੀ ਸੁਰੱਖਿਆ ਸਬੰਧੀ ਵਿਸ਼ਿਆਂ 'ਤੇ ਕੇਂਦਰਿਤ ਹੈ। ਉਨ੍ਹਾਂ ਅੱਗੇ ਕਿਹਾ ਕਿ ਇਹ ਪ੍ਰੋਗਰਾਮ ਪਹਿਲਾਂ ਹੀ 1 ਸਤੰਬਰ, 2021 ਤੋਂ ਬੂਟੇ ਲਾਉਣ ਦੀਆਂ ਗਤੀਵਿਧੀਆਂ ਨਾਲ ਸ਼ੁਰੂ ਹੋ ਚੁੱਕਾ ਹੈ। ਪੂਰੇ ਮਹੀਨੇ ਦੌਰਾਨ, ਸਬੰਧਿਤ ਵਿਭਾਗਾਂ ਦੇ ਤਾਲਮੇਲ ਨਾਲ ਮੁਕਾਮੀ ਖਾਣਿਆਂ ਨੂੰ ਉਤਸ਼ਾਹਿਤ ਕਰਨ, ਲਾਭਪਾਤਰੀਆਂ ਨੂੰ ਪੋਸ਼ਣ ਕਿੱਟਾਂ ਦੀ ਵੰਡ, ਯੋਗਾ ਸੈਸ਼ਨ ਅਤੇ ਐਸ. ਏ. ਐਮ. ਬੱਚਿਆਂ ਦੀ ਪਛਾਣ ਵਰਗੀਆਂ ਹੋਰ ਕਈ ਗਤੀਵਿਧੀਆਂ ਕਰਵਾਈਆਂ ਜਾਣਗੀਆਂ।


author

Babita

Content Editor

Related News