ਅਸ਼ਲੀਲ ਵੀਡੀਓ ਦਿਖਾ ਕੇ ਕੀਤਾ ਸ਼ਰਮਨਾਕ ਕੰਮ, ਦਿੱਤੀ ਜਾਨ ਤੋਂ ਮਾਰਨ ਦੀ ਧਮਕੀ

Wednesday, Sep 13, 2017 - 12:29 PM (IST)

ਅੰਮ੍ਰਿਤਸਰ (ਅਗਨੀਹੋਤਰੀ) - ਥਾਣਾ ਖੇਤਰ 'ਚ ਦਿਨੋ-ਦਿਨ ਵੱਧ ਰਹੀਆਂ ਘਟਨਾਵਾਂ ਨਾਲ ਲੋਕਾਂ ਦੇ ਦਿਲਾਂ 'ਚ ਦਹਿਸ਼ਤ ਦਾ ਮਾਹੌਲ ਬਣਦਾ ਜਾ ਰਿਹਾ ਹੈ। ਗੁਰਦੁਆਰਾ ਸ੍ਰੀ ਛੇਹਰਟਾ ਸਾਹਿਬ ਤੋਂ ਕੁਝ ਕਦਮਾਂ ਦੀ ਦੂਰੀ 'ਤੇ ਅਤੇ ਥਾਣਾ ਛੇਹਰਟਾ ਅਧੀਨ ਆਉਂਦੇ ਖੇਤਰ ਸੰਨ੍ਹ ਸਾਹਿਬ ਰੋਡ ਦੇ ਵਾਸੀ ਬਲਜਿੰਦਰ ਸਿੰਘ ਨੇ ਦੱਸਿਆ ਕਿ ਨਰਿੰਦਰ ਸਿੰਘ (50) ਵਾਸੀ ਗੁਰੂ ਕੀ ਵਡਾਲੀ ਦਾ ਪਿਛਲੇ ਕਈ ਸਾਲਾਂ ਤੋਂ ਸਾਡੇ ਘਰ ਆਉਣਾ-ਜਾਣਾ ਸੀ। ਉਨ੍ਹਾਂ ਕਥਿਤ ਤੌਰ 'ਤੇ ਦੋਸ਼ ਲਾਉਂਦਿਆਂ ਕਿਹਾ ਕਿ ਨਰਿੰਦਰ ਸਿੰਘ ਨਜ਼ਦੀਕ ਗੁ. ਸਾਹਿਬ ਵਿਖੇ ਨੌਕਰੀ ਕਰਦਾ ਸੀ, ਜਿਸ ਨੂੰ ਗੁ. ਸਾਹਿਬ 'ਚ ਲੱਗੇ ਜਨਰੇਟਰ 'ਚੋਂ ਤੇਲ ਚੋਰੀ ਕੱਢਣ ਦੇ ਦੋਸ਼ 'ਚ ਕਰੀਬ ਇਕ ਸਾਲ ਪਹਿਲਾਂ ਗੁ. ਸਾਹਿਬ ਦੇ ਪ੍ਰਬੰਧਕਾਂ ਵੱਲੋਂ ਨੌਕਰੀ ਤੋਂ ਕੱਢਿਆ ਗਿਆ ਸੀ।
ਉਨ੍ਹਾਂ ਦੱਸਿਆ ਕਿ ਨਰਿੰਦਰ ਸਿੰਘ ਟੀ. ਵੀ., ਵੀ. ਸੀ. ਡੀ., ਡੀ. ਵੀ. ਡੀ. ਆਦਿ ਰਿਪੇਅਰ ਕਰਨ ਦਾ ਕੰਮ ਕਰਦਾ ਹੈ ਤੇ ਉਸ ਨੂੰ ਅਸੀਂ ਡੀ. ਵੀ. ਡੀ. ਰਿਪੇਅਰ ਕਰਨ ਲਈ ਦਿੱਤੀ ਹੈ ਤੇ ਕਰੀਬ 10 ਦਿਨ ਪਹਿਲਾਂ ਉਹ ਸਾਡੇ ਘਰ ਆਇਆ ਤੇ ਮੇਰੀਆਂ 10 ਤੇ 12 ਸਾਲਾਂ ਦੀਆਂ ਬੇਟੀਆਂ ਨੂੰ ਕਹਿਣ ਲੱਗਾ ਕਿ ਤੁਹਾਡੀ ਡੀ. ਵੀ. ਡੀ. ਠੀਕ ਹੋ ਗਈ ਹੈ। ਉਸ ਸਮੇਂ ਮੇਰੀ ਪਤਨੀ ਰੋਜ਼ਾਨਾ ਦੀ ਤਰ੍ਹਾਂ ਗੁ. ਸ੍ਰੀ ਛੇਹਰਟਾ ਸਾਹਿਬ ਵਿਖੇ ਸੇਵਾ ਕਰਨ ਗਈ ਹੋਈ ਸੀ, ਜਿਸ ਬਾਰੇ ਉਹ ਭਲੀਭਾਂਤ ਜਾਣਦਾ ਸੀ। ਮੇਰੀ ਵੱਡੀ ਬੇਟੀ ਨੇ ਆਪਣੀ ਛੋਟੀ ਭੈਣ ਰਾਣੀ (ਕਾਲਪਨਿਕ ਨਾਂ) ਨੂੰ ਉਸ ਵਿਅਕਤੀ ਨਾਲ ਦੁਕਾਨ ਤੋਂ ਡੀ. ਵੀ. ਡੀ. ਲਿਆਉਣ ਲਈ ਭੇਜ ਦਿੱਤਾ ਤੇ ਉਸ ਵਿਅਕਤੀ ਨੇ ਮੇਰੀ 10 ਸਾਲਾ ਬੇਟੀ ਨੂੰ ਦੁਕਾਨ 'ਤੇ ਲਿਜਾ ਕੇ ਅਸ਼ਲੀਲ ਵੀਡੀਓ ਦਿਖਾਈ ਤੇ ਉਸ ਮਾਸੂਮ ਨਾਲ ਅਸ਼ਲੀਲ ਹਰਕਤਾਂ ਕੀਤੀਆਂ ਤੇ ਉਸ ਨੇ ਮੇਰੀ ਬੇਟੀ ਨੂੰ ਘਰ ਨਾ ਦੱਸਣ ਲਈ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ।
ਪੀੜਤ ਪਰਿਵਾਰ ਨੇ ਦੱਸਿਆ ਕਿ ਇਸ ਘਿਨੌਣੀ ਹਰਕਤ ਦਾ ਪਤਾ ਲੱਗਣ 'ਤੇ ਬੀਤੇ ਦਿਨੀਂ ਸਾਡੇ ਵੱਲੋਂ ਥਾਣਾ ਛੇਹਰਟਾ ਦੇ ਐੱਸ. ਐੱਸ. ਓ. ਲਖਵਿੰਦਰ ਸਿੰਘ ਕਲੇਰ ਨੂੰ ਲਿਖਤੀ ਸ਼ਿਕਾਇਤ ਕੀਤੀ ਗਈ ਤੇ ਐੱਸ. ਐੱਚ. ਓ. ਨੇ ਮੇਰੀਆਂ ਦੋਵੇਂ ਬੇਟੀਆਂ ਤੇ ਮੇਰੇ ਭਾਣਜੇ ਤੋਂ ਇਕੱਲੇ ਵੀ ਪੁੱਛਗਿੱਛ ਕੀਤੀ। ਪੀੜਤ ਲੜਕੀ ਦੇ ਪਿਤਾ ਨੇ ਦੱਸਿਆ ਕਿ ਐੱਸ. ਐੱਚ. ਓ. ਛੇਹਰਟਾ ਸਾਡੇ 'ਤੇ ਦਬਾਅ ਬਣਾ ਰਿਹਾ ਹੈ ਕਿ ਤੁਸੀਂ ਝੂਠ ਬੋਲ ਰਹੇ ਹੋ। ਪੀੜਤਾ ਦੇ ਮਾਪਿਆਂ ਨੇ ਰੋਂਦਿਆਂ ਕਿਹਾ ਕਿ ਉਹ ਆਪਣੀ ਬੇਟੀ ਦੀ ਇੱਜ਼ਤ ਦਾਅ 'ਤੇ ਕਿਉਂ ਲਾਉਣਗੇ। ਉਨ੍ਹਾਂ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸਾਨੂੰ ਇਨਸਾਫ ਦਿਵਾਇਆ ਜਾਵੇ ਤੇ ਉਕਤ ਮੁਲਜ਼ਮ 'ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਕੋਈ ਕਿਸੇ ਦੀ ਬੇਟੀ ਨਾਲ ਅਜਿਹੀ ਘਿਨੌਣੀ ਹਰਕਤ ਨਾ ਕਰ ਸਕੇ।  ਇਸ ਸਬੰਧੀ ਜਦ ਥਾਣਾ ਛੇਹਰਟਾ ਦੇ ਐੱਸ. ਐੱਚ. ਓ. ਲਖਵਿੰਦਰ ਸਿੰਘ ਕਲੇਰ ਨੂੰ ਪੁੱਛਿਆ ਤਾਂ ਉਨ੍ਹਾਂ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਕਤ ਮੁਲਜ਼ਮ 'ਤੇ ਪਰਚਾ ਦਰਜ ਕਰ ਦਿੱਤਾ ਗਿਆ ਹੈ ਤੇ ਮਾਮਲੇ ਸਬੰਧੀ ਜਾਂਚ ਚੱਲ ਰਹੀ ਹੈ।


Related News