ਭਾਰਤ ’ਚ ਵਧਦੀ ਆਬਾਦੀ ਨੂੰ ਰੋਕਣ ਲਈ ਸਖਤ ਕਾਨੂੰਨ ਬਣਾਉਣ ਦੀ ਲੋਡ਼

07/11/2018 12:47:51 AM

ਜਲਾਲਾਬਾਦ(ਗੋਇਲ)-ਅੱਜ ਪੂਰੀ ਦੁਨੀਆ ’ਚ ਵਧਦੀ ਆਬਾਦੀ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਭਾਰਤ ’ਚ ਵੀ ਵਧਦੀ ਆਬਾਦੀ ’ਤੇ ਰੋਕ ਨਹੀਂ ਲੱਗ ਸਕੀ ਹੈ। ਭਾਰਤ ’ਚ ਸਮੇਂ-ਸਮੇਂ ਦੀਆਂ ਸਰਕਾਰਾਂ ਵੱਲੋਂ ਆਬਾਦੀ ਰੋਕਣ ਲਈ ਬਣਾਏ ਗਏ ਕਾਨੂੰਨ ਅਤੇ ਜਾਗਰੂਕਤਾ ਮੁਹਿੰਮਾਂ ਨੇ ਵੀ ਕੋਈ ਜ਼ਿਆਦਾ ਚੰਗੇ ਨਤੀਜੇ ਨਹੀਂ ਦਿੱਤੇ ਹਨ। ਆਬਾਦੀ ਰੋਕਣ ਲਈ 11 ਜੁਲਾਈ ਨੂੰ ਵਿਸ਼ਵ ਆਬਾਦੀ ਦਿਵਸ ਦੇ ਰੂਪ ’ਚ ਮਨਾਇਆ ਜਾਂਦਾ ਹੈ।
ਵਿਸ਼ਵ ਆਬਾਦੀ ਦਿਵਸ ਦਾ ਇਤਿਹਾਸ
11 ਜੁਲਾਈ ਨੂੰ ਹਰ ਸਾਲ ਪੂਰੀ ਦੁਨੀਆ ’ਚ ਵਿਸ਼ਵ ਆਬਾਦੀ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਸ ਦਿਵਸ ਦੀ ਸ਼ੁਰੂਆਤ ਸੰਯੁਕਤ ਰਾਸ਼ਟਰ ਵੱਲੋਂ ਸਾਲ 1989 ’ਚ ਕੀਤੀ ਗਈ ਸੀ। 11 ਜੁਲਾਈ ਨੂੰ ਵਿਸ਼ਵ ਆਬਾਦੀ ਦਿਵਸ ਦੇ ਰੂਪ ’ਚ ਮਨਾਉਂਦੇ ਹੋਏ ਆਬਾਦੀ ਵਿਸ਼ੇ ਦੇ ਮਹੱਤਵ ਵੱਲ ਲੋਕਾਂ ਦਾ ਧਿਆਨ ਖਿੱਚਣ ਲਈ ਇਸ ਦੀ ਸ਼ੁਰੂਆਤ ਕੀਤੀ ਗਈ ਸੀ।
ਸਖਤ ਫੈਸਲਾ ਲੈਣ ਦੀ ਲੋਡ਼
ਅੱਜ ਭਾਰਤ ’ਚ ਵਧਦੀ ਆਬਾਦੀ ਨੂੰ ਰੋਕਣ ਲਈ ਸਖਤ ਕਾਨੂੰਨ ਬਣਾਉਣ ਦੀ ਲੋਡ਼ ਹੈ। ਅੱਜ ਤੱਕ ਭਾਰਤ ’ਚ ਕੋਈ ਵੀ ਸਰਕਾਰ ਚੀਨ ਦੀ ਤਰ੍ਹਾਂ ਸਖਤ ਫੈਸਲਾ ਨਹੀਂ ਚੁੱਕ ਸਕੀ ਹੈ ਪਰ ਹੁਣ ਸਖਤ ਫੈਸਲੇ ਦੀ ਲੋਡ਼ ਹੈ। ਇਸ  ਲਈ ਦੋ ਤੋਂ ਵਧ ਬੱਚਿਆਂ ਵਾਲਿਆਂ ਨੂੰ ਸਰਕਾਰੀ ਨੌਕਰੀ ਨਾ ਦੇਣ ਦਾ ਨਿਯਮ ਬਣਾਇਆ ਜਾਣਾ ਚਾਹੀਦਾ ਹੈ।
 ਇਸ ਤੋਂ ਇਲਾਵਾ ਸਾਰੀਆਂ ਲਡ਼ਕੀਆਂ ਨੂੰ ਯੂਨੀਵਰਸਿਟੀ ਪੱਧਰ ਤੱਕ ਮੁਫਤ ਸਿੱਖਿਆ ਦਿੱਤੀ ਜਾਵੇ।
ਆਬਾਦੀ ’ਚ ਚੀਨ ਨੂੰ ਛੱਡ ਦੇਵਾਂਗੇ ਪਿਛੇ
 ਯੂ. ਐੱਨ. ਦੀ ਰਿਪੋਟਰ ਅਨੁਸਾਰ ਜਿਥੇ ਸਾਲ 2050 ਤੱਕ ਦੁਨੀਆ ਦੀ ਆਬਾਦੀ 9.8 ਅਰਬ ਹੋ ਜਾਵੇਗੀ, ਉਥੇ ਭਾਰਤ 2022 ਤੱਕ ਜਨਸੰਖਿਆ ’ਚ ਚੀਨ ਨੂੰ ਪਿੱਛੇ ਛੱਡ ਦੇਵੇਗਾ। ਦੱਸ ਦੇਈਏ ਕਿ 1951 ’ਚ ਭਾਰਤ ਦੀ ਆਬਾਦੀ 36 ਕਰੋਡ਼ ਸੀ, ਜੋ ਕਿ ਹੁਣ ਵਧ ਕੇ 127 ਕਰੋਡ਼ ਹੋ ਗਈ ਹੈ। 9 ਜੁਲਾਈ 2018 ਨੂੰ ਭਾਰਤ ਦੀ ਆਬਾਦੀ 1,354,294,272 ਦਰਜ ਕੀਤੀ ਗਈ ਹੈ। ਸਾਲ 2030 ਤੱਕ ਭਾਰਤ ਦੀ ਆਬਾਦੀ 1.5 ਅਰਬ ਹੋ ਜਾਣ ਦੀ ਸੰਭਾਵਨਾ ਹੈ।
ਆਬਾਦੀ ਰੋਕਣ ਲਈ ਯਤਨ
ਭਾਰਤ ਸਰਕਾਰ, ਆਗੂਆਂ ਅਤੇ ਨੀਤੀਆਂ ਬਣਾਉਣ ਵਾਲਿਆਂ ਨੂੰ ਇਕ ਮਜ਼ਬੂਤ ਆਬਾਦੀ ਕਾਨੂੰਨ ਬਣਾਉਣ ਲਈ ਪਹਿਲ ਕਰਨੀ ਚਾਹੀਦੀ ਹੈ। ਅੌਰਤਾਂ ਅਤੇ ਬੱਚੀਆਂ ਦੇ ਕਲਿਆਣ ਅਤੇ ਉਨ੍ਹਾਂ ਦੀ ਹਾਲਾਤ ਚੰਗੀ ਕਰਨ, ਸਿੱਖਿਆ ਦੇ ਪ੍ਰਸਾਰ, ਗਰਭ ਨਿਰੋਧਕ ਅਤੇ ਪਰਿਵਾਰ ਨਿਯੋਜਨ ਦੇ ਤਰੀਕੇ, ਸੈਕਸ ਸਿੱਖਿਆ, ਪੁਰਸ਼ ਨਸਬੰਦੀ ਨੂੰ ਵਧਾਵਾ ਅਤੇ ਬੱਚਿਆਂ ਦੇ ਜਨਮ ’ਚ ਅੰਤਰ, ਗਰੀਬਾਂ ’ਚ ਗਰਭ ਨਿਰੋਧਕ ਗੋਲੀਆਂ ਅਤੇ ਕੰਡੋਮ ਦੀ ਮੁਫਤ ਵੰਡ ਅਤੇ ਗਰੀਬਾਂ ਲਈ ਜ਼ਿਆਦਾ ਸਿਹਤ ਸੇਵਾ ਕੇਂਦਰ ਆਦਿ ਕੁਝ ਅਜਿਹੇ ਕਦਮ ਹਨ, ਜੋ ਆਬਾਦੀ ਨੂੰ ਕਾਬੂ ਕਰਨ ’ਚ ਵੱਡਾ ਯੋਗਦਾਨ ਦੇ ਸਕਦੇ ਹਨ।
ਕਿਵੇਂ ਮਨਾਈਏ ਦਿਵਸ
 ਵਧਦੀ ਆਬਾਦੀ ਦੇ ਮੁੱਦੇ ’ਤੇ ਸੈਮੀਨਾਰ, ਵਿਚਾਰਾਂ, ਸਿੱਖਿਅਕ ਮੁਕਾਬਲੇ, ਸਿੱਖਿਅਕ ਜਾਣਕਾਰੀ ਸੈਸ਼ਨ, ਲੇਖ ਰਚਨਾ ਮੁਕਾਬਲੇ, ਵੱਖ-ਵੱਖ ਵਿਸ਼ਿਆਂ ’ਤੇ ਲੋਕ ਮੁਕਾਬਲੇ, ਪੋਸਟਰ ਮੁਕਾਬਲੇ, ਗੀਤ, ਖੇਡ ਮੁਕਾਬਲੇ, ਭਾਸ਼ਣ, ਕਵਿਤਾ, ਚਿੱਤਕਾਰੀ, ਨਾਅਰੇ, ਵਕਰਸ਼ਾਪ, ਲੈਕਚਰ, ਵਾਦ-ਵਿਵਾਦ ਤੇ ਗੋਲਮੇਜ ਚਰਚਾ ਕਰਵਾਈ ਜਾ ਸਕਦੀ। ਟੀ. ਵੀ. ਅਤੇ ਨਿਊਜ਼ ਚੈੱਨਲ, ਰੇਡੀਓ  ’ਤੇ ਆਬਾਦੀ ਸਬੰਧੀ ਸਮਾਗਮਾਂ ਦੇ ਜ਼ਰੀਏ ਆਬਾਦੀ ਦਿਵਸ ਨੂੰ ਮਨਾਇਆ ਜਾ ਸਕਦਾ ਹੈ।
ਆਬਾਦੀ ਦਿਵਸ ਨੂੰ ਮਨਾਉਣ ਦਾ ਉਦੇਸ਼
* ਇਹ ਕੁਡ਼ੀ ਅਤੇ ਮੁੰਡੇ ਦੋਵਾਂ ਦੀ ਸੁਰੱਖਿਆ ਤੇ ਸਸ਼ਕਤੀਕਰਨ ਲਈ ਮਨਾਇਆ ਜਾਂਦਾ ਹੈ।
* ਆਪਣੀ ਜ਼ਿੰਮੇਵਾਰੀ ਨੂੰ ਪੂਰੀ ਤਰ੍ਹਾਂ ਨਾਲ ਸਮਝਣ ਦੇ ਯੋਗ ਹੋਣ ਤੱਕ ਵਿਆਹ ਨੂੰ ਰੋਕਣਾ ਤੇ ਸੈਕਸ ਸਬੰਧੀ ਜਾਣਕਾਰੀ ਦੇਣਾ।
* ਆਬਰਸ਼ਨ ਨੂੰ ਰੋਕਣ ਲਈ ਨੌਜਵਾਨਾਂ ਨੂੰ ਜਾਗਰੂਕ ਕਰਨਾ।
* ਸਮਾਜ ’ਚ ਲਡ਼ਕੇ ਅਤੇ ਲਡ਼ਕੀ ਦੇ ਰਿਸ਼ਤੇ ਸਬੰਧੀ ਪੁਰਾਣੇ ਖਿਆਲਾਂ ਨੂੰ ਦੂਰ ਕਰਦੇ ਹੋਏ ਜਾਗਰੂਕ ਕਰਨਾ।
* ਸਮੇਂ ਤੋਂ ਪਹਿਲਾਂ ਮਾਂ ਬਣਨ ਦੇ ਖਤਰੇ ਸਬੰਧੀ ਲੋਕਾਂ ਨੂੰ ਸਿੱਖਿਅਤ ਕਰਨਾ।
* ਯੌਨ ਸਬੰਧਾਂ  ਨਾਲ ਫੈਲਣ ਵਾਲੀਆਂ ਬੀਮਾਰੀਆਂ ਸਬੰਧੀ ਜਾਣਕਾਰੀ ਦੇਣਾ।
* ਲਡ਼ਕੀਆਂ ਦੇ ਹੱਕਾਂ ਨੂੰ ਬਚਾਉਣ ਲਈ ਅਸਰਦਾਰ ਕਾਨੂੰਨ ਤੇ ਨੀਤੀਆਂ ਦੀ ਮੰਗ ਕਰਨਾ।
* ਲਡ਼ਕਿਆਂ ਤੇ ਲਡ਼ਕੀਆਂ ਤੱਕ ਇਕ ਬਰਾਬਰ ਮੁੱਢਲੀ ਸਿੱਖਿਆ ਦੀ ਪਹੁੰਚ ਕਰਨਾ।


Related News