ਪੋਪਲਰ ਦੀ ਖੇਤੀ ਤੋਂ ਵੱਧ ਆਮਦਨ ਲੈਣ ਲਈ ਹੋਰ ਫਸਲਾਂ ਦੀ ਬਿਜਾਈ ਜਰੂਰ ਕੀਤੀ ਜਾਵੇ

Thursday, Nov 09, 2017 - 02:37 PM (IST)

ਪੋਪਲਰ ਦੀ ਖੇਤੀ ਤੋਂ ਵੱਧ ਆਮਦਨ ਲੈਣ ਲਈ ਹੋਰ ਫਸਲਾਂ ਦੀ ਬਿਜਾਈ ਜਰੂਰ ਕੀਤੀ ਜਾਵੇ

ਸ੍ਰੀ ਮੁਕਤਸਰ ਸਾਹਿਬ (ਤਰਸੇਮ ਢੁੱਡੀ) - ਪੋਪਲਰ ਦੀ ਖੇਤੀ ਜਿਥੇ ਵਾਤਾਵਰਣ ਦੇ ਪੱਖ ਤੋਂ ਬਹੁਤ ਉੱਤਮ ਹੈ ਉਥੇ ਇਹ ਕਿਸਾਨਾਂ ਲਈ ਚੰਗੀ ਆਮਦਨ ਦਾ ਵੀ ਸਾਧਨ ਹੈ। ਕਿਸਾਨਾਂ ਨੂੰ ਪੋਪਲਰ ਤੋਂ ਵਧੇਰੇ ਆਮਦਨ ਲੈਣ ਲਈ ਇਸ 'ਚ ਇਕ ਹੋਰ ਖੇਤੀ ਜਰੂਰ ਕਰਨੀ ਚਾਹੀਦੀ ਹੈ। 
ਪੋਪਲਰ ਅਤੇ ਇਸ 'ਚ ਕਣਕ ਦੀ ਖੇਤੀ ਕਰਨ ਸਬੰਧੀ ਸਿਟਰਸ ਅਸਟੇਟ ਬਾਦਲ ਵਿਖੇ ਜਾਣਕਾਰੀ ਦਿੰਦਿਆਂ ਸਹਾਇਕ ਡਾਇਰੈਕਟਰ ਬਾਗਬਾਨੀ ਸ: ਨਰਿੰਦਰਜੀਤ ਸਿੰਘ ਨੇ ਕਿਹਾ ਕਿ ਪੋਪਲਰ ਪਲਾਂਟੇਸ਼ਨ 'ਚ ਨਵੰਬਰ ਦੇ ਪਹਿਲੇ ਪੰਦਰਵਾੜੇ ਵਿਚ ਕਣਕ ਦੀ ਬਿਜਾਈ ਕਰ ਦੇਣੀ ਚਾਹੀਦੀ ਹੈ। ਜਿਨਾਂ ਖੇਤਾਂ 'ਚ ਪੋਪਲਰ ਦੇ ਪੌਦੇ (ਜਨਵਰੀ-ਫ਼ਰਵਰੀ) 'ਚ ਲਾਉਣੇ ਹੁੰਦੇ ਹਨ, ਉਨ੍ਹਾਂ ਖੇਤਾਂ 'ਚ ਨਵੰਬਰ ਵਿਚ ਕਣਕ ਨੂੰ ਪਹਿਲਾਂ ਪੋਪਲਰ ਦੇ ਕਤਾਰਾਂ ਦੇ ਫ਼ਾਸਲੇ ਪਾਉਣ ਤੋਂ ਬਾਅਦ ਬੀਜਣਾ ਚਾਹੀਦਾ ਹੈ। ਉਨਾਂ ਕਿਹਾ ਕਿ ਖਾਲਾਂ ਨੂੰ ਉੱਤਰ-ਦੱਖਣ ਦੀ ਦਿਸ਼ਾ ਵਿਚ ਪਾ ਦਿਉ ਅਤੇ ਫ਼ਾਸਲਾ 5 ਮੀਟਰ ਦੀ ਦੂਰੀ (ਖਾਲਾਂ ਦੇ ਕੇਂਦਰ ਤੱਕ) 'ਤੇ ਰੱਖੋ ਤਾਂਕਿ ਕਣਕ ਦੀ ਖੜੀ ਫ਼ਸਲ ਦਾ ਨੁਕਸਾਨ ਨਾ ਹੋ ਸਕੇ। ਪੋਪਲਰ ਪਲਾਂਟੇਸ਼ਨ ਨੂੰ 15 ਦਿਨਾਂ ਬਾਅਦ ਪਾਣੀ ਲਾਉਂਦੇ ਰਹੋ। ਇਨ੍ਹਾਂ 'ਚ ਕਣਕ ਦੀ ਵਧੇਰੇ ਉਪਜ ਲੈਣ ਲਈ ਨਿਰੋਲ ਕਣਕ ਲਈ ਸਿਫ਼ਾਰਸ਼ ਕੀਤੀ ਹੋਈ ਨਾਈਟਰੋਜਨ, ਫਾਸਫੋਰਸ ਖਾਦ ਅਤੇ ਬੀਜ ਤੋਂ ਇਲਾਵਾ ਇਨਾਂ ਦੀ 50 ਪ੍ਰਤੀਸ਼ਤ ਤੱਕ ਵਾਧੂ ਮਾਤਰਾ ਦੀ ਵਰਤੋਂ ਕਰੋ। ਪੋਪਲਰ ਦੇ ਬੂਟੇ 8-2.5 ਮੀ. ਦੇ ਫ਼ਾਸਲੇ ਤੇ ਉਤੱਰ ਦੱਖਣ ਦਿਸ਼ਾ ਵਿਚ ਲਾਉ। ਪੋਪਲਰ ਦਾ ਸੱਕ ਖਾਣ ਵਾਲੇ ਕੀੜੇ ਦੀ ਰੋਕਥਾਮ ਲਈ ਕਲੋਰੋਪਾਈਰੀਫਾਸ 20 ਈ.ਸੀ. 2.5 ਮਿ.ਲਿ. ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਛਿੜਕਾਅ ਲਈ ਘੋਲ ਤਿਆਰ ਕਰ ਕੇ ਰੁੱਖ ਦੇ ਤਣੇ ਤੇ ਛਿੜਕਾਅ ਕਰੋ। ਉਨਾਂ ਨੇ ਕਿਹਾ ਕਿ ਇਸੇ ਤਰਾਂ ਕਣਕ ਦੀ ਵਾਢੀ ਤੋਂ ਕਿਸਾਨ ਪੋਪਲਰ ਵਾਲੇ ਖੇਤਾਂ ਵਿਚ ਹਲਦੀ ਦੀ ਕਾਸਤ ਵੀ ਕੀਤੀ ਜਾ ਸਕਦੀ ਹੈ। ਇਸ ਸਬੰਧੀ ਕਿਸਾਨ ਬਾਗਬਾਨੀ ਵਿਭਾਗ ਨਾਲ ਰਾਬਤਾ ਕਰ ਸਕਦੇ ਹਨ।


Related News