ਪਾਣੀ ਦੀ ਨਿਕਾਸੀ ਦਾ ਉਚਿਤ ਪ੍ਰਬੰਧ ਨਾ ਹੋਣ ਕਾਰਨ ਗਰੀਬਾਂ ਦੀਆਂ ਝੁੱਗੀਆਂ ਡੁੱਬੀਆਂ ਪਾਣੀ ''ਚ

Monday, Jun 11, 2018 - 01:51 AM (IST)

ਬੱਸੀ ਪਠਾਣਾਂ, (ਰਾਜਕਮਲ)- ਬੱਸੀ ਪਠਾਣਾਂ ਵਿਖੇ ਬੀਤੇ ਦਿਨ ਹੋਈ ਬਾਰਿਸ਼ ਨਾਲ ਜਿੱਥੇ ਕੁਝ ਲੋਕਾਂ ਨੂੰ ਇਸ ਭਿਆਨਕ ਗਰਮੀ ਤੋਂ ਰਾਹਤ ਮਿਲੀ, ਉਥੇ ਕੁਝ ਗਰੀਬ ਲੋਕ ਹਤਾਸ਼ ਤੇ ਨਿਰਾਸ਼ ਵੀ ਦਿਖਾਈ ਦਿੱਤੇ। ਸਥਾਨਕ ਫ਼ਾਟਕ ਪਾਰ ਵਾਰਡ ਨੰ. 2 ਦੇ ਸਲੱਮ ਏਰੀਆ ਵਿਚ ਸੈਂਕੜੇ ਹੀ ਅਜਿਹੇ ਪਰਿਵਾਰ ਹਨ ਜੋ ਝੁੱਗੀਆਂ ਨੂੰ ਹੀ ਆਪਣਾ ਆਸ਼ੀਆਨਾ ਸਮਝਦੇ ਹਨ ਪਰ ਬਰਸਾਤ ਨੇ ਇਨ੍ਹਾਂ ਝੁੱਗੀਆਂ ਨੂੰ ਡੁਬੋ ਕੇ ਰੱਖ ਦਿੱਤਾ ਤੇ ਰੋਜ਼ਾਨਾ ਕਮਾ ਕੇ ਖਾਣ ਵਾਲੇ ਇਹ ਲੋਕ ਅੱਜ ਘਰੋਂ ਪਾਣੀ ਹੀ ਕੱਢਦੇ ਦਿਖਾਈ ਦਿੱਤੇ, ਜਿਸ ਦਾ ਕਾਰਨ ਇਹ ਹੈ ਕਿ ਕੁਝ ਸਮਾਂ ਪਹਿਲਾਂ ਪ੍ਰਸ਼ਾਸਨ ਵਲੋਂ ਇਸ ਮਾਰਗ ਨੂੰ ਪੱਕਾ ਤੇ ਉੱਚਾ ਤਾਂ ਜ਼ਰੂਰ ਕਰ ਦਿੱਤਾ ਗਿਆ ਪਰ ਉਨ੍ਹਾਂ ਦੀ ਨਜ਼ਰ-ਏ-ਕਰਮ ਇਨ੍ਹਾਂ ਮਾਸੂਮ ਲੋਕਾਂ 'ਤੇ ਨਹੀਂ ਪਈ ਤੇ ਉਨ੍ਹਾਂ ਦੇ ਘਰ ਸੜਕ ਤੋਂ ਕਈ ਫੁੱਟ ਹੇਠਾਂ ਹੋ ਗਏ, ਜਿਸ ਕਾਰਨ ਬਰਸਾਤ ਪੈਣ 'ਤੇ ਇਨ੍ਹਾਂ ਗਰੀਬਾਂ ਦੇ ਘਰ ਪਾਣੀ ਵਿਚ ਡੁੱਬ ਜਾਂਦੇ ਹਨ। 

ਕੀ ਕਹਿੰਦੇ ਨੇ ਕਾਲੋਨੀ ਵਾਸੀPunjabKesari
ਕੁਝ ਝੁੱਗੀਆਂ-ਝੌਂਪੜੀਆਂ ਵਾਲਿਆਂ ਕਾਲੋਨੀ ਵਾਸੀਆਂ ਤੇ ਸਰਬਜੀਤ ਕੌਰ ਦੀ ਅਗਵਾਈ 'ਚ ਟਿੰਕੂ, ਬੌਬੀ, ਜਯੋਤੀ, ਅਮੀਚੰਦ, ਸੁਨੀਲ, ਸ਼ੁਭਮ, ਰਮੇਸ਼ ਕੁਮਾਰ, ਸੋਨੂੰ, ਰੇਖਾ ਰਾਣੀ, ਗੁਲਸ਼ਨ, ਜਤਿੰਦਰ, ਰਾਮ ਸ਼ੰਕਰ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਵੋਟਾਂ ਦੇ ਸਮੇਂ ਤਾਂ ਵੱਖ-ਵੱਖ ਪਾਰਟੀਆਂ ਦੇ ਆਗੂ ਉਨ੍ਹਾਂ ਦੇ ਅੱਗੇ ਹੱਥ ਜੋੜਦੇ ਨਜ਼ਰ ਆਉਂਦੇ ਹਨ ਤੇ ਵੋਟਾਂ ਤੋਂ ਬਾਅਦ ਇਹੀ ਆਗੂ ਮੁਸ਼ਕਲ ਦੀ ਘੜੀ ਵਿਚ ਉਨ੍ਹਾਂ ਦਾ ਸਾਥ ਨਹੀਂ ਦਿੰਦੇ। 
ਉਨ੍ਹਾਂ ਕਿਹਾ ਕਿ ਇਸ ਵਾਰਡ ਵਿਚ ਰਹਿਣ ਵਾਲੇ ਕੁਝ ਵਿਅਕਤੀਆਂ ਨੇ ਠੇਕੇਦਾਰਾਂ ਨੂੰ ਕਹਿ ਕੇ ਆਪਣੇ ਘਰ ਦਾ ਏਰੀਆ ਪੱਕਾ ਕਰਵਾ ਲਿਆ ਤੇ ਪੈਸੇ ਦੇ ਰੋਅਬ ਨਾਲ ਘਰਾਂ ਅੱਗੇ ਮਿੱਟੀ ਵੀ ਸੁੱਟਵਾ ਲਈ, ਜਿਸ ਕਾਰਨ ਉਨ੍ਹਾਂ ਦੀਆਂ ਝੁੱਗੀਆਂ ਨੀਵੀਆਂ ਹੋ ਗਈਆਂ ਤੇ ਬਰਸਾਤ ਪੈਣ 'ਤੇ ਸਾਰਾ ਪਾਣੀ ਇੱਥੇ ਇਕੱਠਾ ਹੋ ਜਾਂਦਾ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕਰਦਿਆਂ ਕਿਹਾ ਕਿ ਗਰੀਬ ਵਰਗ ਦੇ ਲੋਕਾਂ ਨਾਲ ਕੀਤੇ ਜਾ ਰਹੇ ਪੱਖਪਾਤ ਦੀ ਉੱਚ ਪੱਧਰੀ ਜਾਂਚ ਕਰਵਾ ਕੇ ਉਨ੍ਹਾਂ ਨੂੰ ਬਰਾਬਰਤਾ ਦਾ ਅਧਿਕਾਰ ਦਿਵਾਇਆ ਜਾਵੇ। 


ਕੀ ਕਹਿਣਾ ਹੈ ਸਾਬਕਾ ਪ੍ਰਧਾਨ ਤੇ ਕੌਂਸਲਰ ਦਾ 
ਜਦੋਂ ਇਸ ਸਬੰਧੀ ਵਾਰਡ ਦੇ ਕੌਂਸਲਰ ਤੇ ਸਾਬਕਾ ਪ੍ਰਧਾਨ ਪਰਵਿੰਦਰ ਸਿੰਘ ਸੱਲ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਰਸਤੇ ਨੂੰ ਪੱਕਾ ਕਰਵਾਉਣ ਲਈ ਉਨ੍ਹਾਂ ਵਲੋਂ ਪੂਰਾ ਜ਼ੋਰ ਲਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਇਸ ਕਾਲੋਨੀ ਦਾ ਨਕਸ਼ਾ ਪਾਸ ਨਹੀਂ ਹੋਇਆ ਹੈ ਪਰ ਫ਼ਿਰ ਵੀ ਉਹ ਯਤਨ ਕਰਨਗੇ ਕਿ ਇਸ ਰਸਤੇ ਨੂੰ ਪੂਰੀ ਤਰ੍ਹਾਂ ਪੱਕਾ ਕਰਵਾਇਆ ਜਾਵੇ ਤੇ ਉਹ ਝੁੱਗੀਆਂ-ਝੌਂਪੜੀਆਂ ਤੇ ਹੋਰ ਇਲਾਕਿਆਂ ਵਿਚ ਖੜ੍ਹੇ ਬਰਸਾਤੀ ਪਾਣੀ ਨੂੰ ਮੋਟਰਾਂ ਨਾਲ ਕਢਵਾ ਵੀ ਰਹੇ ਹਨ।


Related News