ਵੱਡਾ ਖ਼ੁਲਾਸਾ: ਪੰਜਾਬ ’ਚ ਅੱਤਵਾਦ ਫ਼ੈਲਾਉਣ ਲਈ ਇਸਤੇਮਾਲ ਕੀਤੇ ਜਾ ਰਹੇ ਹਨ ਗ਼ਰੀਬ ਗ਼ੈਰ-ਸਿੱਖ ਨੌਜਵਾਨ

05/06/2022 3:48:51 PM

ਜਲੰਧਰ (ਵਿਸ਼ੇਸ਼)–ਪੰਜਾਬ ਵਿਚ ਇਕ ਵਾਰ ਫਿਰ ਅੱਤਵਾਦ ਦਸਤਕ ਦੇ ਰਿਹਾ ਹੈ। ਪੰਜਾਬ ਦੀਆਂ ਹਿੰਸਕ ਅਤੇ ਅੱਤਵਾਦੀਆਂ ਦੇ ਫੜੇ ਜਾਣ ਦੀਆਂ ਹਾਲ ਹੀ ਦੀਆਂ ਘਟਨਾਵਾਂ ਚਿੰਤਾਜਨਕ ਹਨ। ਇਸ ਦੌਰਾਨ ਮੀਡੀਆ ਦੀ ਇਕ ਰਿਪੋਰਟ ਵਿਚ ਖੁਫ਼ੀਆ ਮਹਿਕਮੇ ਦੇ ਸੂਤਰਾਂ ਦਾ ਹਵਾਲਾ ਦਿੰਦੇ ਹੋਏ ਖ਼ੁਲਾਸਾ ਕੀਤਾ ਗਿਆ ਹੈ ਕਿ ਜਿਨ੍ਹਾਂ ਲੋਕਾਂ ਨੂੰ ਅੱਤਵਾਦ ਫ਼ੈਲਾਉਣ ਲਈ ਇਸਤੇਮਾਲ ਕੀਤਾ ਜਾ ਰਿਹਾ ਹੈ, ਉਨ੍ਹਾਂ ਵਿਚੋਂ ਜ਼ਿਆਦਾਤਰ ਲੋਕ ਗ਼ਰੀਬ ਵਿੱਤੀ ਪਿਛੋਕੜ ਵਾਲੇ ਗ਼ੈਰ-ਸਿੱਖ ਪਰਿਵਾਰਾਂ ਤੋਂ ਹਨ। ਰਿਪੋਰਟ ਮੁਤਾਬਕ ਅੰਦਰੂਨੀ ਸੁਰੱਖਿਆ ਸ਼ਾਖਾ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ ਨੌਜਵਾਨ ਜ਼ਿਆਦਾਤਰ ਬੇਰੋਜ਼ਗਾਰ ਸਨ ਅਤੇ ਉਨ੍ਹਾਂ ਨੂੰ ਪੈਸੇ ਦੇਣ ਜਾਂ ਵਿਦੇਸ਼ ਵਿਚ ਨੌਕਰੀਆਂ ਦਿਵਾਉਣ ਦਾ ਵਾਅਦਾ ਕੀਤਾ ਗਿਆ ਸੀ। ਖ਼ਾਲਿਸਤਾਨ ਹਮਾਇਤੀ ਮਾਡਿਊਲ ਦਾ ਭਾਂਡਾ ਭੰਨਣ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਵਿਦੇਸ਼ੀ ਆਧਾਰਿਤ ਅੱਤਵਾਦੀ ਅਤੇ ਉਨ੍ਹਾਂ ਦੇ ਸਥਾਨਕ ਆਕਾ ਸੂਬੇ ਦੇ ਨੌਜਵਾਨਾਂ ਨੂੰ ਲੁਭਾਉਣ ਲਈ ਪੈਸੇ ਦੀ ਵਰਤੋਂ ਕਰ ਰਹੇ ਹਨ, ਜਿਨ੍ਹਾਂ ਵਿਚ ਅਸਲ ਵਿਚ ਵਿਚਾਰਿਕ ਵਿਸ਼ਵਾਸ ਦੀ ਕਮੀ ਹੈ।

ਵਿਦੇਸ਼ ’ਚ ਨੌਕਰੀਆਂ ਦਿਵਾਉਣ ਦਾ ਝਾਂਸਾ
ਪਠਾਨਕੋਟ ਗ੍ਰੇਨੇਡ ਧਮਾਕੇ ਵਿਚ ਐੱਸ. ਬੀ. ਐੱਸ. ਨਗਰ ਪੁਲਸ ਵੱਲੋਂ ਪਛਾਣੇ ਗਏ 6 ਸ਼ੱਕੀਆਂ ਵਿਚ ਪਾਕਿਸਤਾਨ ਸਥਿਤ ਕੌਮਾਂਤਰੀ ਯੁਵਾ ਸਿੱਖ ਫੈੱਡਰੇਸ਼ਨ (ਆਈ. ਵਾਈ. ਐੱਸ. ਐੱਫ਼.) ਦੇ ਮੁਖੀ ਲਖਬੀਰ ਸਿੰਘ ਰੋਡੇ ਵੀ ਸ਼ਾਮਲ ਹੈ। ਉਹ ਇਸ ਘਟਨਾ ਦਾ ਮਾਸਟਰਮਾਈਂਡ ਸੀ ਜਦਕਿ 4 ਬਹੁਤ ਗ਼ਰੀਬ ਪਰਿਵਾਰਾਂ ਨਾਲ ਸੰਬੰਧ ਰੱਖਦੇ ਹਨ। ਇਨ੍ਹਾਂ ਸ਼ੱਕੀਆਂ ਤੋਂ ਪੁੱਛਗਿੱਛ ਕਰਨ ਵਾਲੇ ਪੁਲਸ ਅਧਿਕਾਰੀਆਂ ਦਾ ਦਾਅਵਾ ਹੈ ਕਿ ਗੁਰਦਾਸਪੁਰ ਦੇ ਖਾਰਲ ਪਿੰਡ ਦੇ 30 ਸਾਲਾ ਗੁਰਵਿੰਦਰ ਸਿੰਘ ਨੂੰ ਦੁਬਈ ਵਿਚ ਨੌਕਰੀ ਦੇਣ ਅਤੇ ਭਾਰਤ ਤੋਂ ਮੁਫ਼ਤ ਯਾਤਰਾ ਦਾ ਪ੍ਰਬੰਧ ਕੀਤਾ ਗਿਆ ਸੀ, ਜਦਕਿ 19 ਸਾਲਾ ਰਮਨ ਕੁਮਾਰ ਨਸ਼ੇ ਦਾ ਆਦੀ ਸੀ ਅਤੇ ਉਸ ਨੂੰ ਮਾਡਿਊਲ ਵਿਚ ਸ਼ਾਮਲ ਹੋਣ ਲਈ ਮਾਮੂਲੀ ਰਕਮ 12,000 ਰੁਪਏ ਦਾ ਭੁਗਤਾਨ ਕੀਤਾ ਗਿਆ ਸੀ।

ਇਹ ਵੀ ਪੜ੍ਹੋ:  ਬਿਜਲੀ ਦੇ ਸੰਕਟ ਦਰਮਿਆਨ ਰੂਪਨਗਰ ਥਰਮਲ ਪਲਾਂਟ ਦਾ ਇਕ ਹੋਰ ਯੂਨਿਟ ਹੋਇਆ ਬੰਦ

ਗ੍ਰਿਫ਼ਤਾਰ ਕੀਤੇ ਯੁਵਾ ਨਹੀਂ ਹਨ ਕੱਟੜਪੰਥੀ
ਇਸੇ ਤਰ੍ਹਾਂ ਸੀ. ਆਈ. ਏ. ਥਾਣੇ ਦੇ ਮਾਮਲੇ ਵਿਚ ਲੁਧਿਆਣਾ ਦੇ ਕੁਲਦੀਪ ਕੁਮਾਰ ਉਰਫ਼ ਸਨੀ ਤੋਂ ਇਲਾਵਾ ਮਾਡਿਊਲ ਦੇ ਮੈਂਬਰ ਆਮ ਨੌਜਵਾਨ ਸਨ, ਜਿਨ੍ਹਾਂ ਨੂੰ ਪਿਛਲੇ ਸਾਲ 7 ਨਵੰਬਰ ਨੂੰ ਐੱਸ. ਬੀ. ਐੱਸ. ਨਗਰ ਵਿਚ ਗ੍ਰੇਨੇਡ ਹਮਲੇ ਨੂੰ ਅੰਜ਼ਾਮ ਦੇਣ ਲਈ ਪ੍ਰੇਰਿਤ ਕੀਤਾ ਸੀ। ਪੁਲਸ ਜਾਂਚ ਵਿਚ ਪਾਇਆ ਗਿਆ ਕਿ ਸਨੀ ਨੇ ਨਿੱਜੀ ਸੰਬੰਧਾਂ ਜਾਂ ਦੂਰ ਦੀ ਦੋਸਤੀ ਦਾ ਇਸਤੇਮਾਲ ਕਰਕੇ ਸਥਾਨਕ ਨੌਜਵਾਨਾਂ ਨੂੰ ਫੁਸਲਾਇਆ ਅਤੇ ਉਨ੍ਹਾਂ ਦੀ ਭੂਮਿਕਾ ਮੁਤਾਬਕ ਪੈਸੇ ਅਲਾਟ ਕੀਤੇ ਸਨ। ਐੱਸ. ਬੀ. ਐੱਸ. ਨਗਰ ਦੇ ਸੀਨੀਅਰ ਪੁਲਸ ਸੁਪਰਡੈਂਟ (ਐੱਸ. ਐੱਸ. ਪੀ.) ਸੰਦੀਪ ਸ਼ਰਮਾ ਨੇ ਮੀਡੀਆ ਨੂੰ ਦਿੱਤੇ ਬਿਆਨ ਵਿਚ ਕਿਹਾ ਕਿ ਜਿਨ੍ਹਾਂ ਨੇ ਆਪਣੇ ਆਕਾਵਾਂ ਦੇ ਮਾਰਗਦਰਸ਼ਨ ਵਿਚ ਕੰਮ ਕੀਤਾ, ਉਹ ਨਾ ਤਾਂ ਕੱਟੜਪੰਥੀ ਹਨ ਅਤੇ ਨਾ ਹੀ ਉਹ ਖ਼ਾਲਿਸਤਾਨ ਬਾਰੇ ਜ਼ਿਆਦਾ ਜਾਣਦੇ ਹਨ। ਸ਼ਰਮਾ ਨੇ ਕਿਹਾ ਕਿ ਸਨੀ ਨੂੰ 15 ਹਜ਼ਾਰ ਤੋਂ 1 ਲੱਖ ਰੁਪਏ ਤੱਕ ਦੇ ਪੈਸੇ ਦਾ ਲਾਲਚ ਦਿੱਤਾ ਗਿਆ ਸੀ।

ਕਈ ਨੌਜਵਾਨਾਂ ਦਾ ਅਪਰਾਧਿਕ ਪਿਛੋਕੜ ਨਹੀਂ
ਰੂਪਨਗਰ ਪੁਲਸ ਚੌਂਕੀ ’ਤੇ ਬੀਤੇ ਸਾਲ ਹੋਏ ਹਮਲੇ ਵਿਚ ਹਿਮਾਚਲ ਪ੍ਰਦੇਸ਼ ਦੇ ਊਨਾ ਦੇ ਇਕ ਪਿੰਡ ਤੋਂ ਗ੍ਰਿਫ਼ਤਾਰ ਕੀਤੇ ਗਏ ਲੋਕਾਂ ਦਾ ਕੋਈ ਅਪਰਾਧਿਕ ਪਿਛੋਕੜ ਨਹੀਂ ਸੀ ਅਤੇ ਉਹ ਗ਼ਰੀਬ ਪਰਿਵਾਰਾਂ ਦੇ ਸਨ। 28 ਸਾਲਾ ਅਮਨ ਜਿਸ ਨੇ ਖੂਹ ਵਿਚ ਟਿਫਿਨ ਬੰਬ ਲੁਕਾਇਆ ਸੀ, ਉਹ ਊਨਾ ਪਿੰਡ ਦੇ ਇਕ ਹੋਰ ਸ਼ੱਕੀ ਦਾ ਚਚੇਰਾ ਭਰਾ ਹੈ, ਜੋ ਲੁਧਿਆਣਾ ਵਿਚ ਰਹਿਣ ਦੌਰਾਨ ਸਨੀ ਦੇ ਸੰਪਰਕ ਵਿਚ ਆਇਆ ਸੀ। ਜਾਂਚ ਵਿਚ ਪਤਾ ਲੱਗਾ ਹੈ ਕਿ ਅਮਨ ਨੇ ਇਕ ਸਥਾਨਕ ਕਾਲਜ ਤੋਂ ਵਣਜ ਗ੍ਰੈਜੁਏਟ ਕੀਤੀ ਸੀ ਅਤੇ ਉਸ ਨੂੰ ਵਿਦੇਸ਼ ਪ੍ਰਵਾਸ ਤੋਂ ਇਲਾਵਾ 1 ਲੱਖ ਰੁਪਏ ਦੇਣ ਦਾ ਵਾਅਦਾ ਕੀਤਾ ਗਿਆ ਸੀ। ਸ਼ਿਕਾਇਤ ਮੁਤਾਬਕ ਇਸ ਮਾਮਲੇ ਵਿਚ ਮੁੱਖ ਸਾਜ਼ਿਸ਼ਕਰਤਾ ਦੇ ਤੌਰ ’ਤੇ ਰਿੰਡਾ ਦੀ ਪਛਾਣ ਕੀਤੀ ਗਈ ਹੈ। ਸੀਨੀਅਰ ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪਿਛਲੇ ਸਾਲ ਸਤੰਬਰ ਵਿਚ ਫਾਜ਼ਿਲਕਾ ਦੇ ਜਲਾਲਾਬਾਦ ਵਿਚ ਮੋਟਰਸਾਈਕਲ ਧਮਾਕੇ ਲਈ ਅੱਤਵਾਦੀ ਮਾਡਿਊਲ ਦਾ ਭਾਂਡਾ ਭੰਨਣ ਵਿਚ ਬੰਬ ਲਗਾਉਣ ਵਾਲੇ ਨੌਜਵਾਨ ਪ੍ਰਵੀਨ ਕੁਮਾਰ ਦਾ ਕੋਈ ਕੱਟੜਪੰਥੀ ਝੁਕਾਅ ਨਹੀਂ ਸੀ।

ਇਹ ਵੀ ਪੜ੍ਹੋ: ਸਿੱਖਿਆ ਮਹਿਕਮੇ ਦਾ ਵੱਡਾ ਫ਼ੈਸਲਾ, ਡਬਲ ਸ਼ਿਫ਼ਟ ’ਚ ਲੱਗਣਗੇ ਹੁਣ ਪੰਜਾਬ ਦੇ ਸਰਕਾਰੀ ਸਕੂਲ

ਸੋਸ਼ਲ ਮੀਡੀਆ ਰਾਹੀਂ ਸੰਪਰਕ ਵਿਚ ਆਉਂਦੇ ਹਨ ਯੁਵਾ
ਪੰਜਾਬ ਪੁਲਸ ਦੇ ਸੀਨੀਅਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਨਵਾਂ ਰੁਝਾਨ ਪਹਿਲਾਂ ਦੇ ਰੁਝਾਨ ਦੇ ਉਲਟ ਹੈ ਜਦੋਂ ਇਸ ਤਰ੍ਹਾਂ ਦੇ ਮਾਡਿਊਲ ਚਲਾਉਣ ਵਾਲੇ ਸੋਸ਼ਲ ਮੀਡੀਆ ਰਾਹੀਂ ਨੌਜਵਾਨਾਂ ਨੂੰ ਖ਼ਾਲਿਸਤਾਨ ਹਮਾਇਤੀ ਪ੍ਰਚਾਰ ਦੇ ਨਾਲ ਕੱਟੜਪੰਥੀ ਬਣਾਉਂਦੇ ਸਨ ਅਤੇ ਫਿਰ ਉਨ੍ਹਾਂ ਨੂੰ ਅੱਤਵਾਦੀ ਸਰਗਰਮੀਆਂ ਨੂੰ ਅੰਜ਼ਾਮ ਦੇਣ ਲਈ ਪ੍ਰੇਰਿਤ ਕਰਦੇ ਸਨ। ਇਕ ਅੰਦਰੂਨੀ ਸੁਰੱਖਿਆ ਵਿੰਗ ਦੇ ਅਧਿਕਾਰੀ ਵੱਲੋਂ ਹੁਣ ਇਹ ਵੇਖਿਆ ਜਾ ਰਿਹਾ ਹੈ ਕਿ ਵਿਦੇਸ਼ ਵਿਚ ਬੈਠਾ ਮਾਸਟਰਮਾਈਂਡ ਪੰਜਾਬ ਵਿਚ ਆਪਣੇ ਸਹਿਯੋਗੀ ਨੂੰ ਨਿਰਦੇਸ਼ ਦਿੰਦਾ ਹੈ, ਜੋ ਸਥਾਨਕ ਨੌਜਵਾਨਾਂ ’ਤੇ ਦਬਾਅ, ਡਰੱਗਜ਼ ਜਾਂ ਪੈਸੇ ਦੀ ਵਰਤੋਂ ਕਰਕੇ ਉਨ੍ਹਾਂ ਨੂੰ ਮਾਡਿਊਲ ਵਿਚ ਸ਼ਾਮਲ ਕਰਦਾ ਹੈ। ਇਹ ਇਕ ਚਿੰਤਾਜਨਕ ਰੁਝਾਨ ਹੈ, ਜੋ ਯਕੀਨਣ ਸਾਡੇ ਲਈ ਵੱਡੀ ਚੁਣੌਤੀ ਹੈ।

ਇਹ ਵੀ ਪੜ੍ਹੋ: ਪੰਜਾਬ ਭਰ ’ਚ ਸ਼ੁਰੂ ਹੋਵੇਗੀ ਟਰੈਫਿਕ ਮਾਰਸ਼ਲ ਸਕੀਮ, ਜਾਰੀ ਹੋਈਆਂ ਗਾਈਡਲਾਈਨਜ਼

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News