ਪਰਾਲੀ ਸਾੜਨ ਅਤੇ ਦੁਸਹਿਰੇ ਕਾਰਨ ਫਿਰ ਵਧਿਆ ਪ੍ਰਦੂਸ਼ਣ
Wednesday, Oct 09, 2019 - 11:25 AM (IST)
ਚੰਡੀਗੜ੍ਹ : ਪੰਜਾਬ ਅਤੇ ਹਰਿਆਣਾ 'ਚ ਫਸਲਾਂ ਦੀ ਰਹਿੰਦ-ਖੂੰਹਦ ਸਾੜਨ ਕਾਰਨ ਪ੍ਰਦੂਸ਼ਣ ਦਾ ਪੱਧਰ 2-2.5 ਗੁਣਾ ਵਧਿਆ ਹੈ। ਇਸ ਦਾ ਖੁਲਾਸਾ ਪੀ. ਜੀ. ਆਈ. ਐੱਮ. ਈ. ਆਰ. ਵਲੋਂ ਕਰਵਾਏ ਗਏ ਇਕ ਅਧਿਐਨ 'ਚ ਹੋਇਆ ਹੈ, ਜਿਸ ਕਾਰਨ ਸਾਹ ਦੇ ਰੋਗੀਆਂ ਦੀ ਪਰੇਸ਼ਾਨੀ ਵਧੀ ਹੈ। ਸੋਮਵਾਰ ਰਾਤ ਨੂੰ ਕਰੀਬ ਸਾਢੇ 9 ਵਜੇ ਏਅਰ ਕੁਆਇਲਟੀ ਇੰਡੈਕਸ 110 ਦਰਜ ਕੀਤਾ ਗਿਆ। ਸ਼ਨੀਵਾਰ ਨੂੰ ਇਹ 80 ਦੇ ਆਸ-ਪਾਸ ਦਰਜ ਕੀਤਾ ਗਿਆ ਸੀ।
ਇਸ ਸਾਲ ਜਦੋਂ ਮਾਰਚ ਦੇ ਪਹਿਲੇ ਹਫਤੇ ਸਰਦੀਆਂ ਖਤਮ ਹੋਈਆਂ ਸਨ ਤਾਂ ਉਸ ਤੋਂ ਬਾਅਦ ਹਵਾ ਸਾਫ ਰਿਕਾਰਡ ਕੀਤੀ ਜਾ ਰਹੀ ਸੀ। ਮਾਹਿਰਾਂ ਦਾ ਕਹਿਣਾ ਹੈ ਕਿ ਇਸ ਸਮੇਂ ਪ੍ਰਦੂਸ਼ਣ ਵਧਣ ਦੇ ਕਈ ਕਾਰਨ ਹਨ। ਸਰਦੀਆਂ ਦੀ ਸ਼ੁਰੂਆਤ ਹੋ ਚੁੱਕੀ ਹੈ ਅਤੇ ਕਿਸਾਨਾਂ ਨੇ ਵੀ ਪਰਾਲੀ ਸਾੜਨੀ ਸ਼ੁਰੂ ਕਰ ਦਿੱਤੀ ਹੈ। ਫਿਰ ਪੂਰੇ ਦੇਸ਼ 'ਚ ਦੁਸਹਿਰਾ ਮਨਾਇਆ ਗਿਆ, ਜਿਸ ਨਾਲ ਪ੍ਰਦੂਸ਼ਣ ਵਧਿਆ ਹੈ। 'ਇਨਵਾਇਰਮੈਂਟ ਵਿੰਗ ਸਕੂਲ ਆਫ ਪਬਲਿਕ ਹੈਲਥ, ਪੀ. ਜੀ. ਆਈ. ਦੇ ਐਡੀਸ਼ਨਲ ਪ੍ਰੋਫੈਸਰ ਰਵਿੰਦਰਾ ਖੈਵਾਲ ਦਾ ਕਹਾ ਹੈ ਕਿ ਅੱਗੇ ਵੀ ਹਵਾ ਖਰਾਬ ਹੋਣ ਦੇ ਆਸਾਰ ਹਨ ਅਤੇ ਠੰਡ 'ਚ ਏਅਰ ਕੁਆਲਿਟੀ ਇੰਡੈਕਸ ਵਧਦਾ ਹੈ, ਇਸ ਲਈ ਲੋਕਾਂ ਨੂੰ ਧੂੜ ਅਤੇ ਧੂੜ ਵਾਲੀਆਂ ਥਾਵਾਂ 'ਤੇ ਜਾਣ ਤੋਂ ਬਚਣਾ ਚਾਹੀਦਾ ਹੈ।