ਪ੍ਰਦੂਸ਼ਣ ਕੰਟਰੋਲ ਬੋਰਡ ਦੀ ਵੱਡੀ ਕਾਰਵਾਈ, 35 ਟੀਮਾਂ ਵਲੋਂ 170 ਹਸਪਤਾਲਾਂ 'ਚ ਛਾਪੇਮਾਰੀ

07/11/2019 6:27:18 PM

ਪਟਿਆਲਾ,(ਜੋਸਨ) : ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਵੱਡੀ ਕਾਰਵਾਈ ਕਰਦਿਆਂ 35 ਟੀਮਾਂ ਨੇ ਪੰਜਾਬ ਭਰ 'ਚ 170 ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ 'ਚ ਛਾਪੇਮਾਰੀ ਕੀਤੀ। ਇਨ੍ਹਾਂ 'ਚੋਂ ਸਿਰਫ਼ 78 ਹਸਪਤਾਲ ਬਾਇਓ-ਮੈਡੀਕਲ ਵੇਸਟ ਪ੍ਰਬੰਧਨ ਨਿਯਮ 2016 ਦੀ ਪਾਲਣਾ ਕਰਦੇ ਹੋਏ ਪਾਏ ਗਏ। ਬਾਕੀ ਹਸਪਤਾਲਾਂ 'ਚ ਛੋਟੀਆਂ ਤੋਂ ਲੈ ਕੇ ਕਈ ਵੱਡੀਆਂ ਊਣਤਾਈਆਂ ਪਾਈਆਂ ਗਈਆਂ।
ਬੋਰਡ ਦੇ ਬੁਲਾਰੇ ਨੇ ਦੱਸਿਆ ਕਿ ਪੰਜਾਬ ਭਰ ਦੇ 8400 ਹਸਪਤਾਲਾਂ ਤੇ ਪ੍ਰਯੋਗਸ਼ਾਲਾਵਾਂ ਦਾ ਬਾਇਓ-ਮੈਡੀਕਲ ਵੇਸਟ ਦਾ ਵਿਗਿਆਨਕ ਨਿਪਟਾਰਾ ਕਰਨ ਲਈ ਪੰਜ ਬਾਇਓ-ਮੈਡੀਕਲ ਵੇਸਟ ਟਰੀਟਮੈਂਟ ਸੁਵਿਧਾਵਾਂ ਮੋਹਾਲੀ, ਲੁਧਿਆਣਾ, ਅੰਮ੍ਰਿਤਸਰ, ਮੁਕਤਸਰ ਤੇ ਪਠਾਨਕੋਟ ਜ਼ਿਲੇ 'ਚ ਕੰਮ ਕਰ ਰਹੀਆਂ ਹਨ। ਇਨ੍ਹਾਂ ਹਸਪਤਾਲਾਂ ਦਾ ਸਾਰਾ ਵੇਸਟ ਜਿਹੜਾ 15 ਤੋਂ 16 ਟਨ ਪ੍ਰਤੀ ਦਿਨ ਦੇ ਹਿਸਾਬ ਨਾਲ ਪੈਦਾ ਹੋ ਰਿਹਾ ਹੈ, ਨੂੰ ਵਿਗਿਆਨਕ ਤਰੀਕੇ ਨਾਲ ਸੋਧਣ ਦੇ ਸਮਰੱਥ ਹਨ। ਉਨ੍ਹਾਂ ਅੱਗੇ ਦੱਸਿਆ ਕਿ ਇਨ੍ਹਾਂ ਹਸਪਤਾਲਾਂ ਤੋਂ ਇਹ ਕੂੜਾ-ਕਰਕਟ ਜੀ. ਪੀ. ਐੈੱਸ. ਆਧਾਰਤ ਗੱਡੀਆਂ ਰਾਹੀਂ ਟਰੀਟਮੈਂਟ ਸੁਵਿਧਾ ਤੱਕ ਲੈ ਕੇ ਜਾਣ ਦੀ ਜ਼ਿੰਮੇਵਾਰੀ ਵੀ ਇਨ੍ਹਾਂ ਟਰੀਟਮੈਂਟ ਸੁਵਿਧਾਵਾਂ ਦੀ ਹੀ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਉਕਤ ਛਾਪੇਮਾਰੀ ਦੌਰਾਨ ਲੁਧਿਆਣਾ ਜ਼ਿਲੇ 'ਚ 25 ਹਸਪਤਾਲ, ਬਠਿੰਡਾ ਤੇ ਅੰਮ੍ਰਿਤਸਰ 'ਚ 7-7 ਹਸਪਤਾਲ, ਮੋਹਾਲੀ ਤੇ ਕਪੂਰਥਲਾ 'ਚ 6-6 ਹਸਪਤਾਲ, ਸੰਗਰੂਰ ਤੇ ਮਾਨਸਾ 'ਚ 5-5 ਹਸਪਤਾਲ, ਜਲੰਧਰ ਜ਼ਿਲੇ 'ਚ 3, ਰੋਪੜ, ਫਰੀਦਕੋਟ, ਫਿਰੋਜ਼ਪੁਰ ਤੇ ਹੁਸ਼ਿਆਰਪੁਰ ਜ਼ਿਲਿਆਂ 'ਚ 4-4 ਹਸਪਤਾਲ, ਫਤਿਹਗੜ੍ਹ, ਪਟਿਆਲਾ ਤੇ ਮੁਕਤਸਰ ਜ਼ਿਲਿਆਂ 'ਚ 2-2 ਹਸਪਤਾਲ, ਤਰਨਤਾਰਨ, ਮੋਗਾ ਅਤੇ ਨਵਾਂਸ਼ਹਿਰ ਜ਼ਿਲਿਆਂ 'ਚ 1-1 ਹਸਪਤਾਲ ਬਾਇਓ-ਮੈਡੀਕਲ ਵੇਸਟ ਪ੍ਰਬੰਧਨ ਨਿਯਮ 2016 ਦੀ ਉਲੰਘਣਾ ਕਰਦੇ ਪਾਏ ਗਏ। ਇਨ੍ਹਾਂ ਹਸਪਤਾਲਾਂ 'ਚ ਬਾਇਓ-ਮੈਡੀਕਲ ਵੇਸਟ ਦੀ ਉਤਪਤੀ, ਨਿਪਟਾਰੇ ਤੇ ਇਸ ਵੇਸਟ ਨੂੰ ਵੱਖ-ਵੱਖ ਰੰਗ ਦੀਆਂ ਬਾਲਟੀਆਂ 'ਚ ਸਾਂਭਣ ਦੀ ਸੁਵਿਧਾ ਮੌਜੂਦ ਨਹੀਂ ਸੀ। ਇਨ੍ਹਾਂ ਹਸਪਤਾਲਾਂ ਖਿਲਾਫ਼ ਨਿਯਮਾਂ ਅਨੁਸਾਰ ਬਣਦੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ। ਬੋਰਡ ਦੇ ਚੇਅਰਮੈਨ ਪ੍ਰੋ. ਐੈੱਸ. ਐੱਸ. ਮਰਵਾਹਾ ਨੇ ਇਨ੍ਹਾਂ ਊਣਤਾਈਆਂ ਨੂੰ ਗੰਭੀਰਤਾ ਨਾਲ ਲੈਂਦਿਆਂ ਮੈਡੀਕਲ ਕਿੱਤੇ ਨਾਲ ਜੁੜੇ ਸਮੂਹ ਡਾਕਟਰ ਸਾਹਿਬਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਬਾਇਓ-ਮੈਡੀਕਲ ਵੇਸਟ ਆਪਣੇ-ਆਪ 'ਚ ਸਮੁੱਚੇ ਵਾਤਾਵਰਣ, ਕੁਦਰਤ, ਕਾਇਨਾਤ ਅਤੇ ਮਨੁੱਖਤਾ ਲਈ ਇਕ ਗੰਭੀਰ ਖ਼ਤਰਾ ਹੈ। ਡਾਕਟਰ ਸਾਹਿਬਾਨ ਇਸ ਦੀ ਮੈਡੀਕਲ ਗੰਭੀਰਤਾ ਨੂੰ ਸਮਝਦੇ ਹੋਏ, ਇਸ ਵੇਸਟ ਦੇ ਵਿਗਿਆਨਕ ਨਿਪਟਾਰੇ ਲਈ ਆਪਣਾ ਨੈਤਿਕ ਤੇ ਸਮਾਜਕ ਫਰਜ਼ ਨਿਭਾਉਣ।


Related News