ਪੋਲਿੰਗ ਬੂਥ 'ਤੇ ਲੱਗੀ ਲਾਈਨ ਦਾ ਵੋਟਰਾਂ ਨੂੰ ਘਰ ਬੈਠਿਆਂ ਹੀ ਲੱਗੇਗਾ ਪਤਾ, ਪੜ੍ਹੋ ਪੂਰੀ ਖ਼ਬਰ

05/30/2024 11:06:13 AM

ਮੋਹਾਲੀ (ਨਿਆਮੀਆਂ) : ਜ਼ਿਲ੍ਹੇ ਦੇ ਵੋਟਰ ਵੋਟਾਂ ਵਾਲੇ ਦਿਨ 1 ਜੂਨ ਨੂੰ ਆਪਣੇ ਪੋਲਿੰਗ ਬੂਥ 'ਤੇ ਜਾਣ ਤੋਂ ਪਹਿਲਾਂ ਇਹ ਜਾਣ ਸਕਣਗੇ ਕਿ ਉਨ੍ਹਾਂ ਦੇ ਬੂਥ 'ਤੇ ਕਿੰਨੇ ਕੁ ਲੋਕ ਵੋਟ ਦੇਣ ਲਈ ਕਤਾਰ 'ਚ ਖੜ੍ਹੇ ਹਨ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ ਆਸ਼ਿਕਾ ਜੈਨ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਦੀ ਪਹਿਲ ਕਦਮੀ ਤੇ ਵੋਟਰਾਂ ਦੀ ਸਹੂਲਤ ਨੂੰ ਧਿਆਨ ’ਚ ਰੱਖਦੇ ਹੋਏ ‘ਵੋਟਰ ਕਿਊ ਇਨਫਾਰਮੇਸ਼ਨ ਸਿਸਟਮ’ ਸ਼ੁਰੂ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਰਿਕਾਰਡ ਤੋੜ ਗਰਮੀ ਕਾਰਨ 4 ਹੋਰ ਲੋਕਾਂ ਦੀ ਮੌਤ, ਜਾਰੀ ਹੋਇਆ ਹੈ Alert, ਰਹੋ ਬਚ ਕੇ

ਇਹ ਸਿਸਟਮ ਐੱਨ. ਆਈ. ਸੀ. ਪੰਜਾਬ ਤੇ ਮੈਟਾ ਨਾਲ ਮਿਲ ਕੇ ਤਿਆਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਵੋਟਰ ਕਿਊ ਇਨਫਾਰਮੇਸ਼ਨ ਸਿਸਟਮ ਨੂੰ ਵਰਤਣ ਲਈ ਵੋਟਰਾਂ ਨੂੰ ਇਕ ਵਟਸਐਪ ਨੰਬਰ 7447447217 'ਤੇ ‘ਵੋਟ’ ਟਾਈਪ ਕਰ ਕੇ ਮੈਸੇਜ ਭੇਜਣਾ ਹੋਵੇਗਾ। ਇਸ ਤੋਂ ਬਾਅਦ ਇਕ ਲਿੰਕ ਪ੍ਰਾਪਤ ਹੋਵੇਗਾ, ਜਿਸ 'ਤੇ ਕਲਿੱਕ ਕਰਨ ਮਗਰੋਂ 2 ਆਪਸ਼ਨ  (1) ਲੋਕੇਸ਼ਨ ਵਾਈਜ਼ (2) ਬੂਥ ਵਾਈਜ਼ ਸਕਰੀਨ 'ਤੇ ਆਉਣਗੇ। ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਲੋਕੇਸ਼ਨ ਵਾਈਜ਼ ਆਪਸ਼ਨ ਨੂੰ ਚੁਣਨ ਮਗਰੋਂ ਵੋਟਰ ਨੂੰ ਆਪਣੀ ਲੋਕੇਸ਼ਨ ਸ਼ੇਅਰ ਕਰਨੀ ਹੋਵੇਗੀ, ਜਿਸ ਤੋਂ ਬਾਅਦ ਮੋਬਾਇਲ ਦੀ ਸਕਰੀਨ ’ਤੇ ਵੋਟਰ ਦੇ ਘਰ ਨੇੜਲੇ ਪੋਲਿੰਗ ਬੂਥਾਂ ਦੀ ਸੂਚੀ ਆ ਜਾਵੇਗੀ।

ਇਹ ਵੀ ਪੜ੍ਹੋ : ਪੰਜਾਬ 'ਚ ਦਿਨ ਚੜ੍ਹਦਿਆਂ ਹੀ ਰੂਹ ਕੰਬਾਊ ਵਾਰਦਾਤ, ਪਤੀ ਨੇ ਕੁਹਾੜੀ ਨਾਲ ਵੱਢ 'ਤੀ ਪਤਨੀ

ਇਸ ਤੋਂ ਬਾਅਦ ਵੋਟਰ ਨੂੰ ਬੂਥ ਨੰਬਰ ਲਿਖ ਕੇ ਭੇਜਣਾ ਹੋਵੇਗਾ ਤੇ ਤੁਰੰਤ ਮੋਬਾਇਲ ਦੀ ਸਕਰੀਨ ’ਤੇ ਇਹ ਜਾਣਕਾਰੀ ਆ ਜਾਵੇਗੀ ਕਿ ਉਸ ਬੂਥ 'ਤੇ ਵੋਟ ਪਾਉਣ ਲਈ ਕਿੰਨੇ ਵੋਟਰ ਕਤਾਰ ’ਚ ਖੜ੍ਹੇ ਹਨ। ਉਨ੍ਹਾਂ ਦੱਸਿਆ ਕਿ ਜੇਕਰ ਵੋਟਰ ਦੂਜਾ ਆਪਸ਼ਨ ਬੂਥ ਵਾਈਜ਼ ਚੁਣਦਾ ਹੈ ਤਾਂ ਉਸ ਨੂੰ ਪੰਜਾਬ ਸੂਬਾ ਚੁਣਨ ਤੋਂ ਬਾਅਦ ਆਪਣੇ ਜ਼ਿਲ੍ਹੇ ਨੂੰ ਚੁਣਨਾ ਹੋਵੇਗਾ ਤੇ ਉਸ ਜ਼ਿਲ੍ਹੇ ਦੇ ਸਾਰੇ ਵਿਧਾਨ ਸਭਾ ਹਲਕੇ ਸਕਰੀਨ 'ਤੇ ਆ ਜਾਣਗੇ। ਆਪਣਾ ਵਿਧਾਨ ਸਭਾ ਹਲਕਾ ਚੁਣਨ ਤੋਂ ਬਾਅਦ ਸਬੰਧਿਤ ਬੂਥ ਨੰਬਰ ਭਰਨਾ ਹੋਵੇਗਾ, ਜਿਸ ਨਾਲ ਵੋਟਰ ਆਪਣੇ ਬੂਥ 'ਤੇ ਵੋਟ ਦੇਣ ਲਈ ਖੜ੍ਹੇ ਵੋਟਰਾਂ ਦੀ ਗਿਣਤੀ ਜਾਣ ਸਕੇਗਾ।

ਉਨ੍ਹਾਂ ਦੱਸਿਆ ਕਿ ਜਿੱਥੇ ਇਕ ਪਾਸੇ 1 ਜੂਨ ਨੂੰ ਵੋਟਿੰਗ ਵਾਲੇ ਦਿਨ ਵੋਟਰਾਂ ਨੂੰ ਗਰਮੀ ਤੋਂ ਬਚਾਉਣ ਲਈ ਹਰ ਤਰ੍ਹਾਂ ਦੇ ਪ੍ਰਬੰਧ ਮੁਕੰਮਲ ਕੀਤੇ ਜਾ ਰਹੇ ਹਨ, ਉੱਥੇ ਹੀ ਇਸ ਵੋਟਿੰਗ ਕਿਊ ਸਿਸਟਮ ਜ਼ਰੀਏ ਵੋਟਰ ਆਪਣੇ ਹਿਸਾਬ ਨਾਲ ਉਸ ਸਮੇਂ ਪੋਲਿੰਗ ਬੂਥ 'ਤੇ ਜਾ ਕੇ ਵੋਟ ਪਾ ਸਕੇਗਾ, ਜਦੋਂ ਬੂਥ 'ਤੇ ਜ਼ਿਆਦਾ ਭੀੜ ਨਹੀਂ ਹੋਵੇਗੀ। ਇਸ ਨਾਲ ਵੋਟਰ ਗਰਮੀ ਤੋਂ ਵੀ ਬਚੇਗਾ ਅਤੇ ਉਸ ਦੇ ਸਮੇਂ ਦੀ ਵੀ ਬੱਚਤ ਹੋਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


Babita

Content Editor

Related News