ਨਿਗਮ ਚੋਣਾਂ : ਨਵੇਂ ਸਿਰੇ ਤੋਂ ਕੀਤੀ ਗਈ ਵਾਰਡਬੰਦੀ ਨੂੰ ਲੈ ਕੇ ਮਹਾਨਗਰ ਦੀ ਸਿਆਸਤ ਪੂਰੀ ਤਰ੍ਹਾਂ ਗਰਮਾਈ
Thursday, Aug 10, 2023 - 01:12 PM (IST)
ਲੁਧਿਆਣਾ (ਹਿਤੇਸ਼) : ਨਗਰ ਨਿਗਮ ਵਲੋਂ ਨਵੇਂ ਸਿਰੇ ਤੋਂ ਕੀਤੀ ਗਈ ਵਾਰਡਬੰਦੀ ਨੂੰ ਲੈ ਕੇ ਮਹਾਨਗਰ ਦੀ ਸਿਆਸਤ ਪੂਰੀ ਤਰ੍ਹਾਂ ਗਰਮਾ ਗਈ ਹੈ, ਜਿਸ ਦੇ ਅਧੀਨ ਬੁੱਧਵਾਰ ਨੂੰ ਇਤਰਾਜ਼ ਦਰਜ ਕਰਵਾਉਣ ਪੁੱਜੇ ਅਕਾਲੀ ਦਲ ਦੇ ਨੇਤਾਵਾਂ ਨੇ ਸਰਕਾਰ ’ਤੇ ਜਮ ਕੇ ਭੜਾਸ ਕੱਢੀ। ਇਸ ਦੌਰਾਨ ਸਾਬਕਾ ਮੰਤਰੀ ਮਹੇਸ਼ਇੰਦਰ ਗਰੇਵਾਲ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਦੀ ਸਿਆਸੀ ਜ਼ਮੀਨ ਖੋਹਣ ਦੇ ਉਦੇਸ਼ ਨਾਲ ਵਾਰਡਬੰਦੀ ਕੀਤੀ ਗਈ ਹੈ, ਜਿਸ ਤੋਂ ਬਾਅਦ ਚੋਣ ਕਰਵਾਉਣ ਦੀ ਕੀ ਜ਼ਰੂਰਤ ਹੈ। ਇਸ ਤੋਂ ਚੰਗਾ ਹੈ ਕਿ ਸਰਕਾਰ ਨੂੰ ਕਾਨੂੰਨ ’ਚ ਸੋਧ ਕਰ ਕੇ ਕੌਂਸਲਰਾਂ ਨੂੰ ਨਿਯੁਕਤ ਕਰ ਦੇਣਾ ਚਾਹੀਦਾ। ਸਾਬਕਾ ਵਿਧਾਇਕ ਹਰੀਸ਼ ਢਾਂਡਾ ਨੇ ਕਿਹਾ ਕਿ ਨਵੇਂ ਸਿਰੇ ਵਾਰਡਬੰਦੀ ਕਰਨ ਦੌਰਾਨ ਜਿਸ ਤਰ੍ਹਾਂ ਅਫਸਰਾਂ ਵਲੋਂ ਵਿਧਾਇਕਾਂ ਦੇ ਦਬਾਅ ’ਚ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਗਈਆਂ ਹਨ, ਉਸ ਤੋਂ ਸਾਫ ਹੋ ਗਿਆ ਹੈ ਕਿ ਨਗਰ ਨਿਗਮ ਦੀ ਚੋਣ ਜਿੱਤਣ ਦਾ ਨਹੀਂ ਲੁੱਟਣ ਦਾ ਯਤਨ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : ਲਾਪ੍ਰਵਾਹੀ : ਰਾਤ ਨੂੰ ਵਿਅਕਤੀ ਨੂੰ ਸੱਪ ਨੇ ਡੰਗਿਆ, ਪਰਿਵਾਰ ਵਾਲੇ ਸਵੇਰੇ ਲੈ ਕੇ ਆਏ ਸਿਵਲ ਹਸਪਤਾਲ
18 ਪੇਜਾਂ ਦੀ ਰਿਪੋਰਟ ’ਚ ਇਹ ਚੁੱਕੇ ਗਏ ਹਨ ਮੁੱਦੇ
ਅਕਾਲੀ ਦਲ ਵਲੋਂ ਕਮਿਸ਼ਨਰ ਕੋਲ ਜੋ 18 ਪੇਜਾਂ ਦਾ ਇਤਰਾਜ਼ ਦਰਜ ਕਰਵਾਇਆ ਗਿਆ ਹੈ, ਉਸ ਵਿਚ ਮੁੱਖ ਰੂਪ ’ਚ ਇਹ ਮੁੱਦਾ ਚੁੱਕਿਆ ਹੈ ਕਿ ਜਦ ਨਾ ਤਾਂ ਵਾਰਡਾਂ ਦੀ ਗਿਣਤੀ ਵਿਚ ਬਦਲਾਅ ਕੋਈ ਕੀਤਾ ਗਿਆ ਅਤੇ ਨਾ ਹੀ ਸ਼ਹਿਰ ਦੀ ਆਬਾਦੀ ਜਾਂ ਬਾਊਂਡਰੀ ਵਧੀ ਤਾਂ ਨਵੇਂ ਸਿਰੇ ਤੋਂ ਵਾਰਡਬੰਦੀ ਕਿਸ ਆਧਾਰ ’ਤੇ ਕੀਤੀ ਗਈ। ਇਸ ਨੂੰ ਲੈ ਕੇ ਲੋਕਲ ਬਾਡੀਜ਼ ਵਿਭਾਗ ਵਲੋਂ ਨੋਟੀਫਿਕੇਸ਼ਨ ਵਿਚ ਕੁਝ ਵੀ ਸਪੱਸ਼ਟ ਨਹੀਂ ਕੀਤਾ ਗਿਆ। ਅਕਾਲੀ ਨੇਤਾਵਾਂ ਦਾ ਦਾਅਵਾ ਹੈ ਕਿ 56 ਵਾਰਡਾਂ ’ਚ ਬਾਊਂਡਰੀ ਦੀ ਬਜਾਏ ਸਿਰਫ਼ ਨੰਬਰ ਅਤੇ ਰਿਜ਼ਰਵੇਸ਼ਨ ਬਦਲੀ ਗਈ ਹੈ ਅਤੇ ਜ਼ਿਆਦਾਤਰ ਜਗ੍ਹਾ ਵਾਰਡਾਂ ਦੀ ਰਿਜ਼ਰਵੇਸ਼ਨ ਬਦਲਣ ਲਈ ਆਬਾਦੀ ਦੇ ਅੰਕੜਿਆਂ ਸਬੰਧੀ ਨਿਯਮਾਂ ਦੀ ਪਾਲਣ ਨਹੀਂ ਕੀਤੀ ਗਈ ਕਿਉਂਕਿ ਨਵੇਂ ਸਿਰੇ ਤੋਂ ਜਨਗਣਨਾ ਹੀ ਨਹੀਂ ਕੀਤੀ ਗਈ।
ਇਹ ਵੀ ਪੜ੍ਹੋ : ਆਸਟ੍ਰੇਲੀਆ ਦਾ ਵਰਕ ਵੀਜ਼ਾ ਲਵਾਉਣ ਵਾਲੇ ਚਾਹਵਾਨ ਸਾਵਧਾਨ, ਜ਼ਰੂਰ ਪੜ੍ਹੋ ਇਹ ਖ਼ਬਰ
‘ਆਪ’ ਵਿਧਾਇਕਾਂ ਅਤੇ ਗੋਗੀ ਨੇ ਕੀਤਾ ਪਲਟਵਾਰ
ਅਕਾਲੀ ਦਲ ਦੇ ਨੇਤਾਵਾਂ ਵਲੋਂ ਲਾਏ ਗਏ ਦੋਸ਼ਾਂ ’ਤੇ ‘ਆਪ’ ਵਿਧਾਇਕਾਂ ਨੇ ਪਲਟਵਾਰ ਕੀਤਾ ਹੈ। ਅਸ਼ੋਕ ਪਰਾਸ਼ਰ ਪੱਪੀ ਨੇ ਕਿਹਾ ਹੈ ਕਿ ਅਕਾਲੀ ਦਲ ਅਤੇ ਭਾਜਪਾ ਦੇ ਨੇਤਾ ਆਪਣੀ ਸਰਕਾਰ ਦਾ ਸਮਾਂ ਭੁੱਲ ਗਏ ਹਨ। ਉਸ ਸਮੇਂ ਜਿੱਥੇ ਵਾਰਡਬੰਦੀ ਦਾ ਨਕਸ਼ਾ ਲਗਾਇਆ ਜਾਂਦਾ ਸੀ, ਅੱਜ ਵੀ ਉੱਥੇ ਲੱਗਾ ਹੈ। ਜਿਸ ਨਕਸ਼ੇ ਨੂੰ ਦੂਰਬੀਨ ਨਾਲ ਦੇਖਣ ਦਾ ਡਰਾਮਾ ਕਰ ਰਹੇ ਹਨ, ਨੇਤਾਵਾਂ ਨੂੰ ਚੋਣ ਦੌਰਾਨ ਲੋਕ ਦੂਰਬੀਨ ਲੈ ਕੇ ਲੱਭਣੇ ਪੈਣਗੇ। ਗੁਰਪ੍ਰੀਤ ਗੋਗੀ ਨੇ ਕਿਹਾ ਕਿ ਦੂਜੀਆਂ ਪਾਰਟੀਆਂ ਨੂੰ ਚੋਣਾਂ ’ਚ ਹਾਰ ਨਜ਼ਰ ਆ ਰਹੀ ਹੈ ਅਤੇ ਉਹ ਲੋਕਾਂ ਦੀ ਹਮਦਰਦੀ ਲੈਣ ਲਈ ਵਿਰੋਧ ਕਰ ਰਹੇ ਹਨ। ਜਦਕਿ ਨਵੇਂ ਸਿਰੇ ਤੋਂ ਵਾਰਡਬੰਦੀ ਕਰਨ ਲਈ ਨਿਯਮਾਂ ਦੀ ਪਾਲਣਾ ਕੀਤੀ ਗਈ ਹੈ ਅਤੇ ਬਾਕਾਇਦਾ ਪਹਿਲਾਂ ਆਬਾਦੀ ਦਾ ਸਰਵੇ ਵੀ ਕਰਵਾਇਆ ਗਿਆ ਹੈ।
ਅੱਜ ਤੋਂ ਬਾਅਦ ਦਰਜ ਨਹੀਂ ਹੋਣਗੇ ਇਤਰਾਜ਼
ਨਗਰ ਨਿਗਮ ਵਲੋਂ ਨਵੇਂ ਸਿਰੇ ਤੋਂ ਕੀਤੀ ਗਈ ਵਾਰਡਬੰਦੀ ’ਤੇ ਆਉਣ ਵਾਲੇ ਇਤਰਾਜ਼ਾਂ ਦਾ ਅੰਕੜਾਂ 100 ਤੋਂ ਪਾਰ ਹੋ ਗਿਆ ਹੈ। ਜਦਕਿ ਵੀਰਵਾਰ ਤੋਂ ਬਾਅਦ ਇਤਰਾਜ਼ ਦਰਜ ਨਹੀਂ ਹੋ ਸਕਣਗੇ ਕਿਉਂਕਿ ਨਗਰ ਨਿਗਮ ਵਲੋਂ 4 ਅਗਸਤ ਨੂੰ ਨਕਸ਼ਾ ਡਿਸਪਲੇਅ ਕੀਤਾ ਗਿਆ ਸੀ। ਉਸ ਤੋਂ ਬਾਅਦ ਇਤਰਾਜ਼ ਦਰਜ ਕਰਨ ਲਈ ਇਕ ਹਫਤੇ ਦਾ ਸਮਾਂ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ : ਟ੍ਰਾਈਸਿਟੀ ਸਮੇਤ ਹਰਿਆਣਾ, ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੇ ਮਰੀਜ਼ਾਂ ਲਈ ਰਾਹਤ ਦੀ ਖ਼ਬਰ, ਮਿਲੇਗੀ ਇਹ ਸਹੂਲਤ
‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8