ਮੋਹਾਲੀ ਦੀ ਸਿਆਸਤ : ਵੋਟ ਬੈਂਕ ਖਿੱਚਣ ਲਈ ਨਵੀਂ-ਨਵੀਂ ਰਣਨੀਤੀ ਅਪਣਾ ਰਹੇ ਸਿਆਸਤਦਾਨ

Monday, Aug 07, 2023 - 06:39 PM (IST)

ਮੋਹਾਲੀ ਦੀ ਸਿਆਸਤ : ਵੋਟ ਬੈਂਕ ਖਿੱਚਣ ਲਈ ਨਵੀਂ-ਨਵੀਂ ਰਣਨੀਤੀ ਅਪਣਾ ਰਹੇ ਸਿਆਸਤਦਾਨ

ਮੋਹਾਲੀ (ਪਰਦੀਪ) : ਚੰਡੀਗੜ੍ਹ ਦੀ ਬੁੱਕਲ ’ਚ ਵਸੇ ਅਤੇ ਰਾਜਧਾਨੀ ਪੰਜਾਬ ਦੀ ਮਿੰਨੀ ਰਾਜਧਾਨੀ ਵਜੋਂ ਜਾਣੇ ਜਾਂਦੇ ਮੋਹਾਲੀ ਹਲਕੇ ਦੀ ਸਥਿਤੀ ਬਾਰੇ ਅਤੇ ਸਿਆਸੀ ਗਿਣਤੀ-ਮਿਣਤੀ ਨੂੰ ਮੌਜੂਦਾ ਸੰਦਰਭ ’ਚ ਸਮਝਣ ਲਈ ਦੇਸ਼ਾਂ -ਵਿਦੇਸ਼ਾਂ ’ਚ ਵੱਸਦੇ ਪੰਜਾਬੀ ਭਰਾਵਾਂ ਵਲੋਂ ਆਪਣੇ ਸਕੇ-ਸਬੰਧੀਆਂ ਅਤੇ ਖਾਸ ਕਰ ਕੇ ਮੀਡੀਆ ਕਰਮੀਆਂ ਤੋਂ ਜਾਣਕਾਰੀ ਹਾਸਲ ਕੀਤੀ ਜਾਂਦੀ ਹੈ ਅਤੇ ਤੇਜ਼ੀ ਨਾਲ ਪਿਛਲੇ 10 ਕੁ ਵਰ੍ਹਿਆਂ ’ਚ ਮੋਹਾਲੀ ਦੇ ਵਿਕਾਸ ਨੂੰ ਵੇਖਦਿਆਂ ਅੰਤਰਰਾਸ਼ਟਰੀ ਪੱਧਰ ’ਤੇ ਵੱਡੇ ਵਪਾਰਕ ਘਰਾਣਿਆਂ ਨੇ ਮੋਹਾਲੀ ’ਚ ਟੇਕ ਲਈ ਹੋਈ ਹੈ ਅਤੇ ਵੱਡੇ-ਵੱਡੇ ਅਦਾਰੇ ਆਪਣੀਆਂ ਕੰਪਨੀਆਂ ਦੇ ਦਫ਼ਤਰ ਮੋਹਾਲੀ ’ਚ ਖੋਲ੍ਹਣ ਨੂੰ ਪਹਿਲ ਦੇ ਰਹੇ ਹਨ। ਮੋਹਾਲੀ ’ਚ ਅੰਤਰਰਾਸ਼ਟਰੀ ਏਅਰਪੋਰਟ ਸਥਾਪਨਾ ਅਤੇ ਬਕਾਇਦਾ ਸ਼ੁਰੂਆਤ ਤੋਂ ਬਾਅਦ ਮੋਹਾਲੀ ਏਅਰਪੋਰਟ ਤੋਂ ਲੈ ਕੇ ਖਰੜ ਵੱਲ ਨੂੰ ਜਾਂਦੇ ਲਗਭਗ 25 ਕਿਲੋਮੀਟਰ ਦੇ ਕਰੀਬ ਰਸਤੇ ’ਚ ਏਅਰਪੋਰਟ ਦੇ ਦੋਵੇਂ ਪਾਸੇ ਵੱਡੀਆਂ-ਵੱਡੀਆਂ ਕੰਪਨੀਆਂ ਦੇ ਦਫ਼ਤਰ, ਕਮਰਸ਼ੀਅਲ ਅਤੇ ਰਿਹਾਇਸ਼ੀ ਫਲੈਟ, ਕਿਸਾਨ ਵਿਕਾਸ ਚੈਂਬਰ ਦੀ ਖੂਬਸੂਰਤ ਬਿਲਡਿੰਗ, ਇੰਡੀਅਨ ਸਕੂਲ ਆਫ ਬਿਜ਼ਨੈੱਸ ਦੀ ਬਿਲਡਿੰਗ ਆਦਿ ਸਥਿਤ ਹਨ। ਇਸ ਖੇਤਰ ਦੀ ਵੱਡੇ ਪੱਧਰ ’ਤੇ ਵਿਕਾਸ ਦੀ ਤਸਵੀਰ ਰਾਜਨੀਤੀ ਦੇ ਖੇਤਰ ’ਚ ਵਿਚਰਨ ਵਾਲਿਆਂ ਨੂੰ ਵਿਸ਼ੇਸ਼ ਵੋਟ ਬੈਂਕ ਨੂੰ ਆਪਣੇ ਵੱਲ ਖਿੱਚਣ ਲਈ ਨਵੀਂ-ਨਵੀਂ ਰਣਨੀਤੀ ਅਖਤਿਆਰ ਕਰਨ ਲਈ ਮਜਬੂਰ ਕਰ ਰਹੀ ਹੈ। ਕਿਹੜਾ ਰਾਜਨੇਤਾ ਵਿਸ਼ੇਸ਼, ਕਿਸ ਜ਼ਰੂਰੀ ਅਤੇ ਮਜਬੂਰੀ ਕਾਰਨ ਆਪਣਾ ਪਾਲਾ ਬਦਲ ਕੇ ਕਿਸ ਪਾਰਟੀ ਨੂੰ ਅਪਣਾ ਲਵੇਗਾ, ਇਸ ਦਾ ਅੰਦਾਜ਼ਾ ਸਿਆਸੀ ਮਾਹਿਰ ਵੀ ਲਾਉਣ ’ਚ ਅਸਮਰੱਥ ਜਾਪ ਰਹੇ ਹਨ। ਭਾਵੇਂ ਕਿ ਭਾਰਤੀ ਜਨਤਾ ਪਾਰਟੀ, ਆਮ ਆਦਮੀ ਪਾਰਟੀ, ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਸਮੇਤ ਹੋਰਨਾਂ ਸਿਆਸੀ ਪਾਰਟੀਆਂ ਵਲੋਂ 2024 ਦੀਆਂ ਲੋਕ ਸਭਾ ਚੋਣਾਂ ਲਈ ਆਪਣੇ ਪੱਧਰ ’ਤੇ ਆਪਣੇ ਵਰਕਰਾਂ ਅਤੇ ਸਮਰਥਕਾਂ ਦੀਆਂ ਡਿਊਟੀਆਂ ਲਾ ਕੇ ਸਿਆਸੀ ਧਰਾਤਲ ’ਤੇ ਆਪਣੇ ਵੋਟ ਬੈਂਕ ਨੂੰ ਮਜ਼ਬੂਤ ਕਰਨ ਲਈ ਯਤਨ ਸ਼ੁਰੂ ਕਰ ਦਿੱਤੇ ਗਏ ਹਨ ਪਰ ਕਿਹੜੀ ਪਾਰਟੀ ਜਾਂ ਕਿਹੜੇ ਨੇਤਾ ਦੀ ਸਿਆਸੀ ਜੁਮਲੇਬਾਜ਼ੀ ਉਨ੍ਹਾਂ ਨੂੰ ਕਿਸ ਹੱਦ ਤਕ ਕਾਮਯਾਬ ਕਰ ਸਕੇਗੀ ਜਾਂ ਕਿਸ ਪਾਰਟੀ ਨੂੰ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਹਾਰ ਦਾ ਸਾਹਮਣਾ ਕਰਨਾ ਪਵੇਗਾ, ਇਹ ਹਾਲੇ ਭਵਿੱਖ ਦੇ ਗਰਭ ਵਿਚ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਪਿੰਡਾਂ ਦੀ ਇਹ ਵੱਡੀ ਸਮੱਸਿਆ ਹੋਵੇਗੀ ਹੱਲ, CM ਮਾਨ ਨੇ 4 ਪ੍ਰਾਜੈਕਟਾਂ ਨੂੰ ਦਿੱਤੀ ਪ੍ਰਵਾਨਗੀ

ਵਿਧਾਇਕ ਕੁਲਵੰਤ ਸਿੰਘ ਵਲੋਂ ਸ਼ੁਰੂ ਕੀਤੀ ਲੋਕ ਸੰਪਰਕ ਮੁਹਿੰਮ ਤੋਂ ਵਿਰੋਧੀ ਵੀ ਸਕਤੇ ’ਚ
ਮੋਹਾਲੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਨੇ ਪਿਛਲੇ ਕਈ ਮਹੀਨਿਆਂ ਤੋਂ ਮੋਹਾਲੀ ਵਿਧਾਨ ਸਭਾ ਹਲਕੇ ’ਚ ਲੋਕ ਸੰਪਰਕ ਮੁਹਿੰਮ ਵਿੱਢੀ ਹੋਈ ਹੈ, ਜਿਸ ਕਾਰਨ ਉਹ ਲੋਕਾਂ ਵਿਚ ਜਾ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣ ਕੇ ਬਕਾਇਦਾ ਰਿਪੋਰਟ ਤਿਆਰ ਕਰਦੇ ਹਨ। ਜਿਹੜੀਆਂ ਸਮੱਸਿਆਵਾਂ ਦਾ ਹੱਲ ਸਥਾਨਕ ਪੱਧਰ ’ਤੇ ਉਹ ਕਰ ਸਕਦੇ ਹਨ, ਤੁਰੰਤ ਮੌਕੇ ’ਤੇ ਹੀ ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਆਖ ਦਿੱਤਾ ਜਾਂਦਾ ਹੈ ਅਤੇ ਹੋਰਨਾਂ ਕੰਮਾਂ ਦੀ ਵਿਸਥਾਰਥ ਰਿਪੋਰਟ ਤਿਆਰ ਕਰ ਕੇ ਮੁੱਖ ਮੰਤਰੀ ਦਫ਼ਤਰ ਨੂੰ ਭੇਜੀ ਜਾਂਦੀ ਹੈ। ਤੇਜ਼ ਬਰਸਾਤ ਦੌਰਾਨ ਵਿਧਾਇਕ ਕੁਲਵੰਤ ਸਿੰਘ ਜਿੱਥੇ ਸ਼ਹਿਰ ਦੇ ਵੱਖ-ਵੱਖ ਵਾਰਡਾਂ ’ਚ ਖੁਦ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਵਾਉਂਦੇ ਵੇਖੇ ਗਏ, ਉੱਥੇ ਹੀ ਜਿਹੜੇ ਪਿੰਡਾਂ ਨੂੰ ਹੜ੍ਹਾਂ ਦੀ ਜ਼ਿਆਦਾ ਮਾਰ ਪਈ, ਉਥੇ ਵੀ ਕੁਲਵੰਤ ਸਿੰਘ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਲੋਕਾਂ ’ਚ ਹਾਜ਼ਰ ਰਹੇ। ਬਿਜ਼ਨੈੱਸਮੈਨ ਵਜੋਂ ਜਾਣੇ ਜਾਂਦੇ ਵਿਧਾਇਕ ਕੁਲਵੰਤ ਸਿੰਘ ਵਲੋਂ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਹੋਂਦ ’ਚ ਆਉਣ ਤੋਂ ਤੁਰੰਤ ਬਾਅਦ ਜਿਸ ਤਰੀਕੇ ਨਾਲ ਲੋਕਾਂ ਦੀ ਕਚਹਿਰੀ ’ਚ ਜਾ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾ ਰਿਹਾ ਹੈ, ਉਸ ਤੋਂ ਵਿਰੋਧੀ ਪਾਰਟੀ ਦੇ ਨੇਤਾ ਹੈਰਾਨੀ ਦੇ ਆਲਮ ਵਿਚ ਹਨ।

ਇਹ ਵੀ ਪੜ੍ਹੋ : ਨਗਰ ਨਿਗਮ ਚੋਣਾਂ : ਨਵੇਂ ਸਿਰੇ ਤੋਂ ਕੀਤੀ ਵਾਰਡਬੰਦੀ ਨੂੰ ਲੈ ਕੇ ‘ਆਪ’ ਦੇ ਪੁਰਾਣੇ ਨੇਤਾਵਾਂ ’ਚ ਵੀ ਹੈ ਵਿਧਾਇਕਾਂ ਦੇ ਪ੍ਰਤੀ ਅਸੰਤੋਸ਼ 

ਵਸਿਸ਼ਟ, ਬੇਦੀ, ਕਾਹਲੋਂ ਅਤੇ ਪਰਮਿੰਦਰ ਨੇ ਵੀ ਲਈ ਤਿੱਖੀ ਸਿਆਸੀ ਅੰਗੜਾਈ
ਮੋਹਾਲੀ ਵਿਧਾਨ ਸਭਾ ਹਲਕੇ ਤੋਂ ਭਾਜਪਾ ਦੀ ਟਿਕਟ ’ਤੇ ਚੋਣ ਲੜ ਚੁੱਕੇ ਸੀਨੀਅਰ ਭਾਜਪਾ ਨੇਤਾ ਸੰਜੀਵ ਵਸਿਸਟ, ਸੀਨੀਅਰ ਭਾਜਪਾ ਨੇਤਾ ਸੁਖਵਿੰਦਰ ਸਿੰਘ ਗੋਲਡੀ, ਮੋਹਾਲੀ ਕਾਰਪੋਰੇਸ਼ਨ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਪੰਥਕ ਚਿੰਤਕ ਅਤੇ ਸੀਨੀਅਰ ਨੇਤਾ ਪਰਮਜੀਤ ਸਿੰਘ ਕਾਹਲੋਂ ਤੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਪਰਮਿੰਦਰ ਸਿੰਘ ਸੋਹਾਣਾ ਵਲੋਂ ਆਪੋ-ਆਪਣੇ ਪੱਧਰ ’ਤੇ ਸਿਆਸੀ ਸਰਗਰਮੀਆਂ ਮੋਹਾਲੀ ਵਿਚ ਲਗਾਤਾਰ ਜਾਰੀ ਹਨ ਅਤੇ ਫਿਰ ਭਾਵੇਂ ਉਹ ਤੀਆਂ ਦੇ ਤਿਉਹਾਰ ਨੂੰ ਮਨਾਏ ਜਾਣ ਦੀ ਗੱਲ ਹੋਵੇ ਜਾਂ ਪਿਛਲੇ ਦਿਨਾਂ ਵਿਚ ਭਾਰੀ ਬਰਸਾਤ ਕਾਰਨ ਲੋਕਾਂ ਨੂੰ ਪੁੱਜੇ ਨੁਕਸਾਨ ਕਾਰਨ ਲੋਕਾਂ ਕੋਲ ਖੜ੍ਹੇ ਹੋਣ ਦੀ ਗੱਲ ਹੋਵੇ, ਹਰ ਕਿਸੇ ਨੇਤਾ ਨੇ ਸਿਆਸੀ-ਛੱਤਰੀ ਦੇ ਜ਼ਰੀਏ ਲੋਕਾਂ ਨਾਲ ਆਪਣੀ ਸਾਂਝ ਪੁਗਾਈ। ਭਾਵੇਂ ਕਿ ਇਸ ਸਭ ਕੁਝ ਸਬੰਧੀ ਸਿਆਸੀ ਮਾਹਿਰ ਇਹ ਗੱਲ ਕਹਿਣੋਂ ਗੁਰੇਜ਼ ਨਹੀਂ ਕਰਦੇ ਕਿ ਇਹ ਪਬਲਿਕ ਹੈ, ਇਹ ਸਭ ਜਾਣਦੀ ਹੈ ਪਰ ਸਿਅਾਸੀ ਸਫ਼ਾਂ ਵਿਚ ਵਿਚਰਨਾ ਇਹ ਸਭ ਕਿਸੇ ਵੀ ਨੇਤਾ ਲਈ ਸਫਲਤ ਸਿਅਾਸ ਉਡਾਰੀ ਲਈ ਜ਼ਰੂਰੀ ਅਤੇ ਪਹਿਲੀ ਪੌੜੀ ਦੇ ਤੁਲ ਹੁੰਦਾ ਹੈ।

ਅਕਾਲੀ ਨੇਤਾ ਕੰਵਲਜੀਤ ਸਿੰਘ ਰੂਬੀ ਵਲੋਂ ਨੁੱਕੜ ਮੀਟਿੰਗਾਂ ਦਾ ਦੌਰ ਤੇਜ਼
ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਅਤੇ ਸਾਬਕਾ ਅਕਾਲੀ ਕੌਂਸਲਰ ਕੰਵਲਜੀਤ ਸਿੰਘ ਰੂਬੀ ਵਲੋਂ ਸ਼੍ਰੋਮਣੀ ਅਕਾਲੀ ਦਲ ਦੇ ਸਿਆਸੀ ਸੰਗਠਨ ਦੇ ਢਾਂਚੇ ਨੂੰ ਮਜ਼ਬੂਤੀ ਦੇਣ ਦੇ ਮਕਸਦ ਨਾਲ ਸ਼ੁਰੂ ਕੀਤੀ ਗਈਆਂ ਮੀਟਿੰਗਾਂ ਦਾ ਦੌਰ ਹੋਰ ਤੇਜ਼ ਕਰ ਦਿੱਤਾ ਗਿਆ। ਸੀਨੀਅਰ ਅਕਾਲੀ ਨੇਤਾ ਕੰਵਲਜੀਤ ਸਿੰਘ ਰੂਬੀ ਨੇ ਕਿਹਾ ਕਿ ਉਹ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਸੰਦੇਸ਼ ਨੂੰ ਘਰ-ਘਰ ਪੁੱਜਦਾ ਕਰਦੇ ਰਹਿਣਗੇ ਅਤੇ ਸਰਕਾਰੇ-ਦਰਬਾਰੇ ਲੋਕਾਂ ਨੂੰ ਹੋ ਰਹੀ ਖੱਜਲ-ਖੁਆਰੀ ਵਿਰੁੱਧ ਲੋਕਾਂ ਨੂੰ ਜਿੱਥੇ ਲਾਮਬੰਦ ਕਰਨਗੇ, ਉੱਥੇ ਹੀ ਸਰਕਾਰੇ-ਦਰਬਾਰੇ ਹਰ ਵੇਲੇ ਉਨ੍ਹਾਂ ਦੇ ਨਾਲ ਖੜ੍ਹੇ ਹੋਣਗੇ।

ਇਹ ਵੀ ਪੜ੍ਹੋ : ਸਾਈਬਰ ਕ੍ਰਿਮੀਨਲਾਂ ਦਾ ਨਵਾਂ ਕਾਰਨਾਮਾ : ਡੀ. ਪੀ. ’ਤੇ ਪੁਲਸ ਕਮਿਸ਼ਨਰ ਦੀ ਫੋਟੋ ਲਗਾ ਕੇ ਮਾਰ ਰਹੇ ਠੱਗੀ

ਸ਼੍ਰੋਮਣੀ ਕਮੇਟੀ ਮੈਂਬਰ ਪਰਮਜੀਤ ਲਾਂਡਰਾਂ ਦੀਆਂ ਸਰਗਰਮੀਆਂ ਅਕਾਲੀ ਦਲ ਲਈ ਚਿੰਤਾ ਦਾ ਵਿਸ਼ਾ
ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਸਾਬਕਾ ਚੇਅਰਪਰਸਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੋਹਾਲੀ ਤੋਂ ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਪਰਮਜੀਤ ਕੌਰ ਲਾਂਡਰਾਂ ਦੀਆਂ ਮੌਜੂਦਾ ਸੰਦਰਭ ਵਿਚ ਸਿਆਸੀ ਸਰਗਰਮੀਆਂ ਸ਼੍ਰੋਮਣੀ ਅਕਾਲੀ ਦਲ ਲਈ ਚਿੰਤਾ ਦਾ ਵਿਸ਼ਾ ਬਣੀਆਂ ਹੋਈਆਂ ਹਨ। ਬੀਬੀ ਲਾਂਡਰਾਂ ਵਲੋਂ ਅਕਾਲੀ ਦਲ ਦੀਆਂ ਮਹਿਲਾ ਅਾਗੂਆਂ ਨਾਲ ਇਸਤਰੀ ਅਕਾਲੀ ਦਲ ਤੋਂ ਅਸਤੀਫੇ ਤੋਂ ਬਾਅਦ ਪੰਜਾਬ ਭਰ ਵਿਚ ਮੀਟਿੰਗਾਂ ਦਾ ਦੌਰ ਲਗਾਤਾਰ ਜਾਰੀ ਹੈ ਭਾਵੇਂਕਿ ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਪਰਮਜੀਤ ਕੌਰ ਲਾਂਡਰਾਂ ਵਲੋਂ ਇਹ ਸਪੱਸ਼ਟ ਆਖਿਆ ਗਿਆ ਹੈ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਵਫਾਦਾਰ ਸਿਪਾਹੀ ਸਨ ਅਤੇ ਹਮੇਸ਼ਾ ਰਹਿਣਗੇ।

ਬੱਬੀ ਬਾਦਲ ਵੀ ਰਹਿੰਦੇ ਹਨ ਲੋਕਾਂ ਦੀ ਕਚਹਿਰੀ ’ਚ ਹਾਜ਼ਰ
ਆਮ ਆਦਮੀ ਪਾਰਟੀ ਦੇ ਨੇਤਾ ਹਰਸੁਖਇੰਦਰ ਸਿੰਘ ਬੱਬੀ ਬਾਦਲ ਵੀ ਲੋਕਾਂ ਦੀ ਕਚਹਿਰੀ ਵਿਚ ਹਾਜ਼ਰ ਹੁੰਦੇ ਵੇਖੇ ਜਾਂਦੇ ਹਨ। ਬੱਬੀ ਬਾਦਲ ਜਿੱਥੇ ਪਾਰਟੀ ਦੇ ਸੀਨੀਅਰ ਆਗੂਆਂ ਅਤੇ ਆਮ ਆਦਮੀ ਪਾਰਟੀ ਦੇ ਵਜ਼ੀਰਾਂ ਦੇ ਨਾਲ ਅਹਿਮ ਮੀਟਿੰਗਾਂ ਕਰ ਕੇ ਲੋਕਾਂ ਦੇ ਮਸਲੇ ਹੱਲ ਕਰਵਾਉਂਦੇ ਹਨ, ਉੱਥੇ ਹੀ ਮੋਹਾਲੀ ਵਿਚ ਉਹ ਵਿਧਾਇਕ ਕੁਲਵੰਤ ਸਿੰਘ ਵਲੋਂ ਸਿਆਸੀ ਸਰਗਰਮੀਆਂ ਵਿਚ ਵੀ ਹਮੇਸ਼ਾ ਹਾਜ਼ਰ ਵਿਖਾਈ ਦਿੰਦੇ ਹਨ।

ਇਹ ਵੀ ਪੜ੍ਹੋ : ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਦਾ ਐਲਾਨ ਹੁੰਦਿਆਂ ਹੀ ਗੁਰਾਇਆ ’ਚ ਹਲਚਲ ਹੋਈ ਤੇਜ਼
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Anuradha

Content Editor

Related News