ਸਿਆਸਤਦਾਨਾਂ ਨੂੰ ਸਾਬਕਾ ਪੁਲਸ ਮੁਲਾਜ਼ਮਾਂ ਦੀ ਚਿਤਾਵਨੀ
Wednesday, Dec 29, 2021 - 05:47 PM (IST)
ਪਟਿਆਲਾ (ਜੋਸਨ) : ਪੰਜਾਬ ਪੁਲਸ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਪਟਿਆਲਾ ਦੇ ਦਫਤਰ ਵਿਖੇ ਸੰਸਥਾ ਦੇ ਅਹੁਦੇਦਾਰਾਂ ਦੀ ਇਕ ਮੀਟਿੰਗ ਸੰਸਥਾ ਦੇ ਪ੍ਰਧਾਨ ਰਿਟਾਇਰਡ ਡੀ.ਐੱਸ.ਪੀ. ਸੁਖਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਸੇਵਾ ਮੁਕਤ ਪੁਲਸ ਮੁਲਾਜ਼ਮਾਂ ਨੇ ਸਿਆਤਦਾਨਾਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਪੁਲਸ ਅਧਿਕਾਰੀਆਂ ਦਾ ਅਪਮਾਨ ਕਰਨਾ ਛੱਡ ਦਿਓ ਅਤੇ ਅਜਿਹਾ ਅਪਮਾਨ ਅਸਹਿਣਯੋਗ ਹੈ। ਉਨ੍ਹਾਂ ਕਿਹਾ ਕਿ ਅੱਤਵਾਦ ਦੇ ਦੌਰ ’ਚ ਪੰਜਾਬ ਪੁਲਸ ਮੁਲਾਜ਼ਮਾਂ ਨੇ ਆਪਣੀਆਂ ਸ਼ਹੀਦੀਆਂ ਪਾ ਕੇ ਸਿਆਸਤਦਾਨਾਂ ਨੂੰ ਬਚਾਇਆ ਅਤੇ ਹੁਣ ਸਿਆਸਤਦਾਨਾਂ ਨੂੰ ਪੰਜਾਬ ਪੁਲਸ ਹੀ ਸੁਰੱਖਿਆ ਪ੍ਰਦਾਨ ਕਰ ਰਹੀ ਹੈ ਪਰ ਸਿਆਸਤਦਾਨਾਂ ਵੱਲੋਂ ਵਾਰ-ਵਾਰ ਨਿੰਦਣਯੋਗ ਸ਼ਬਦਾਵਲੀ ਵਰਤ ਕੇ ਪੰਜਾਬ ਪੁਲਸ ਦਾ ਅਪਮਾਨ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਪੁਲਸ ਪੈਨਸ਼ਨਰਜ਼ ਵੈੱਲਫੇਅਰ ਐਸੋ. ਨਿੰਦਾ ਕਰਦੀ ਹੋਈ ਚਿਤਾਵਨੀ ਦਿੰਦੀ ਹੈ ਕਿ ਅਗਾਮੀ ਚੋਣਾਂ ’ਚ ਅਜਿਹੇ ਸਿਆਤਸਦਾਨਾਂ ਦਾ ਬਾਈਕਾਟ ਵੀ ਕੀਤਾ ਜਾ ਸਕਦਾ, ਜੋ ਪੁਲਸ ਅਧਿਕਾਰੀਆਂ ਦਾ ਵਾਰ-ਵਾਰ ਅਪਮਾਨ ਕਰ ਰਹੇ ਹਨ। ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਸੁਖਵਿੰਦਰ ਸਿੰਘ, ਉਚ ਅਧਿਕਾਰੀ ਗੁਰਨਾਮ ਸਿੰਘ ਮਹਿਰਾ, ਸਾਬਕਾ ਡੀ.ਐੱਸ.ਪੀ. ਨਾਹਰ ਸਿੰਘ, ਇੰਸਪੈਕਟਰ ਦਵਿੰਦਰ ਸਿੰਘ ਮੱਲ੍ਹੀ, ਇੰਸਪੈਕਟਰ ਅਮਰਜੀਤ ਸਿੰਘ ਗਿੱਲ, ਇੰਸਪੈਕਟਰ ਸੁਖਵੰਤ ਸਿੰਘ ਆਦਿ ਸ਼ਾਮਲ ਸਨ।