ਮੱਤੇਵਾੜਾ ਦੇ ਜੰਗਲਾਂ ਨੂੰ ਬਚਾਉਣ ਲਈ ਸਿਆਸੀ ਤੇ ਸਮਾਜਸੇਵੀ ਜਥੇਬੰਦੀਆਂ ਨੇ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹਿਆ
Sunday, Jul 10, 2022 - 09:58 PM (IST)
ਮਾਛੀਵਾੜ ਸਾਹਿਬ (ਟੱਕਰ)-ਪੰਜਾਬ ਸਰਕਾਰ ਵੱਲੋਂ ਹਲਕਾ ਸਾਹਨੇਵਾਲ ਅਧੀਨ ਪੈਂਦੇ ਮੱਤੇਵਾੜਾ ਦੇ ਜੰਗਲਾਂ ਅਤੇ ਸਤਲੁਜ ਦਰਿਆ ਕਿਨਾਰੇ 1000 ਏਕੜ ’ਚ ਬਣਾਏ ਜਾ ਰਹੇ ਟੈਕਸਟਾਈਲ ਇੰਡਸਟਰੀ ਪਾਰਕ ਦੇ ਵਿਰੋਧ ’ਚ ਪੰਜਾਬ ਸੰਘਰਸ਼ ਕਮੇਟੀ ਦੇ ਸੱਦੇ ’ਤੇ ਸਿਆਸੀ ਤੇ ਸਮਾਜਸੇਵੀ ਜਥੇਬੰਦੀਆਂ ਦੇ ਨੁਮਾਇੰਦਿਆਂ ਤੋਂ ਇਲਾਵਾ ਹਜ਼ਾਰਾਂ ਦੀ ਗਿਣਤੀ ’ਚ ਵਾਤਾਵਰਣ ਪ੍ਰੇਮੀ ਪੁੱਜੇ, ਜਿਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਇਹ ਪ੍ਰੋਜੈਕਟ ਬੰਦ ਨਾ ਕੀਤਾ ਤਾਂ ਪੱਕਾ ਮੋਰਚਾ ਲਗਾ ਦਿੱਤਾ ਜਾਵੇਗਾ। ਅੱਜ ਮੱਤੇਵਾੜਾ ਜੰਗਲਾਂ ਦੇ ਕਿਨਾਰੇ ਪੰਜਾਬ ਸੰਘਰਸ਼ ਕਮੇਟੀ ਦੇ ਨੁਮਾਇੰਦੇ ਕਰਨਲ ਲਖਨਪਾਲ, ਜਸਕੀਰਤ ਸਿੰਘ, ਕਪਿਲ ਅਰੋੜਾ, ਮਨਪ੍ਰੀਤ ਸਿੰਘ ਬੈਂਸ, ਗੰਗਵੀਰ ਸਿੰਘ ਰਾਠੌਰ, ਮਨਿੰਦਰਜੀਤ ਸਿੰਘ ਬਾਵਾ, ਮਹਿੰਦਰ ਸਿੰਘ ਸੇਖੋਂ ਵੱਲੋਂ ਉਲੀਕੇ ਗਏ ਪ੍ਰੋਗਰਾਮ ’ਚ ਕਾਂਗਰਸ, ਅਕਾਲੀ ਦਲ, ਸ਼੍ਰੋਮਣੀ ਅਕਾਲੀ ਦਲ (ਅ) ਅਤੇ ਹੋਰ ਸਮਾਜਸੇਵੀ ਜਥੇਬੰਦੀਆਂ ਨੇ ਮੰਚ ਤੋਂ ਸੰਬੋਧਨ ਕਰਦਿਆਂ ਇੱਕਜੁਟਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਮੱਤੇਵਾੜਾ ਦੇ ਜੰਗਲਾਂ ਅਤੇ ਸਤਲੁਜ ਦਰਿਆ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਇਥੇ ਕਿਸੇ ਵੀ ਹਾਲਤ ’ਚ ਇੰਡਸਟਰੀ ਨਾ ਲੱਗਣ ਦਿੱਤੀ ਜਾਵੇ। ਇਸ ਮੌਕੇ ਹਲਕਾ ਸਾਹਨੇਵਾਲ ਦੇ ਇੰਚਾਰਜ ਵਿਕਰਮ ਸਿੰਘ ਬਾਜਵਾ, ਹਲਕਾ ਸਮਰਾਲਾ ਦੇ ਇੰਚਾਰਜ ਰੁਪਿੰਦਰ ਸਿੰਘ ਰਾਜਾ ਗਿੱਲ ਨੇ ਵੀ ਇਸ ਇੰਡਸਟਰੀ ਪਾਰਕ ਦਾ ਵਿਰੋਧ ਕੀਤਾ।
ਇਹ ਖ਼ਬਰ ਵੀ ਪੜ੍ਹੋ : ਵੱਖਰੀ ਹਾਈਕੋਰਟ ਤੇ ਵਿਧਾਨ ਸਭਾ ਨੂੰ ਲੈ ਕੇ CM ਮਾਨ ਦੇ ਬਿਆਨ ’ਤੇ ਭੜਕੇ ਸੁਖਬੀਰ ਬਾਦਲ, ਕਹੀਆਂ ਇਹ ਗੱਲਾਂ
ਕਾਂਗਰਸ ਨੇ ਇਹ ਇੰਡਸਟਰੀ ਪਾਰਕ ਪਾਸ ਕਰਕੇ ਗ਼ਲਤੀ ਕੀਤੀ : ਰਾਜਾ ਵੜਿੰਗ
ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਮੱਤੇਵਾੜਾ ਜੰਗਲਾਂ ਅਤੇ ਸਤਲੁਜ ਦਰਿਆ ਕਿਨਾਰੇ ਲੱਗ ਰਹੇ ਇੰਡਸਟਰੀ ਪਾਰਕ ਦੇ ਵਿਰੋਧ ਵਿਚ ਪੁੱਜੇ, ਜਿਨ੍ਹਾਂ ਹੱਥਾਂ ’ਚ ਤਖ਼ਤੀਆਂ ਫੜ ਕੇ ਪ੍ਰੋਜੈਕਟ ਦਾ ਵਿਰੋਧ ਕਰਦਿਆਂ ਕਿਹਾ ਕਿ ਵਾਤਾਵਰਣ ਨੂੰ ਬਚਾਉਣ ਲਈ ਇਹ ਉਦਯੋਗਿਕ ਇਕਾਈਆਂ ਇਥੇ ਨਹੀਂ ਲੱਗਣੀਆਂ ਚਾਹੀਦੀਆਂ। ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਬੇਸ਼ੱਕ ਇਹ ਇੰਡਸਟਰੀ ਪਾਰਕ ਪਿਛਲੀ ਕਾਂਗਰਸ ਸਰਕਾਰ ਦੇ ਰਾਜ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਾਸ ਕੀਤਾ, ਜੋ ਵੱਡੀ ਗ਼ਲਤੀ ਸੀ, ਜਿਸ ’ਤੇ ਉਹ ਮੁਆਫ਼ੀ ਵੀ ਮੰਗਦੇ ਹਨ। ਉਨ੍ਹਾਂ ਇਹ ਕਿਹਾ ਕਿ ਉਸ ਸਮੇਂ ਸਾਡੇ ਵੱਲੋਂ ਕੀਤਾ ਵਿਰੋਧ ਵੀ ਇਸ ਨੂੰ ਰੋਕ ਨਾ ਸਕਿਆ। ਰਾਜਾ ਵੜਿੰਗ ਨੇ ਕਿਹਾ ਕਿ ਅੱਜ ਉਹ ਪੰਜਾਬ ਐਕਸ਼ਨ ਕਮੇਟੀ ਦੇ ਸੱਦੇ ’ਤੇ ਇਥੇ ਪਹੁੰਚੇ ਹਨ ਅਤੇ ਵਾਤਾਵਰਣ ਨੂੰ ਸ਼ੁੱਧ ਰੱਖਣ ਲਈ ਮੱਤੇਵਾਡ਼ਾ ਦਾ ਜੰਗਲ ਨਾ ਉਜਾੜਿਆ ਜਾਵੇ ਅਤੇ ਇਸ ’ਚ ਰਹਿੰਦੇ ਜੀਵ-ਜੰਤੂਆਂ ਦੀ ਰੱਖਿਆ ਲਈ ਉਹ ਇੰਡਸਟਰੀ ਪਾਰਕ ਦਾ ਵਿਰੋਧ ਕਰਦੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਾਤਾਵਰਣ ਪ੍ਰੇਮੀਆਂ ਅਤੇ ਲੋਕਾਂ ਦੀ ਇਸ ਮੰਗ ਨੂੰ ਦੇਖਦੇ ਹੋਏ ਇਹ ਇੰਡਸਟਰੀ ਪਾਰਕ ਦਾ ਪ੍ਰੋਜੈਕਟ ਤੁਰੰਤ ਰੱਦ ਕਰਨ ਦਾ ਐਲਾਨ ਕਰਨ।
ਇਹ ਖ਼ਬਰ ਵੀ ਪੜ੍ਹੋ : ਚੋਣ ਵਾਅਦਾ ਪੂਰਾ ਕਰਦਿਆਂ ਮਾਨ ਸਰਕਾਰ ਨਸ਼ਾ ਸਮੱਗਲਰਾਂ ਖ਼ਿਲਾਫ਼ ਕਰ ਰਹੀ ਵੱਡੇ ਪੱਧਰ ’ਤੇ ਕਾਰਵਾਈ : ਰਾਘਵ ਚੱਢਾ
ਵਿਧਾਨ ਸਭਾ ’ਚ ਬਿੱਲ ਲਿਆ ਕੇ ਗ਼ੈਰ-ਪੰਜਾਬੀਆਂ ਨੂੰ ਪੰਜਾਬ ’ਚ ਜ਼ਮੀਨ ਖਰੀਦਣ ’ਤੇ ਰੋਕ ਲਾਵਾਂਗੇ : ਖਹਿਰਾ
ਕਾਂਗਰਸ ਪਾਰਟੀ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਵੀ ਮੱਤੇਵਾੜਾ ਜੰਗਲ ਦੇ ਉਜਾੜੇ ਦੇ ਵਿਰੋਧ ’ਚ ਪੁੱਜੇ, ਜਿੱਥੇ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਸੂਬੇ ’ਚ ਜੋ ਇੰਡਸਟਰੀਆਂ ਲੱਗ ਰਹੀਆਂ ਹਨ, ਉਨ੍ਹਾਂ ’ਚ ਪੰਜਾਬੀਆਂ ਨੂੰ ਰੁਜ਼ਗਾਰ ਨਹੀਂ ਮਿਲ ਰਿਹਾ, ਜਦਕਿ 90 ਪ੍ਰਤੀਸ਼ਤ ਬਾਹਰਲੇ ਸੂਬਿਆਂ ਤੋਂ ਆ ਰਹੇ ਗ਼ੈਰ-ਪੰਜਾਬੀਆਂ ਨੂੰ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਅੱਜ ਸਾਡੇ ਪੰਜਾਬ ਦੇ ਨੌਜਵਾਨ ਰੁਜ਼ਗਾਰ ਲਈ ਬਾਹਰਲੇ ਦੇਸ਼ਾਂ ’ਚ ਜਾ ਰਹੇ ਹਨ ਅਤੇ ਜੇਕਰ ਇਹੋ ਹਾਲਾਤ ਰਹੇ ਤਾਂ ਪੰਜਾਬ ’ਚੋਂ ਪੰਜਾਬੀ ਖ਼ਤਮ ਹੋ ਜਾਣਗੇ ਅਤੇ ਇਥੋਂ ਦੇ ਸੱਭਿਆਚਾਰ ਤੇ ਧਾਰਮਿਕ ਵਿਰਸੇ ਨੂੰ ਵੀ ਖ਼ਤਰਾ ਖੜ੍ਹਾ ਹੋ ਜਾਵੇਗਾ। ਖਹਿਰਾ ਨੇ ਕਿਹਾ ਕਿ ਉਹ ਆਉਣ ਵਾਲੇ ਵਿਧਾਨ ਸਭਾ ਸੈਸ਼ਨ ’ਚ ਇਕ ਬਿੱਲ ਲਿਆਉਣਗੇ, ਜਿਸ ਤਰ੍ਹਾਂ ਹਿਮਾਚਲ ’ਚ ਬਾਹਰਲੇ ਸੂਬੇ ਦਾ ਵਿਅਕਤੀ ਜ਼ਮੀਨ ਨਹੀਂ ਖਰੀਦ ਸਕਦਾ, ਉਸ ਤਰ੍ਹਾਂ ਪੰਜਾਬ ’ਚ ਵੀ ਗ਼ੈਰ-ਪੰਜਾਬੀ ਨੂੰ ਜ਼ਮੀਨ ਖਰੀਦਣ ’ਤੇ ਰੋਕ ਲਗਾਵਾਂਗੇ।
ਪੰਜਾਬ ਦੇ ਜੰਗਲ ਸਾਡਾ ਧਾਰਮਿਕ ਵਿਰਸਾ, ਜਿਸ ਨੂੰ ਉੱਜੜਨ ਨਹੀਂ ਦੇਵਾਂਗੇ : ਸਿਮਰਨਜੀਤ ਮਾਨ
ਅੱਜ ਮੱਤੇਵਾੜਾ ਦੇ ਜੰਗਲ ਨੇੜੇ ਰੱਖੇ ਗਏ ਪ੍ਰੋਗਰਾਮ ’ਚ ਸ਼੍ਰੋਮਣੀ ਅਕਾਲੀ ਦਲ ਦਲ (ਅ) ਦੇ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਪੁੱਜੇ, ਜਿਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਾਛੀਵਾੜਾ ਤੇ ਮੱਤੇਵਾੜਾ ਦੇ ਜੰਗਲਾਂ ’ਚੋਂ ਹੋ ਕੇ ਅਗਲੇ ਪੜਾਅ ਵੱਲ ਪੁੱਜੇ ਸਨ, ਜਿਸ ਲਈ ਇਹ ਜੰਗਲ ਸਾਡਾ ਧਾਰਮਿਕ ਵਿਰਸਾ ਹਨ, ਜਿਸ ਨੂੰ ਅਸੀਂ ਉਜੜਨ ਨਹੀਂ ਦੇਵਾਂਗੇ। ਉਨ੍ਹਾਂ ਕਿਹਾ ਕਿ ਅੱਜ ਜ਼ਰੂਰਤ ਹੈ ਕਿ ਗੁਰਬਾਣੀ ਦੇ ਸਿਧਾਂਤ ’ਤੇ ਚੱਲਦਿਆਂ ਵਾਤਾਵਰਣ ਨੂੰ ਸ਼ੁੱਧ ਰੱਖਣ ਲਈ ਜੰਗਲ ਅਤੇ ਧਰਤੀ ਦਾ ਪਾਣੀ ਬਚਾਇਆ ਜਾਵੇ ਪਰ ਸਾਡੀਆਂ ਸਰਕਾਰਾਂ ਇਸ ਦੇ ਉਲਟ ਫੈਸਲੇ ਲੈ ਰਹੀਆਂ ਹਨ, ਜਿਸ ਦਾ ਉਹ ਡਟ ਕੇ ਵਿਰੋਧ ਕਰਨਗੇ ਅਤੇ ਇਹ ਮੁੱਦਾ ਉਹ ਲੋਕ ਸਭਾ ਵਿਚ ਵੀ ਉਠਾਉਣਗੇ।
ਇਹ ਖ਼ਬਰ ਵੀ ਪੜ੍ਹੋ : 2 ਬੱਚਿਆਂ ਦੇ ਪਿਓ ਨੇ ਨਾਬਾਲਗਾ ਨਾਲ ਕੀਤਾ ਜਬਰ-ਜ਼ਿਨਾਹ, ਗ੍ਰਿਫ਼ਤਾਰ
ਹੁਣ ਵਾਤਾਵਰਣ ਪ੍ਰੇਮੀ ਬਲਬੀਰ ਸੀਚੇਵਾਲ ਮੱਤੇਵਾੜਾ ਕਿਉਂ ਨਹੀਂ ਪੁੱਜੇ : ਲੱਖਾ ਸਿਧਾਣਾ
ਇੰਡਸਟਰੀ ਪਾਰਕ ਦੇ ਵਿਰੋਧ ਅਤੇ ਮੱਤੇਵਾਡ਼ਾ ਜੰਗਲ ਨੂੰ ਬਚਾਉਣ ਲਈ ਲੱਖਾ ਸਿਧਾਣਾ ਵੀ ਵਿਸ਼ੇਸ਼ ਤੌਰ ’ਤੇ ਪਹੁੰਚੇ, ਜਿਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਵਾਤਾਵਰਣ ਪ੍ਰੇਮੀ ਬਲਬੀਰ ਸਿੰਘ ਸੀਚੇਵਾਲ ਰਾਜ ਸਭਾ ਮੈਂਬਰ ਬਣਨ ਤੋਂ ਹੁਣ ਮੱਤੇਵਾੜਾ ਦੇ ਜੰਗਲਾਂ ਨੂੰ ਬਚਾਉਣ ਲਈ ਕਿਉਂ ਨਹੀਂ ਪੁੱਜੇ। ਉਨ੍ਹਾਂ ਕਿਹਾ ਕਿ ਇਹ ਓਹੀ ਭਗਵੰਤ ਮਾਨ ਹਨ, ਜੋ ਸਰਕਾਰ ਬਣਨ ਤੋਂ ਪਹਿਲਾਂ ਇਸ ਇੰਡਸਟਰੀ ਪਾਰਕ ਦਾ ਵਿਰੋਧ ਕਰਦੇ ਸਨ ਅਤੇ ਹੁਣ ਮੁੱਖ ਮੰਤਰੀ ਬਣਨ ਤੋਂ ਬਾਅਦ ਇਸ ਦੇ ਹੱਕ ਵਿਚ ਦਿਖਾਈ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਸਾਡੇ ਸੂਬੇ ਦੀ ਅਫ਼ਸਰਸ਼ਾਹੀ ’ਚ ਬਾਹਰਲੇ ਸੂਬਿਆਂ ਦੇ ਅਫ਼ਸਰ ਭਾਰੂ ਹਨ, ਜੋ ਸਰਕਾਰਾਂ ਦੇ ਨੁਮਾਇੰਦਿਆਂ ਨੂੰ ਸਿੱਧੇ ਕੰਮ ਹੀ ਨਹੀਂ ਕਰਨ ਦਿੰਦੇ। ਉਨ੍ਹਾਂ ਇਹ ਵੀ ਕਿਹਾ ਕਿ ਜਦੋਂ ਤੱਕ ਸਾਡੀਆਂ ਸਿਆਸੀ ਪਾਰਟੀਆਂ ਦੇ ਲੀਡਰ ਸੱਤਾ ਤੋਂ ਬਾਹਰ ਹੁੰਦੇ ਹਨ ਅਤੇ ਜਦੋਂ ਕੁਰਸੀਆਂ ਮਿਲ ਜਾਂਦੀਆਂ ਹਨ ਤਾਂ ਫਿਰ ਉਨ੍ਹਾਂ ਦੇ ਲੋਕ ਹਿੱਤਾਂ ਵਾਲੇ ਮਸਲਿਆਂ ਪ੍ਰਤੀ ਤੇਵਰ ਹੀ ਬਦਲ ਜਾਂਦੇ ਹਨ।