ਇਕ ਹੋਰ ਰਾਜਨੀਤਕ ਹੱਤਿਆ ਨੂੰ ਸੁਲਝਾਉਣ ''ਚ ''ਉਲਝੀ'' ਪੰਜਾਬ ਪੁਲਸ

10/18/2017 6:44:34 AM

ਚੰਡੀਗੜ੍ਹ (ਰਮਨਜੀਤ) - ਪੰਜਾਬ ਪੁਲਸ ਨੂੰ ਥੋੜ੍ਹੇ ਹੀ ਸਮੇਂ ਦੇ ਅੰਦਰ ਇਕ ਹੋਰ ਰਾਜਨੀਤਕ ਹੱਤਿਆ ਦੇ ਮਾਮਲੇ ਵਿਚ ਜਾਂਚ ਦਾ ਜ਼ਿੰਮਾ ਨਿਭਾਉਣਾ ਪੈ ਰਿਹਾ ਹੈ। ਹਾਲਾਂਕਿ ਇਸ ਤੋਂ ਪਹਿਲਾਂ ਪੰਜਾਬ ਵਿਚ ਵੱਖ-ਵੱਖ ਸਮੇਂ 'ਤੇ ਹੋਈਆਂ ਰਾਜਨੀਤਕ ਹੱਤਿਆਵਾਂ ਤੇ ਜਾਨਲੇਵਾ ਹਮਲਿਆਂ ਦੇ ਮਾਮਲੇ 'ਚ ਪੁਲਸ ਨੂੰ ਸਫ਼ਲਤਾ ਨਹੀਂ ਮਿਲ ਸਕੀ ਹੈ ਤੇ ਇਸ ਕਾਰਨ ਪੁਲਸ ਦੀ ਕਾਰਜਸਮਰੱਥਾ 'ਤੇ ਵੀ ਸਵਾਲ ਉਠਣ ਲੱਗੇ ਹਨ ਪਰ ਪੰਜਾਬ ਪੁਲਸ ਦੇ ਅਧਿਕਾਰੀ ਦਾਅਵਾ ਕਰ ਰਹੇ ਹਨ ਕਿ ਤਾਜ਼ਾ ਮਾਮਲੇ ਵਿਚ ਮੁਲਜ਼ਮਾਂ ਸਬੰਧੀ ਸੁਰਾਗ ਮਿਲ ਗਏ ਹਨ ਤੇ ਕੇਸ ਨੂੰ ਜਲਦੀ ਹੀ ਹੱਲ ਕਰ ਲਿਆ ਜਾਵੇਗਾ। ਸੂਤਰਾਂ ਮੁਤਾਬਿਕ ਮੰਗਲਵਾਰ ਨੂੰ ਹੋਈ ਇਸ ਘਟਨਾ ਦੀ ਸੂਚਨਾ ਫਿਰੋਜ਼ਪੁਰ ਦੇ ਹੁਸੈਨੀਵਾਲਾ 'ਚ ਪਹੁੰਚੇ ਕੇਂਦਰੀ ਮੰਤਰੀ ਰਾਜਨਾਥ ਸਿੰਘ ਕੋਲ ਵੀ ਪਹੁੰਚੀ ਤੇ ਉਨ੍ਹਾਂ ਨੇ ਉਸੇ ਪ੍ਰੋਗਰਾਮ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਰਵਿੰਦਰ ਗੋਸਾਈਂ ਹੱਤਿਆ ਮਾਮਲੇ 'ਚ ਜਾਂਚ ਤੇਜ਼ ਕਰਨ ਤੇ ਉਸ ਦੀ ਨਿਗਾਰਨੀ ਉੱਚ ਅਧਿਕਾਰੀਆਂ ਤੋਂ ਕਰਵਾਉਣ ਸਬੰਧੀ ਗੱਲ ਕੀਤੀ। ਹੁਸੈਨੀਵਾਲਾ ਵਿਚ ਹੀ ਮੌਜੂਦ ਡੀ. ਜੀ. ਪੀ. ਸੁਰੇਸ਼ ਅਰੋੜਾ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਸ਼ੁਰੂਆਤੀ ਜਾਂਚ ਦੌਰਾਨ ਮਿਲੇ ਸੁਰਾਗਾਂ ਦੇ ਬਾਰੇ 'ਚ ਜਾਣਕਾਰੀ ਦਿੱਤੀ ਸੀ।
ਉਧਰ ਡੀ. ਜੀ. ਪੀ. ਕਾਨੂੰਨ ਵਿਵਸਥਾ ਹਰਦੀਪ ਸਿੰਘ ਢਿੱਲੋਂ ਨੇ ਕੇਸ ਬਾਰੇ ਜ਼ਿਆਦਾ ਖੁਲਾਸਾ ਕਰਨ ਤੋਂ ਇਨਕਾਰ ਕਰਦਿਆਂ ਕਿਹਾ ਕਿ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਘਟਨਾ ਸਥਾਨ 'ਤੇ ਮੁੱਢਲੀ ਜਾਂਚ ਤੋਂ ਬਾਅਦ ਜੋ ਸੁਰਾਗ ਮਿਲੇ ਹਨ, ਉਹ ਅਪਰਾਧੀਆਂ ਤੱਕ ਪਹੁੰਚਣ ਵਿਚ ਪੰਜਾਬ ਪੁਲਸ ਦੀ ਮਦਦ ਕਰਨਗੇ। ਡੀ. ਜੀ. ਪੀ. ਢਿੱਲੋਂ ਨੇ ਦਾਅਵਾ ਕੀਤਾ ਕਿ ਜਲਦੀ ਹੀ ਇਸ ਕਤਲ ਮਾਮਲੇ ਨੂੰ ਸੁਲਝਾ ਲਿਆ ਜਾਵੇਗਾ। ਹਾਲਾਂਕਿ ਡੀ. ਜੀ. ਪੀ. ਢਿੱਲੋਂ ਨੇ ਇਸ ਤੋਂ ਪਹਿਲਾਂ ਪ੍ਰਦੇਸ਼ ਵਿਚ ਹੋਈਆਂ ਰਾਜਨੀਤਕ ਤੇ ਜਾਨਲੇਵਾ ਹੱਤਿਆਵਾਂ ਦੀ ਜਾਂਚ ਸਬੰਧੀ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।
'ਸਥਾਨਕ ਪੱਧਰ 'ਤੇ ਕਮਿਸ਼ਨਰ ਆਫ਼ ਪੁਲਸ ਲੁਧਿਆਣਾ ਵਲੋਂ ਐੱਸ. ਆਈ. ਟੀ. ਬਣਾ ਦਿੱਤੀ ਗਈ ਹੈ ਤੇ ਜਾਂਚ ਨੂੰ ਅੱਗੇ ਵਧਾਇਆ ਜਾ ਰਿਹਾ ਹੈ। ਵਾਰਦਾਤ ਨੂੰ ਦੇਖ ਕੇ ਮਾਡਜ਼ ਆਪਰੇਂਡੀ ਪਹਿਲਾਂ ਹੋਈਆਂ ਵਾਰਦਾਤਾਂ ਨਾਲ ਮੇਲ ਖਾ ਰਿਹਾ ਹੈ ਤੇ ਇਸ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਪੁਰਾਣੀਆਂ ਵਾਰਦਾਤਾਂ ਨਾਲ ਇਸ ਦਾ ਕੋਈ ਲਿੰਕ ਹੋਵੇ। ਬ੍ਰਿਗੇਡੀਅਰ ਗਗਨੇਜਾ ਮਾਮਲੇ ਵਿਚ ਸੀ. ਬੀ. ਆਈ. ਵੀ ਜਾਂਚ ਕਰ ਰਹੀ ਹੈ ਤੇ ਤਾਜ਼ਾ ਮਾਮਲੇ ਸਬੰਧੀ ਵੀ ਸੀ. ਬੀ. ਆਈ. ਦੇ ਨਾਲ ਜਾਣਕਾਰੀ ਸ਼ੇਅਰ ਕਰ ਦਿੱਤੀ ਗਈ ਹੈ। ਉਮੀਦ ਹੈ ਕਿ ਜਲਦੀ ਹੀ ਮਾਮਲਾ ਹੱਲ ਕਰ ਲਿਆ ਜਾਵੇਗਾ।
—ਸੁਰੇਸ਼ ਅਰੋੜਾ, ਡੀ. ਜੀ. ਪੀ.


Related News