ਲੋਕ ਸਭਾ ਚੋਣਾਂ-2024 ਬੇਹੱਦ ਨਜ਼ਦੀਕ! ਭੰਬਲਭੂਸੇ ਵਾਲੇ ਹਾਲਾਤ 'ਚ ਫਸੇ ਸਿਆਸੀ ਆਗੂ
Monday, Feb 05, 2024 - 10:18 AM (IST)
ਮੋਹਾਲੀ (ਪਰਦੀਪ) : ਲੋਕ ਸਭਾ ਚੋਣਾਂ-2024 ਬੇਹੱਦ ਨਜ਼ਦੀਕ ਆ ਗਈਆਂ ਹਨ ਅਤੇ 29 ਮਈ, 2024 ਤੋਂ ਪਹਿਲਾਂ ਹਰ ਹੀਲੇ 'ਚ ਚੋਣ ਪ੍ਰਕਿਰਿਆ ਪੂਰੀ ਤਰ੍ਹਾਂ ਮੁਕੰਮਲ ਕੀਤੀ ਜਾਣੀ ਹੈ ਪਰ ਕਿਸੇ ਵੀ ਸਿਆਸੀ ਪਾਰਟੀ ਵਲੋਂ ਆਪਣੇ ਸਿਆਸੀ ਭਾਈਵਾਲ ਸਬੰਧੀ ਅਜੇ ਤੱਕ ਕੋਈ ਸਪੱਸ਼ਟ ਐਲਾਨ ਸਾਹਮਣੇ ਨਹੀਂ ਆਇਆ। ਹਰ ਇਕ ਪਾਰਟੀ ਦੇ ਆਗੂਆਂ ਵਲੋਂ ਇਕ-ਦੂਜੇ ਪ੍ਰਤੀ ਬਿਆਨਬਾਜ਼ੀ ਅਤੇ ਕਾਨੂੰਨੀ ਕਾਰਵਾਈਆਂ ਦਾ ਦੌਰ ਸਿਖ਼ਰਾਂ ’ਤੇ ਹੈ, ਜਿਸ ਸਬੰਧੀ ਦੂਸਰੀ ਅਤੇ ਤੀਸਰੀ ਕਤਾਰ ਦੇ ਆਗੂਆਂ ਤੋਂ ਇਲਾਵਾ ਹਰ ਇਕ ਸਿਆਸੀ ਪਾਰਟੀ ਦੇ ਸਰਗਰਮ ਵਰਕਰ ਹਾਲ ਦੀ ਘੜੀ ਭੰਬਲਭੂਸੇ ਦੀ ਸਥਿਤੀ ਵਿਚੋਂ ਲੰਘ ਰਹੇ ਹਨ ਤੇ ਉਨ੍ਹਾਂ ਨੂੰ ਸਮਝ ਨਹੀਂ ਆ ਰਹੀ ਕਿ ਉਹ ਪੱਕੇ ਤੌਰ ’ਤੇ ਕਿਸ ਪਾਰਟੀ ਨਾਲ ਖੜ੍ਹਨਗੇ। ਹਰ ਸਰਗਰਮ ਵਰਕਰ ਇਸ ਗੱਠਜੋੜ ਸਬੰਧੀ ਹਾਈਕਮਾਂਡ ਦੇ ਫ਼ੈਸਲੇ ਦੀ ਉਡੀਕ ਵਿਚ ਹੈ।
ਇਹ ਵੀ ਪੜ੍ਹੋ : ਨਵਜੋਤ ਸਿੱਧੂ ਕਾਂਗਰਸ ਛੱਡੂ ਜਾਂ ਫਿਰ ਸਿੱਧੂ ਨੂੰ ਪਾਰਟੀ ਬਾਹਰ ਕੱਢੂ, ਖੜਗੇ ਕਰਨਗੇ 11 ਨੂੰ ਖੜਕਾ!
ਅਰਵਿੰਦ ਕੇਜਰੀਵਾਲ ’ਤੇ ਈ. ਡੀ. ਵਲੋਂ ਲਗਾਤਾਰ ਕੀਤੀ ਜਾ ਰਹੀ ਸਮਨਿੰਗ ਤੋਂ ‘ਆਪ’ ਵਰਕਰ ਪਰੇਸ਼ਾਨ
ਆਮ ਆਦਮੀ ਪਾਰਟੀ (ਆਪ) ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਈ. ਡੀ. ਵਲੋਂ ਕੀਤੀ ਗਈ ਪੰਜਵੀਂ ਸਮਨਿੰਗ ਕਾਰਨ ‘ਆਪ’ ਵਰਕਰ ਪਰੇਸ਼ਾਨ ਹਨ ਅਤੇ ਵਰਕਰਾਂ ਵਲੋਂ ਆਪ ਮੁਹਾਰੇ ਹੀ ਦਿੱਲੀ ਅਤੇ ਭਾਜਪਾ ਦੇ ਦਫ਼ਤਰਾਂ ਵੱਲ ਮੁਹਾਰਾਂ ਘੱਤ ਕੇ ਭਾਜਪਾ ਖ਼ਿਲਾਫ਼ ਨਾਅਰੇਬਾਜ਼ੀ ਅਤੇ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਹੋਰਨਾਂ ਆਮ ਆਦਮੀ ਪਾਰਟੀ ਦੇ ਆਗੂਆਂ ਵਲੋਂ ਈ. ਡੀ. ਦੀ ਇਸ ਕਾਰਵਾਈ ਨੂੰ ਭਾਜਪਾ ਦੀ ਸਿਆਸੀ ਕਾਰਵਾਈ ਗਰਦਾਨਿਆ ਜਾ ਰਿਹਾ ਹੈ। ਦੂਸਰੇ ਪਾਸੇ ‘ਆਪ’ ਵਲੋਂ ਆਪਣੇ ਸੰਭਾਵੀ ‘ਇੰਡੀਆ’ ਗੱਠਜੋੜ ਦੇ ਅਹਿਮ ਭਾਈਵਾਲ ਕਾਂਗਰਸ ਪਾਰਟੀ ਨਾਲ ਵੀ ਪੰਜਾਬ 'ਚ ਅਜੇ ਤੱਕ ਕੋਈ ਸਪੱਸ਼ਟ ਐਲਾਨ ਸਾਹਮਣੇ ਨਹੀਂ ਆ ਰਿਹਾ, ਬੇਸ਼ੱਕ ਚੰਡੀਗੜ੍ਹ ਕਾਰਪੋਰੇਸ਼ਨ ਦੇ ਮੇਅਰ ਦੀ ਚੋਣ ਦੇ ਮਾਮਲੇ ਵਿਚ ‘ਆਪ’ ਅਤੇ ਕਾਂਗਰਸ ਇਕ ਮੰਚ ਤੋਂ ਹੀ ਭਾਜਪਾ ਖ਼ਿਲਾਫ਼ ਲੜਦੇ ਵਿਖਾਈ ਦਿੱਤੇ ਪਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਕੁੱਝ ਦਿਨ ਪਹਿਲਾਂ ਇਹ ਬਿਆਨ ਕਿ ਉਹ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ’ਤੇ ਇਕੱਲਿਆਂ ਹੀ ਚੋਣ ਲੜਨਗੇ, ਤੋਂ ਬਾਅਦ ‘ਆਪ’ ਦੇ ਆਗੂ ਪੰਜਾਬ ਵਿਚ ਗੱਠਜੋੜ ਸਬੰਧੀ ਫੂਕ-ਫੂਕ ਕੇ ਕਦਮ ਚੁੱਕ ਰਹੇ ਹਨ।
ਰਾਮ ਮੰਦਿਰ ’ਚ ਜੁੜ ਰਹੀ ਸ਼ਰਧਾਲੂਆਂ ਦੀ ਭੀੜ
ਅਯੁੱਧਿਆ ਵਿਖੇ ਰਾਮ ਮੰਦਰ ਦੀ ਉਸਾਰੀ ਅਤੇ ਉਸ ਤੋਂ ਬਾਅਦ ਰਾਮ ਲੱਲਾ ਦੀ ਪ੍ਰਾਣ-ਪ੍ਰਤਿਸ਼ਠਾ ਸਬੰਧੀ ਹੋਏ ਵਿਸ਼ਾਲ ਧਾਰਮਿਕ ਸਮਾਗਮ ਸਬੰਧੀ ਅੱਗੇ ਹੋ ਕੇ ਭਾਜਪਾ ਦੇ ਵੱਡੇ ਅਤੇ ਛੋਟੇ ਆਗੂਆਂ ਵਲੋਂ ਪ੍ਰਚਾਰ ਅਤੇ ਪ੍ਰਸਾਰ ਕੀਤਾ ਗਿਆ ਅਤੇ ਘਰ-ਘਰ ਜਾ ਕੇ ਬਕਾਇਦਾ ਸੱਦਾ ਪੱਤਰ ਅਯੁੱਧਿਆ ਵਿਖੇ ਜਾਣ ਲਈ ਦਿੱਤੇ ਗਏ, ਪੰਜਾਬ ਸਮੇਤ ਪੂਰੇ ਦੇਸ਼ ਦੇ ਮੰਦਰਾਂ ਦੀ ਸਾਫ਼-ਸਫ਼ਾਈ ਦਾ ਕੰਮ ਅਤੇ ਹਨੂਮਾਨ ਚਲੀਸਾ ਅਤੇ ਰਮਾਇਣ ਦੇ ਪਾਠ ਲਗਾਤਾਰ ਮੰਦਰਾਂ ਸਮੇਤ ਹੋਰਨਾ ਧਾਰਮਿਕ ਥਾਵਾਂ ਉੱਪਰ ਕਰਵਾਏ ਗਏ ਅਤੇ ਭਾਜਪਾ ਦੇ ਸਰਗਰਮ ਆਗੂਆਂ ਵਲੋਂ ਬਕਾਇਦਾ ਹਰ ਵਾਰਡ ਅਤੇ ਪਿੰਡਾਂ ਵਿਚ ਵੀ ਪ੍ਰਭਾਤ ਫੇਰੀਆਂ ਕੱਢੀਆਂ ਗਈਆਂ। ਭਾਜਪਾ ਆਗੂਆਂ ਵਲੋਂ ਸਾਂਝੀਆਂ ਥਾਵਾਂ 'ਤੇ ਬਾਹਰ ਬਕਾਇਦਾ ਵੱਡੀਆਂ ਸਕਰੀਨਾਂ ਲਵਾ ਕੇ ਅਯੁੱਧਿਆ ਨਾਲ ਸਬੰਧਿਤ ਪ੍ਰੋਗਰਾਮ ਨੂੰ ਲਾਈਵ ਵਿਖਾਇਆ ਗਿਆ ਅਤੇ ਇਨ੍ਹਾਂ ਪ੍ਰੋਗਰਾਮਾਂ 'ਚ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਦੀ ਅਪਾਰ ਸ਼ਰਧਾ ਕਾਰਨ ਹੋਰਨਾਂ ਸਿਆਸੀ ਪਾਰਟੀਆਂ ਦੇ ਅਹਿਮ ਆਗੂਆਂ ਨੇ ਵੀ ਸ਼ਮੂਲੀਅਤ ਕੀਤੀ।
ਇਹ ਵੀ ਪੜ੍ਹੋ : ਪੰਜਾਬ ਦੇ ਇਨ੍ਹਾਂ ਸ਼ਹਿਰਾਂ ਲਈ ਜਾਰੀ ਹੋਇਆ ਅਲਰਟ, ਪੜ੍ਹੋ ਮੌਸਮ ਵਿਭਾਗ ਦੀ ਵੱਡੀ ਭਵਿੱਖਬਾਣੀ
ਸ਼੍ਰੋਮਣੀ ਅਕਾਲੀ ਦਲ ‘ਪੰਜਾਬ ਬਚਾਓ ਯਾਤਰਾ’ ’ਤੇ
ਲੋਕ ਸਭਾ ਚੋਣਾਂ ਦੀ ਤਿਆਰੀ ਵਜੋਂ ਆਪਣੇ ਵਰਕਰਾਂ ਵਿਚ ਜੋਸ਼ ਭਰਨ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ‘ਪੰਜਾਬ ਬਚਾਓ ਯਾਤਰਾ’ ਸ਼ੁਰੂ ਕੀਤੀ ਗਈ ਅਤੇ ਇਸ ਯਾਤਰਾ ਦਾ ਅਕਾਲੀ ਦਲ ਦੇ ਵਰਕਰਾਂ ਵਲੋਂ ਥਾਂ-ਥਾਂ ’ਤੇ ਭਰਵਾਂ ਸਵਾਗਤ ਕੀਤਾ ਜਾ ਰਿਹਾ ਹੈ। ਬੇਸ਼ੱਕ ਪਹਿਲਾਂ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਨਜ਼ਦੀਕੀ ਹੋ ਜਾਣ ਦੀਆਂ ਖ਼ਬਰਾਂ ਕਾਰਨ ਇਹ ਸਮਝਿਆ ਜਾਂਦਾ ਸੀ ਕਿ ਅਕਾਲੀ ਦਲ ਸੰਯੁਕਤ ਦਾ ਸ਼੍ਰੋਮਣੀ ਅਕਾਲੀ ਦਲ ਵਿਚ ਰਲੇਵਾਂ ਕਿਸੇ ਵੇਲੇ ਵੀ ਸੰਭਵ ਹੈ, ਜਿਸ ਸਬੰਧੀ ਅਜੇ ਤੱਕ ਭਾਜਪਾ ਹਾਈਕਮਾਂਡ ਵਲੋਂ ਕੋਈ ਸਪੱਸ਼ਟ ਸੰਕੇਤ ਨਹੀਂ ਹੈ, ਜਦਕਿ ਦੂਸਰੇ ਪਾਸੇ ਬਸਪਾ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜੀ ਵਲੋਂ ਆਪਣੇ ਸਿਆਸੀ ਹਮਖਿਆਲੀ ਸ਼੍ਰੋਮਣੀ ਅਕਾਲੀ ਦਲ ਨਾਲ ਸਾਂਝੀਆਂ ਮੀਟਿੰਗਾਂ ਕਰਨ ਦੀ ਥਾਂ ਮੌਜੂਦਾ ਦੌਰ ਵਿਚ ਵੱਖਰੀਆਂ ਮੀਟਿੰਗਾਂ ਅਤੇ ਬਿਆਨਬਾਜ਼ੀ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਵਿਦਿਆਰਥੀਆਂ ਦੇ ਲਈ ਅਹਿਮ ਖ਼ਬਰ, ਅੱਜ ਤੋਂ ਬਦਲਿਆ ਸਕੂਲਾਂ ਦਾ ਸਮਾਂ
ਕਾਂਗਰਸ ਵਲੋਂ 11 ਨੂੰ ਸਮਰਾਲਾ ’ਚ ਹੋਵੇਗੀ ਸੂਬਾ ਪੱਧਰੀ ਕਨਵੈਨਸ਼ਨ
ਕਾਂਗਰਸ ਪਾਰਟੀ ਵਲੋਂ ਆਪਣੇ ਵਰਕਰਾਂ ਵਿਚ ਜੋਸ਼ ਭਰਨ ਲਈ ਸਮਰਾਲਾ ਹਲਕੇ 'ਚ ਸੂਬਾ ਪੱਧਰੀ ਕਨਵੈਨਸ਼ਨ ਕੀਤੀ ਜਾ ਰਹੀ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸਮਰਾਲਾ ਹਲਕੇ ਤੋਂ ਇੰਚਾਰਜ ਰੁਪਿੰਦਰ ਸਿੰਘ ਰਾਜਾ ਗਿੱਲ ਅਤੇ ਸੂਬਾ ਪੱਧਰੀ ਕਨਵੈਨਸ਼ਨ ਦੇ ਮੱਦੇਨਜ਼ਰ ਬਣਾਈ ਗਈ 16 ਮੈਂਬਰੀ ਪ੍ਰਬੰਧਕ ਕਮੇਟੀ ਦੇ ਮੈਂਬਰ ਸੀਨੀਅਰ ਕਾਂਗਰਸੀ ਨੇਤਾ ਬਲਵਿੰਦਰ ਸਿੰਘ ਬੰਬ ਨੇ ਦੱਸਿਆ ਕਿ 11 ਫਰਵਰੀ ਨੂੰ ਸਮਰਾਲਾ ਵਿਖੇ ਹੋਣ ਜਾ ਰਹੀ ਸੂਬਾ ਪੱਧਰੀ ਕਨਵੈਨਸ਼ਨ ਵਿਚ ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕਾ ਅਰਜੁਨ ਖੜਗੇ ਤੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਸਮੇਤ ਸੀਨੀਅਰ ਲੀਡਰਸ਼ਿਪ ਪਹੁੰਚ ਰਹੀ ਹੈ। ਇਸ ਕਨਵੈਨਸ਼ਨ ਸਬੰਧੀ ਪਾਰਟੀ ਵਰਕਰਾਂ ਵਲੋਂ ਤਿਆਰੀਆਂ ਪੂਰੇ ਜੋਸ਼ੋ-ਖਰੋਸ਼ ਨਾਲ ਕੀਤੀਆਂ ਜਾ ਰਹੀਆਂ ਹਨ,
ਦੂਲੋ, ਕੇ. ਪੀ., ਲਾਲ ਸਿੰਘ ਤੇ ਨਵਜੋਤ ਸਿੱਧੂ ਦੀ ਮੀਟਿੰਗ, ਯਾਦਵ ਲਈ ਪ੍ਰੀਖਿਆ ਦੀ ਘੜੀ
ਉਧਰ ਪੰਜਾਬ ਦੇ ਸਾਬਕਾ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਸ਼ਮਸ਼ੇਰ ਸਿੰਘ ਦੂਲੋ, ਮਹਿੰਦਰ ਸਿੰਘ ਕੇ. ਪੀ., ਲਾਲ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਦੀ ਪਟਿਆਲਾ ਵਿਖੇ ਹੋਈ ਮੀਟਿੰਗ ਅਤੇ ਬਕਾਇਦਾ ਮੀਟਿੰਗ ਦੇ ਵੇਰਵੇ ਅਤੇ ਫੋਟੋ ਵਾਇਰਲ ਕਰਨ ਤੋਂ ਬਾਅਦ ਕਾਂਗਰਸ ਦੇ ਨਵੇਂ ਪ੍ਰਦੇਸ਼ ਇੰਚਾਰਜ ਦਵਿੰਦਰ ਯਾਦਵ ਲਈ ਇਸਨੂੰ ਪ੍ਰੀਖਿਆ ਦੀ ਘੜੀ ਸਮਝਿਆ ਜਾ ਰਿਹਾ ਹੈ। ਭਾਵੇਂ ਕਿ 2024 ਦੀਆਂ ਲੋਕ ਸਭਾ ਚੋਣਾਂ ਬਿਲਕੁੱਲ ਨਜ਼ਦੀਕ ਆ ਚੁੱਕੀਆਂ ਹਨ ਪਰ ਸਿਆਸੀ ਪਾਰਟੀਆਂ ਵਿਚ ਸਿਆਸੀ ਗੱਠਜੋੜ ਸਬੰਧੀ ਸਪੱਸ਼ਟ ਹੋਣ ਵਿਚ ਹੋ ਰਹੀ ਦੇਰੀ ਕਾਰਨ ਸਾਰੀਆਂ ਪਾਰਟੀਆਂ ਦੇ ਵਰਕਰਾਂ ਵਿਚ ਬੇਯਕੀਨੀ ਦਾ ਮਾਹੌਲ ਹੈ, ਜਦਕਿ ਸਾਰੀਆਂ ਸਿਆਸੀ ਪਾਰਟੀਆਂ ਦੀ ਹਾਈਕਮਾਂਡ ਦੇ ਐਲਾਨ ਵੱਲ ਨਜ਼ਰਾਂ ਲੱਗੀਆਂ ਹੋਈਆਂ ਹਨ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8