''ਚੋਣ-ਖਿਚੜੀ'' ''ਚ ਬਗਾਵਤ ਦਾ ''ਤੜਕਾ''
Friday, Dec 08, 2017 - 08:10 AM (IST)
ਪਟਿਆਲਾ (ਰਾਜੇਸ਼) - ਸ਼ਾਹੀ ਸ਼ਹਿਰ ਦੀਆਂ ਨਗਰ ਨਿਗਮ ਚੋਣਾਂ ਲਈ ਮੈਦਾਨ ਭਖ ਗਿਆ ਹੈ। ਇਸ 'ਚੋਣ-ਖਿਚੜੀ' ਵਿਚ ਪ੍ਰਮੁੱਖ ਪਾਰਟੀਆਂ ਕਾਂਗਰਸ, ਅਕਾਲੀ ਦਲ, ਭਾਜਪਾ ਤੇ ਆਮ ਆਦਮੀ ਪਾਰਟੀ ਵਿਚ ਕਲੇਸ਼ ਅਤੇ ਅੰਦਰੂਨੀ ਬਗਾਵਤ ਦਾ 'ਤੜਕਾ' ਦੇਖਣ ਨੂੰ ਮਿਲ ਰਿਹਾ ਹੈ।
ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਅਤੇ ਮਹਾਰਾਣੀ ਪ੍ਰਨੀਤ ਕੌਰ ਦੇ ਆਪਣੇ ਸ਼ਹਿਰ ਵਿਚ ਹੀ ਕਾਂਗਰਸ ਨੂੰ ਕਈ ਵਾਰਡਾਂ ਵਿਚ ਬਗਾਵਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵਾਰਡ ਨੰਬਰ 46 ਤੋਂ ਕਾਂਗਰਸ ਦੇ ਜ਼ਿਲਾ ਜਨਰਲ ਸਕੱਤਰ ਸ਼ੇਰ ਖਾਨ ਨੇ ਟਿਕਟ ਨਾ ਮਿਲਣ 'ਤੇ ਬਗਾਵਤ ਕਰ ਦਿੱਤੀ ਹੈ ਅਤੇ ਆਪਣੇ ਨਾਮਜ਼ਦਗੀ-ਪੱਤਰ ਦਾਖਲ ਕਰ ਦਿੱਤੇ ਹਨ। ਇਸੇ ਤਰ੍ਹਾਂ ਵਾਰਡ ਨੰਬਰ 34 ਤੋਂ ਕਾਂਗਰਸ ਦੇ ਜ਼ਿਲਾ ਜਨਰਲ ਸਕੱਤਰ ਤੇ ਪ੍ਰਨੀਤ ਕੌਰ ਦੇ ਅਤਿ ਕਰੀਬੀ ਐਡਵੋਕੇਟ ਸ਼ੈਲਿੰਦਰ ਮੋਂਟੀ ਦੀ ਟਿਕਟ ਕੱਟ ਦਿੱਤੀ ਗਈ ਹੈ। ਮੋਂਟੀ ਨੇ ਬੇਸ਼ੱਕ ਕਾਗਜ਼ ਤਾਂ ਨਹੀਂ ਭਰੇ ਪਰ ਉਨ੍ਹਾਂ ਪਾਰਟੀ ਦੇ ਅਧਿਕਾਰਕ ਉਮੀਦਵਾਰ ਦੀ ਚੋਣ ਮੁਹਿੰਮ ਤੋਂ ਦੂਰੀ ਬਣਾ ਲਈ ਹੈ। ਵਾਰਡ ਨੰਬਰ 40 ਤੋਂ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਵਿਨੋਦ ਅਰੋੜਾ ਕਾਲੂ ਨੂੰ ਟਿਕਟ ਨਹੀਂ ਮਿਲੀ। ਉਹ ਵੀ ਪਾਰਟੀ ਤੋਂ ਨਾਰਾਜ਼ ਚੱਲ ਰਹੇ ਹਨ। ਵਾਰਡ ਨੰਬਰ 31 ਤੋਂ ਟਿਕਟ ਮੰਗ ਰਹੇ ਯੂਥ ਕਾਂਗਰਸ ਲੋਕ ਸਭਾ ਹਲਕਾ ਦੇ ਮੌਜੂਦਾ ਵਾਈਸ ਪ੍ਰਧਾਨ ਕਰਨ ਗੌੜ ਦੀ ਟਿਕਟ ਵੀ ਪਾਰਟੀ ਨੇ ਕੱਟ ਦਿੱਤੀ ਹੈ। ਦੂਜੇ ਪਾਸੇ ਮੁੱਖ ਵਿਰੋਧੀ ਪਾਰਟੀ ਅਕਾਲੀ ਦਲ ਦੇ ਮੌਜੂਦਾ ਕੌਂਸਲਰ ਅਮਰਜੀਤ ਸਿੰਘ ਬਠਲਾ ਦੀ ਟਿਕਟ ਕੱਟ ਦਿੱਤੀ ਗਈ ਹੈ। ਇਸ ਕਰ ਕੇ ਉਨ੍ਹਾਂ ਆਜ਼ਾਦ ਉਮੀਦਵਾਰ ਦੇ ਤੌਰ 'ਤੇ ਕਾਗਜ਼ ਦਾਖਲ ਕਰ ਦਿੱਤੇ ਹਨ। ਅਕਾਲੀ ਦਲ ਦੀ ਵਾਰਡ ਨੰਬਰ 51 ਦੀ ਮੌਜੂਦਾ ਕੌਂਸਲਰ ਨਿਰਮਲਾ ਦੇਵੀ ਦੀ ਟਿਕਟ ਵੀ ਪਾਰਟੀ ਨੇ ਕੱਟ ਦਿੱਤੀ ਹੈ, ਜਿਸ ਤੋਂ ਬਾਅਦ ਨਿਰਮਲਾ ਦੇਵੀ ਨੇ ਆਜ਼ਾਦ ਉਮੀਦਵਾਰ ਦੇ ਤੌਰ 'ਤੇ ਆਪਣੇ ਨਾਮਜ਼ਦਗੀ-ਪੱਤਰ ਦਾਖਲ ਕਰ ਦਿੱਤੇ ਹਨ। ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦੇ ਕਈ ਵਾਰਡਾਂ ਦੇ ਪਾਰਟੀ ਦੀਆਂ ਟਿਕਟਾਂ ਦੇ ਚਾਹਵਾਨ ਵੀ ਨਾਰਾਜ਼ ਚੱਲ ਰਹੇ ਹਨ।
ਭਾਜਪਾ ਲੀਡਰਸ਼ਿਪ ਹੋਈ ਦੋਫਾੜ
ਇਕ ਪਾਸੇ ਭਾਜਪਾ ਨੂੰ ਆਪਣੇ ਹਿੱਸੇ ਮਿਲੀਆਂ 18 ਸੀਟਾਂ ਲਈ ਉਮੀਦਵਾਰਾਂ ਲਈ ਜੱਦੋ-ਜਹਿਦ ਕਰਨੀ ਪੈ ਰਹੀ ਹੈ। ਦੂਜੇ ਪਾਸੇ ਪਾਰਟੀ ਦੇ ਸੀਨੀਅਰ ਆਗੂਆਂ ਨੇ ਐਲਾਨੇ ਉਮੀਦਵਾਰਾਂ 'ਤੇ ਨਾਰਾਜ਼ਗੀ ਜਤਾਈ ਹੈ। ਜ਼ਿਲਾ ਜਨਰਲ ਸਕੱਤਰ ਅਮਰਪ੍ਰੀਤ ਬਿਟਲੀ, ਮੰਡਲ ਪ੍ਰਧਾਨ ਰਾਕੇਸ਼ ਮੰਗਲਾ ਅਤੇ ਸੀਨੀਅਰ ਆਗੂ ਹਰੀਸ਼ ਕੁਮਾਰ ਨੇ ਕਿਹਾ ਕਿ ਭਾਜਪਾ ਜ਼ਿਲਾ ਪਟਿਆਲਾ ਸ਼ਹਿਰੀ ਦੇ ਪ੍ਰਧਾਨ ਐੈੱਸ. ਕੇ. ਦੇਵ ਆਪਣੀ ਮਨਮਰਜ਼ੀ ਨਾਲ ਪਾਰਟੀ ਚਲਾ ਰਹੇ ਹਨ। ਜਿਹੜੇ ਉਮੀਦਵਾਰ ਲੰਬੇ ਸਮੇਂ ਤੋਂ ਆਪੋ-ਆਪਣੇ ਵਾਰਡਾਂ ਵਿਚ ਚੋਣ ਦੀ ਤਿਆਰੀ ਕਰ ਰਹੇ ਸਨ, ਉਨ੍ਹਾਂ ਨੂੰ ਟਿਕਟਾਂ ਕੱਟ ਕੇ ਅਜਿਹੇ ਲੋਕਾਂ ਨੂੰ ਟਿਕਟਾਂ ਦਿੱਤੀਆਂ ਗਈਆਂ, ਜਿਨ੍ਹਾਂ ਦਾ ਕੋਈ ਜ਼ਮੀਨੀ ਆਧਾਰ ਨਹੀਂ।
