ਐਗਜ਼ਿਟ ਪੋਲ ਦੇ ਨਤੀਜਿਆਂ ਨੂੰ ਬਹੁਤੀ ਤਵੱਜੋ ਨਹੀਂ ਦੇ ਰਹੇ ਸਿਆਸੀ ਮਾਹਿਰ

Tuesday, Mar 08, 2022 - 09:52 PM (IST)

ਐਗਜ਼ਿਟ ਪੋਲ ਦੇ ਨਤੀਜਿਆਂ ਨੂੰ ਬਹੁਤੀ ਤਵੱਜੋ ਨਹੀਂ ਦੇ ਰਹੇ ਸਿਆਸੀ ਮਾਹਿਰ

ਬੁਢਲਾਡਾ (ਮਨਜੀਤ) : ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਵੱਖ-ਵੱਖ ਟੀ. ਵੀ. ਚੈਨਲਾਂ ਤੇ ਏਜੰਸੀਆਂ ਵੱਲੋਂ ਕਰਵਾਏ ਗਏ ਸਰਵੇਖਣ ਦੇ ਅਧਾਰ 'ਤੇ ਐਗਜ਼ਿਟ ਪੋਲ ਨੂੰ ਬਹੁਤੇ ਲੋਕ ਅਤੇ ਸਿਆਸੀ ਮਾਹਿਰ ਠੀਕ ਨਹੀਂ ਮੰਨ ਰਹੇ। ਹਾਲਾਂਕਿ ਕਈ ਵਿਅਕਤੀ ਤੇ ਰਾਜਨੀਤੀਵਾਨ ਇਸ ਨੂੰ ਸਟੀਕ ਅਨੁਮਾਨ ਦੱਸ ਰਹੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਪੰਜਾਬ ਵਿੱਚ 'ਆਪ' ਦੀ ਸਰਕਾਰ ਬਣਨਾ ਤੈਅ ਹੈ ਪਰ ਬਹੁਤੀਆਂ ਸੰਸਥਾਵਾਂ ਅਤੇ ਮਾਹਿਰਾਂ ਵੱਲੋਂ ਐਗਜ਼ਿਟ ਪੋਲ ਦੀ ਤੁਲਨਾ ਪਿਛਲੀਆਂ ਵਿਧਾਨ ਸਭਾ ਚੋਣਾਂ 2017 ਸਮੇਂ ਕਰਵਾਏ ਗਏ ਸਰਵੇਖਣ ਨਾਲ ਕੀਤੀ ਜਾ ਰਹੀ ਹੈ, ਜਿਸ ਵਿੱਚ ਆਮ ਆਦਮੀ ਪਾਰਟੀ ਨੂੰ 100 ਸੀਟਾਂ ਦਿੱਤੀਆਂ ਗਈਆਂ ਸਨ ਤੇ 'ਆਪ' 23 ਸੀਟਾਂ 'ਤੇ ਹੀ ਸਿਮਟ ਗਈ ਸੀ।

ਇਹ ਵੀ ਪੜ੍ਹੋ : ਦੇਸ਼-ਦੁਨੀਆ ਨਾਲ ਸਬੰਧਿਤ ਪੜ੍ਹੋ ਅੱਜ ਦੀਆਂ ਵੱਡੀਆਂ ਖ਼ਬਰਾਂ

ਹੁਣ ਤਾਜ਼ਾ ਸਰਵੇਖਣ ਜੋ ਨਤੀਜਿਆਂ ਤੋਂ 2 ਦਿਨ ਪਹਿਲਾਂ ਜਾਰੀ ਹੋਇਆ ਹੈ, ਵਿੱਚ ਲੋਕ ਤਰ੍ਹਾਂ-ਤਰ੍ਹਾਂ ਦੀਆਂ ਕਿਆਸਰਾਈਆਂ ਲਾ ਰਹੇ ਹਨ। ਐਗਜ਼ਿਟ ਪੋਲ 'ਚ ਬਹੁਤਿਆਂ ਦਾ ਮੰਨਣਾ ਹੈ ਕਿ ਆਮ ਆਦਮੀ ਪਾਰਟੀ ਪਹਿਲਾਂ ਦੇ ਮੁਕਾਬਲੇ ਸੀਟਾਂ ਵਿੱਚ ਥੋੜ੍ਹਾ-ਵਾਧਾ ਜ਼ਰੂਰ ਕਰੇਗੀ ਪਰ ਸਰਕਾਰ ਨਹੀਂ ਬਣਾ ਸਕੇਗੀ। ਸਿਆਸੀ ਮਾਹਿਰਾਂ ਦਾ ਤਰਕ ਹੈ ਕਿ ਇਹ ਐਗਜ਼ਿਟ ਪੋਲ ਕੁਝ ਵਿਅਕਤੀਆਂ ਵੱਲੋਂ ਮਤਦਾਨ ਦੇ ਦਿਨ ਲਈ ਗਈ ਰਾਇ ਦੇ ਅਧਾਰ 'ਤੇ ਤਿਆਰ ਕੀਤੇ ਜਾਂਦੇ ਹਨ, ਜੋ ਇਕ ਅਨੁਮਾਨ ਹੁੰਦਾ ਹੈ। ਅਨੁਮਾਨ ਸੱਚ ਵੀ ਸਾਬਿਤ ਹੋ ਸਕਦੇ ਹਨ ਅਤੇ ਸੱਚ ਤੋਂ ਕੋਹਾਂ ਦੂਰ ਵੀ। ਇਸ ਕਰਕੇ ਚੋਣਾਂ ਦੇ ਨਤੀਜੇ ਇਸ ਮੁਤਾਬਕ ਹੋਣ ਇਹ ਜ਼ਰੂਰੀ ਨਹੀਂ ਹੈ। ਬਹੁਤਿਆਂ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਇਸ ਵਾਰ ਲੰਗੜੀ ਸਰਕਾਰ ਬਣੇਗੀ ਅਤੇ ਕਿਸੇ ਵੀ ਪਾਰਟੀ ਨੂੰ ਬਹੁਮਤ ਨਹੀਂ ਮਿਲੇਗਾ।

ਇਹ ਵੀ ਪੜ੍ਹੋ : ਸੁਨਹਿਰੀ ਭਵਿੱਖ ਲਈ ਕੈਨੇਡਾ ਗਏ ਬਠਿੰਡਾ ਦੇ 22 ਸਾਲਾ ਗੱਭਰੂ ਨੇ ਕੀਤੀ ਖ਼ੁਦਕੁਸ਼ੀ

ਇਸ ਤੋਂ ਬਾਅਦ ਜੋੜ-ਤੋੜ ਹੋਵੇਗਾ ਅਤੇ ਸਿਆਸਤ ਵਿੱਚ 2 ਘੋਰ ਵਿਰੋਧੀ ਪਾਰਟੀਆਂ ਵੀ ਸੱਤਾ ਖਾਤਰ ਇਕ ਹੋ ਸਕਦੀਆਂ ਹਨ। ਇਸ ਲਈ ਸਾਰੇ ਸਮੀਕਰਨ ਨਤੀਜਿਆਂ ਤੋਂ ਬਾਅਦ ਆਉਣਗੇ। ਐਗਜ਼ਿਟ ਪੋਲ ਸਿਰਫ ਇਕ ਅਨੁਮਾਨ ਦਾ ਹਿੱਸਾ ਹੈ, ਇਸ ਤੋਂ ਅੱਗੇ ਇਸ ਨੂੰ ਕੁਝ ਨਹੀਂ ਮੰਨਿਆ ਜਾ ਸਕਦਾ ਪਰ ਇਸ ਵਾਰ ਇਹ ਵੀ ਅੰਦਰੋਂ-ਅੰਦਰੀ ਕਈ ਵੱਡੇ ਲੀਡਰਾਂ ਨੂੰ ਫਿਕਰ ਪਿਆ ਹੋਇਆ ਹੈ। ਮਾਨਸਾ ਦੀ ਵਿਧਾਨ ਸਭਾ ਸੀਟ ਸਿੱਧੂ ਮੂਸੇ ਵਾਲਾ, ਵਿਧਾਨ ਸਭਾ ਸੀਟ ਧੂਰੀ ਅਤੇ ਅੰਮ੍ਰਿਤਸਰ ਦੱਖਣੀ ਦੀ ਸੀਟ ਬਿਕਰਮ ਸਿੰਘ ਮਜੀਠੀਆ ਤੇ ਨਵਜੋਤ ਸਿੰਘ ਸਿੱਧੂ ਕਰਕੇ ਚਰਚਾ ਵਿੱਚ ਹੈ। ਪੰਜਾਬ ਭਰ ਦੇ ਮੀਡੀਆ ਦੀ ਇਨ੍ਹਾਂ ਸੀਟਾਂ 'ਤੇ ਨਜ਼ਰ ਲੱਗੀ ਹੋਈ ਹੈ। ਇਹ 10 ਮਾਰਚ ਨੂੰ ਹੀ ਪਤਾ ਲੱਗੇਗਾ ਕਿ ਚੋਣ ਨਤੀਜੇ ਐਗਜ਼ਿਟ ਪੋਲ ਮੁਤਾਬਕ ਆਉਂਦੇ ਹਨ ਜਾਂ ਨਹੀਂ।


author

Harnek Seechewal

Content Editor

Related News