ਇਕਾਂਤਵਾਸ ''ਚ ਰਹਿ ਰਹੇ ਪੁਲਸ ਮੁਲਾਜ਼ਮਾਂ ਨੂੰ ਕਤਲ ਕਰਨ ਦੀ ਸਾਜ਼ਿਸ਼ ਨਾਕਾਮ, ਤਿੰਨ ਕਿੰਨਰ ਗ੍ਰਿਫਤਾਰ

Thursday, Jun 11, 2020 - 07:00 PM (IST)

ਲੁਧਿਆਣਾ (ਜ.ਬ.) : ਇਕਾਂਤਵਾਸ ਵਿਚ ਰਹਿ ਰਹੇ ਪੰਜਾਬ ਪੁਲਸ ਦੇ ਮੁਲਾਜ਼ਮਾਂ ਨੂੰ ਕਤਲ ਕਰਨ ਦੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਗਿਆ। ਇਸ ਸਾਜ਼ਿਸ਼ ਦਾ ਭਾਂਡਾ ਇਕ ਪੁਲਸ ਮੁਲਾਜ਼ਮ ਦੀ ਸੁਚੇਤਤਾ ਕਾਰਨ ਭੱਜਿਆ। ਇਕ ਸਾਜ਼ਿਸ਼ 'ਚ ਸ਼ਾਮਲ 3 ਕਥਿਤ ਕਿੰਨਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਨ੍ਹਾਂ ਨੇ ਪੀਣ ਵਾਲੇ ਪਾਣੀ ਦੇ ਟੈਂਕ 'ਚ ਜ਼ਹਿਰੀਲਾ ਪਦਾਰਥ ਮਿਲਾ ਕੇ ਪੁਲਸ ਮੁਲਾਜ਼ਮਾਂ ਨੂੰ ਜਾਨੋਂ ਮਾਰਨ ਦਾ ਯਤਨ ਕੀਤਾ ਸੀ। ਫੜ੍ਹੇ ਗਏ ਮੁਲਜ਼ਮਾਂ ਦੀ ਪਛਾਣ ਕ੍ਰਿਸ਼ਨਾ ਕਾਲੋਨੀ ਦੇ ਨਿਤਿਕਾ ਖੁਨਸ਼ੀ (22), ਪਿੰਡ ਚੂਹੜਪੁਰ ਦੇ ਗੌਰਵ (20) ਅਤੇ ਗੌਰਵ ਦੇ ਭਰਾ ਸਿਮਰਨ (21) ਵਜੋਂ ਹੋਈ ਹੈ, ਜਿਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਪੁੱਛਗਿੱਛ ਲਈ ਇਕ ਦਿਨ ਦੇ ਪੁਲਸ ਰਿਮਾਂਡ 'ਤੇ ਲਿਆ ਗਿਆ ਹੈ। ਮੁਲਜ਼ਮਾਂ ਖਿਲਾਫ ਬਸਤੀ ਜੋਧੇਵਾਲ ਥਾਣੇ 'ਚ ਕਤਲ ਦਾ ਯਤਨ, ਸਰਕਾਰੀ ਡਿਊਟੀ 'ਚ ਰੁਕਾਵਟ ਪਾਉਣ ਸਮੇਤ ਹੋਰ ਗੰਭੀਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਨਾਕੇ 'ਤੇ ਤਾਇਨਾਤ ਏ. ਐੱਸ. ਆਈ. ਦੀ ਕਈ ਗੋਲੀਆਂ ਲੱਗਣ ਕਾਰਣ ਮੌਤ  

ਦੱਸਿਆ ਜਾਂਦਾ ਹੈ ਕਿ ਕੋਵਿਡ-19 ਦੌਰਾਨ ਬਸਤੀ ਜੋਧੇਵਾਲ ਦੇ ਅਧੀਨ ਆਉਂਦੀ ਕ੍ਰਿਸ਼ਨਾ ਕਾਲੋਨੀ ਦੀ ਇਕ ਇਮਾਰਤ 'ਚ ਕੋਰੋਨਾ ਵਾਇਰਸ ਦੇ ਸ਼ੱਕੀ ਮਰੀਜ਼ਾਂ ਨੂੰ ਰੱਖਣ ਲਈ ਇਕਾਂਤਵਾਸ ਕੇਂਦਰ ਬਣਾਇਆ ਗਿਆ ਸੀ। ਕੁੱਝ ਦਿਨ ਪਹਿਲਾਂ ਜਦੋਂ ਜੋਧੇਵਾਲ ਥਾਣਾ ਮੁਖੀ ਸਬ-ਇੰਸਪੈਕਟਰ ਅਰਸ਼ਪ੍ਰੀਤ ਕੌਰ ਗਰੇਵਾਲ ਦੀ ਰਿਪੋਰਟ ਪਾਜ਼ੇਟਿਵ ਆਈ ਤਾਂ ਉਨ੍ਹਾਂ ਦੇ 25 ਸਾਲਾ ਗੰਨਮੈਨ ਗੁਰਪਿੰਦਰ ਸਿੰਘ, ਰਜਿੰਦਰ ਸਿੰਘ, ਏ. ਐੱਸ. ਆਈ. ਅੰਮ੍ਰਿਤਪਾਲ ਸ਼ਰਮਾ ਆਦਿ ਹੋਰ ਮੁਲਾਜ਼ਮਾਂ ਨੂੰ ਉਕਤ ਕੇਂਦਰ 'ਚ ਇਕਾਂਤਵਾਸ ਲਈ ਭੇਜ ਦਿੱਤਾ ਗਿਆ ਸੀ। ਇਕਾਂਤਵਾਸ ਦਾ ਸਮਾਂ ਖਤਮ ਹੋਣ ਅਤੇ ਥਾਣੇ ਵਿਚ ਜਗ੍ਹਾ ਦੀ ਤੰਗੀ ਕਾਰਨ ਜ਼ਿਆਦਾਤਰ ਮੁਲਾਜ਼ਮ ਉਥੇ ਹੀ ਰਹਿਣ ਲੱਗੇ ਅਤੇ ਆਪਣਾ ਕੰਮ-ਕਾਜ ਕਰਨ ਲੱਗੇ। ਇਲਾਕੇ ਵਿਚ ਪੁਲਸ ਦੀਆਂ ਵਧਦੀਆ ਗਤੀਵਿਧੀਆਂ ਦੇਖ ਕੇ ਇਕਾਂਤਵਾਸ ਕੋਲ ਇਕ ਘਰ ਵਿਚ ਰਹਿ ਰਹੇ ਤਿੰਨੇ ਮੁਲਜ਼ਮਾਂ ਨੂੰ ਰੜਕਣ ਲੱਗੀ। ਉਨ੍ਹਾਂ ਨੇ ਇਲਾਕੇ ਨੂੰ ਪੁਲਸ ਤੋਂ ਮੁਕਤ ਕਰਨ ਲਈ ਇਕ ਖਤਰਨਾਕ ਸਾਜ਼ਿਸ਼ ਰਚ ਦਿੱਤੀ ਅਤੇ ਇਕਾਂਤਵਾਸ ਕੇਂਦਰ ਦੇ ਪੀਣ ਵਾਲੇ ਟੈਂਕ 'ਚ ਫਿਨਾਈਲ ਤੇ ਹੋਰ ਜ਼ਹਿਰੀਲੇ ਪਦਾਰਥ ਮਿਲਾ ਦਿੱਤੇ। ਬਸਤੀ ਜੋਧੇਵਾਲ ਥਾਣਾ ਮੁਖੀ ਸਬ-ਇੰਸਪੈਕਟਰ ਅਰਸ਼ਪ੍ਰੀਤ ਕੌਰ ਗਰੇਵਾਲ ਨੇ ਦੱਸਿਆ ਕਿ ਇਸ ਦੌਰਾਨ ਪਿਆਸ ਲੱਗਣ 'ਤੇ ਗੁਰਪਿੰਦਰ ਨੇ ਪੀਣ ਲਈ ਟੈਂਕ 'ਚੋਂ ਗਿਲਾਸ ਵਿਚ ਪਾਣੀ ਭਰਿਆ ਤਾਂ ਉਸ ਨੂੰ ਬਹੁਤ ਤੇਜ਼ ਬਦਬੂ ਆਈ। ਉਸ ਨੇ ਪਾਣੀ ਦਾ ਟੈਂਕ ਚੈੱਕ ਕੀਤਾ ਤਾਂ ਉਸ ਵਿਚ ਜ਼ਹਿਰੀਲਾ ਪਦਾਰਥ ਮਿਲਿਆ ਹੋਇਆ ਸੀ। ਪੁਲਸ ਨੂੰ ਇਸ ਦੇ ਪਿੱਛੇ ਕਿਸੇ ਗਹਿਰੀ ਸਾਜ਼ਿਸ਼ ਦੀ ਬੂ ਆਈ। ਖੁਫੀਆ ਤੌਰ 'ਤੇ ਕੀਤੀ ਛਾਣਬੀਨ ਵਿਚ ਜੋ ਤੱਥ ਸਾਹਮਣੇ ਆਏ ਪੁਲਸ ਦੇ ਪੈਰਾਂ ਹੋਠੋਂ ਜ਼ਮੀਨ ਖਿਸਕ ਗਈ।

ਇਹ ਵੀ ਪੜ੍ਹੋ : ਪਠਾਨਕੋਟ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 'ਚ ਭਾਰੀ ਵਾਧਾ, 19 ਨਵੇਂ ਮਾਮਲੇ ਆਏ ਸਾਹਮਣੇ  

ਇਕ ਇਕਾਂਤਵਾਸ ਵਿਚ ਰਹਿ ਰਹੇ ਮੁਲਾਜ਼ਮ ਨੂੰ ਜਾਨੋਂ ਮਾਰਨ ਦੀ ਬਹੁਤ ਵੱਡੀ ਸਾਜ਼ਿਸ਼ ਸੀ। ਪੜਤਾਲ ਦੌਰਾਨ ਪੁਲਸ ਨੂੰ ਪਤਾ ਲੱਗਾ ਕਿ ਇਹ ਖੌਫਨਾਕ ਸਾਜ਼ਿਸ਼ ਗੁਆਂਢ ਵਿਚ ਰਹਿਣ ਵਾਲੇ ਖੁਨਸ਼ੀ, ਗੌਰਵ ਅਤੇ ਮਿਸਰਨ ਨੇ ਰਚੀ ਸੀ। ਉਨ੍ਹਾਂ ਨੇ ਮੌਕਾ ਦੇਖ ਕੇ ਪਾਣੀ ਦੇ ਟੈਂਕ ਵਿਚ ਜ਼ਹਿਰੀਲੇ ਪਦਾਰਥ ਮਿਲਾ ਦਿੱਤੇ ਸਨ। ਅਰਸ਼ਪ੍ਰੀਤ ਨੇ ਦੱਸਿਆ ਕਿ ਉਨ੍ਹਾਂ ਕੋਲ ਮੌਕੇ 'ਤੇ ਕੁੱਝ ਗਵਾਹ ਵੀ ਹਨ, ਜਿਨ੍ਹਾਂ ਨੇ ਇਨ੍ਹਾਂ ਤਿੰਨਾਂ ਨੂੰ ਟੈਂਕ ਵਿਚ ਜ਼ਹਿਰੀਲਾ ਪਦਾਰਥ ਮਿਲਾਉਂਦੇ ਦੇਖਿਆ ਹੈ, ਜਿਸ ਟੈਂਕ ਵਿਚ ਜ਼ਹਿਰੀਲੇ ਪਦਾਰਥ ਮਿਲਾਏ ਗਏ ਸਨ, ਉਸ ਪਾਣੀ ਦਾ ਸੈਂਪਲ ਲੈ ਕੇ ਟੈਸਟ ਲਈ ਭੇਜਿਆ ਜਾ ਰਿਹਾ ਹੈ। ਇਨ੍ਹਾਂ ਤੋਂ ਇਲਾਵਾ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਨੇ ਜ਼ਹਿਰੀਲੇ ਪਦਾਰਥ ਕਿੱਥੋਂ ਲਏ।

ਇਹ ਵੀ ਪੜ੍ਹੋ : ਅੰਮ੍ਰਿਤਸਰ 'ਚ ਲਗਾਤਾਰ ਰਫ਼ਤਾਰ ਫੜ੍ਹ ਰਿਹਾ ਕੋਰੋਨਾ, 12 ਨਵੇਂ ਮਾਮਲੇ ਆਏ ਸਾਹਮਣੇ  

ਗੈਰ-ਕਾਨੂੰਨੀ ਗਤੀਵਿਧੀਆ ਚਲਾਉਣ ਲਈ ਬਣੇ ਫਰਜ਼ੀ ਕਿੰਨਰ
ਅਰਸ਼ਪ੍ਰੀਤ ਕੌਰ ਨੇ ਦੱਸਿਆ ਕਿ ਮੁਲਜ਼ਮ ਕਿੰਨਰਾਂ ਦਾ ਭੇਸ ਬਣਾ ਕੇ ਕ੍ਰਿਸ਼ਨਾ ਕਾਲੋਨੀ ਅਤੇ ਉਸ ਦੇ ਆਲੇ-ਦੁਆਲੇ ਲਗਦੇ ਇਲਾਕਿਆਂ ਵਿਚ ਆਪਣੀਆਂ ਗੈਰ-ਕਾਨੂੰਨੀ ਗਤੀਵਿਧੀਆਂ ਚਲਾਉਂਦੇ ਸਨ। ਇਹ ਭੇਸ ਮੁਲਜ਼ਮਾਂ ਨੇ ਇਸ ਲਈ ਬਣਾਇਆ ਤਾਂ ਕਿ ਉਨ੍ਹਾਂ 'ਤੇ ਕੋਈ ਸ਼ੱਕ ਨਾ ਕਰੇ ਅਤੇ ਲੋਕ ਉਨ੍ਹਾਂ ਨਾਲ ਹਮਦਰਦੀ ਰੱਖਣ ਅਤੇ ਉਨ੍ਹਾਂ ਦੀ ਬਦਅਸੀਸ ਤੋਂ ਡਰਨ ਪਰ ਜਦੋਂ ਤੋਂ ਇਕਾਂਤਵਾਸ ਕੇਂਦਰ ਕਾਰਨ ਪੁਲਸ ਦੀ ਆਵਾਜਾਈ ਵਧੀ ਤਾਂ ਇਨ੍ਹਾਂ ਦੇ ਸਭ ਗੈਰ-ਕਾਨੂੰਨੀ ਧੰਦੇ ਬੰਦ ਹੋ ਗਏ ਸਨ, ਜਿਸ ਕਾਰਨ ਇਹ ਭੜਕ ਉੱਠੇ ਅਤੇ ਪੁਲਸ ਮੁਲਾਜ਼ਮਾਂ ਨੂੰ ਇਥੋਂ ਭਜਾਉਣ ਲਈ ਇਹ ਭਿਆਨਕ ਸਾਜ਼ਿਸ਼ ਰਚ ਦਿੱਤੀ।

ਖਤਰਨਾਕ ਬਦਮਾਸ਼ ਦਾ ਭਰਾ ਹੈ ਖੁਨਸ਼ੀ
ਕਥਿਤ ਕਿੰਨਰ ਖੁਨਸ਼ੀ ਖਤਰਨਾਕ ਬਦਮਾਸ਼ ਜਤਿੰਦਰ ਸਿੰਘ ਉਰਫ ਪੱਪੀ ਦਾ ਸਕਾ ਭਰਾ ਹੈ। ਕੁੱਝ ਦਿਨ ਪਹਿਲਾਂ ਜੋਧੇਵਾਲ ਪੁਲਸ ਨੇ ਪੱਪੀ ਨੂੰ ਗਿਰੋਹਬੰਦੀ, ਲੁੱਟ, ਚੋਰੀ ਅਤੇ ਆਰਮਜ਼ ਐਕਟ ਦੇ 3 ਕੇਸਾਂ ਵਿਚ ਗ੍ਰਿਫਤਾਰ ਕਰ ਕੇ ਜੇਲ ਭੇਜਿਆ ਸੀ। ਪੱਪੀ ਨੂੰ ਜਿਸ ਪੁਲਸ ਪਾਰਟੀ ਨੇ ਫੜਿਆ ਸੀ, ਉਸ ਵਿਚ ਅਰਸ਼ਪ੍ਰੀਤ ਦਾ ਗੰਨਮੈਨ ਗੁਰਪਿੰਦਰ ਸਿੰਘ ਵੀ ਸੀ। ਪੁਲਸ ਨੇ ਦੱਸਿਆ ਕਿ ਮੁਜ਼ਰਮਾਂ ਦੇ ਪਿਤਾ ਕਰਨੈਲ ਸਿੰਘ ਉਰਫ ਕਿੱਲੀ ਦਾ ਵੀ ਲੰਬਾ ਚੌੜਾ ਅਪਰਾਧਕ ਰਿਕਾਰਡ ਹੈ।

ਇਹ ਵੀ ਪੜ੍ਹੋ : ਰੋਜ਼ੀ-ਰੋਟੀ ਦੀ ਭਾਲ ''ਚ ਸਾਊਦੀ ਅਰਬ ਗਏ ਵਿਅਕਤੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ    


Gurminder Singh

Content Editor

Related News