ਜਲੰਧਰ : ਪੁਲਸ ਮੁਲਾਜ਼ਮ ਨੇ ਡਾਕਟਰ ਦੇ ਮਾਰੇ ਥੱਪੜ
Saturday, Jan 20, 2018 - 08:16 AM (IST)
ਜਲੰਧਰ, (ਮਹੇਸ਼)- ਪੁਲਸ ਮੁਲਾਜ਼ਮ ਨੇ ਵਿਆਜ 'ਤੇ ਲਏ ਪੈਸੇ ਵਾਪਸ ਨਾ ਕਰਨ 'ਤੇ ਗੁਰੂ ਨਾਨਕਪੁਰਾ ਵੈਸਟ ਦੇ ਇਕ ਡਾਕਟਰ ਨੂੰ ਉਸਦੇ ਕਲੀਨਿਕ ਵਿਚ ਜਾ ਕੇ ਪਹਿਲਾਂ ਗੰਦੀਆਂ ਗਾਲਾਂ ਕੱਢੀਆਂ ਤੇ ਬਾਅਦ ਵਿਚ ਉਸਨੂੰ ਥੱਪੜ ਵੀ ਮਾਰੇ। ਘਟਨਾ ਵੇਲੇ ਡਾਕਟਰ ਦੀ ਕਲੀਨਿਕ ਵਿਚ ਮਰੀਜ਼ ਵੀ ਮੌਜੂਦ ਸਨ। ਦੋ ਦਿਨ ਪਹਿਲਾਂ ਹੋਈ ਘਟਨਾ ਦਾ ਮਾਮਲਾ ਅੱਜ ਥਾਣਾ ਰਾਮਾ ਮੰਡੀ ਪੁਲਸ ਸਟੇਸ਼ਨ ਪਹੁੰਚਿਆ। ਥਾਣੇ ਵਿਚ ਵੀ ਦੋਵਾਂ ਧਿਰਾਂ ਨੇ ਇਕ-ਦੂਜੇ 'ਤੇ ਗੰਭੀਰ ਦੋਸ਼ ਲਾਉਣੇ ਸ਼ੁਰੂ ਕਰ ਦਿੱਤੇ। ਬੇਅੰਤ ਨਗਰ ਵਾਸੀ ਡਾ. ਇੰਦਰਜੀਤ ਪੁੱਤਰ ਗਿਰਧਾਰੀ ਲਾਲ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਸਨੇ ਆਪਣੀ ਕਲੀਨਿਕ ਦੇ ਨੇੜੇ ਹੀ ਨਾਈ ਦੀ ਦੁਕਾਨ ਕਰਦੇ ਇਕ ਵਿਅਕਤੀ ਦੇ ਜ਼ਰੀਏ ਪੀ. ਏ. ਪੀ. ਵਿਚ ਸਪੋਰਟਸ ਕੋਟੇ ਵਿਚ ਤਾਇਨਾਤ ਇਕ ਹੈੱਡ ਕਾਂਸਟੇਬਲ ਕੋਲੋਂ 20 ਹਜ਼ਾਰ ਰੁਪਏ ਆਪਣੀ ਮਾਂ ਦੇ ਇਲਾਜ ਲਈ ਲਏ ਸਨ। ਜਿਸਦੇ ਬਦਲੇ ਵਿਚ ਪੁਲਸ ਮੁਲਾਜ਼ਮ ਨੇ ਉਸ ਕੋਲੋਂ 10 ਫੀਸਦੀ ਵਿਆਜ ਵੀ ਮੰਗਿਆ ਸੀ। ਜ਼ਿਆਦਾ ਜ਼ਰੂਰਤ ਹੋਣ ਕਾਰਨ ਉਸਨੇ ਪੁਲਸ ਦੀ ਇਹ ਗੱਲ ਵੀ ਮੰਨ ਲਈ। ਡਾ. ਇੰਦਰਜੀਤ ਨੇ ਦੱਸਿਆ ਕਿ ਚਾਰ ਮਹੀਨੇ ਪਹਿਲਾਂ ਉਸਨੇ ਪੈਸੇ ਲਏ ਸਨ ਤੇ ਹਰ ਮਹੀਨੇ ਪੁਲਸ ਮੁਲਾਜ਼ਮ ਉਸ ਕੋਲੋਂ 2 ਹਜ਼ਾਰ ਰੁਪਏ ਵਿਆਜ ਦੇ ਪੈਸੇ ਲੈ ਕੇ ਜਾਂਦਾ ਸੀ। 16 ਜਨਵਰੀ ਨੂੰ
ਉਸਦੀ ਵਿਆਜ ਦੀ ਕਿਸ਼ਤ ਲੇਟ ਹੋ ਗਈ, ਜਿਸ ਕਾਰਨ ਪੁਲਸ ਮੁਲਾਜ਼ਮ ਨੇ ਉਸਦੀ ਕਲੀਨਿਕ ਵਿਚ ਆ ਕੇ ਹੀ ਥੱਪੜ ਮਾਰਨੇ ਸ਼ੁਰੂ ਕਰ ਦਿੱਤੇ, ਗੰਦੀਆਂ-ਗੰਦੀਆਂ ਗਾਲਾਂ ਵੀ ਕੱਢੀਆਂ ਅਤੇ ਖਾਕੀ ਦੀ ਧਮਕੀ ਦਿੰਦਾ ਉਥੋਂ ਫਰਾਰ ਹੋ ਗਿਆ।
ਐਂਟੀ ਕਰਾਈਮ ਸੁਸਾਇਟੀ ਜ਼ਰੀਏ ਪੁਲਸ ਤਕ ਪਹੁੰਚਿਆ ਮਾਮਲਾ
ਐਂਟੀ ਕਰਾਈਮ ਸੁਸਾਇਟੀ ਦੇ ਪ੍ਰਧਾਨ ਸੁਰਿੰਦਰ ਸਿੰਘ ਕੈਰੋਂ ਜ਼ਰੀਏ ਡਾਕਟਰ ਤੇ ਪੁਲਸ ਮੁਲਾਜ਼ਮ ਦਰਮਿਆਨ ਹੋਏ ਵਿਵਾਦ ਦਾ ਮਾਮਲਾ ਪੁਲਸ ਕੋਲ ਪਹੁੰਚਿਆ। ਡਾਕਟਰ ਦੇ ਸਮਰਥਨ ਵਿਚ ਆਏ ਕੈਰੋਂ ਆਪਣੇ ਸਾਥੀਆਂ ਲਵਲੀ, ਦੀਦਾਰ
ਸਿੰਘ ਭੱਟੀ, ਦਵਿੰਦਰ ਸਿੰਘ ਜੌਹਲ ਸਣੇ ਥਾਣੇ ਪਹੁੰਚੇ ਹੋਏ ਸਨ। ਉਨ੍ਹਾਂ ਪੁਲਸ ਮੁਲਾਜ਼ਮ 'ਤੇ ਬਣਦੀ ਕਾਨੂੰਨੀ ਕਾਰਵਾਈ ਕਰਨ ਦੀ ਗੱਲ ਕਹੀ ਅਤੇ ਨਾਲ ਹੀ ਮੰਗ ਕੀਤੀ ਕਿ ਇਹ ਵੀ ਜਾਂਚ ਕਰਵਾਈ ਜਾਵੇ ਕਿ ਪੁਲਸ ਮੁਲਾਜ਼ਮ ਨੇ ਕਿੰਨੇ ਲੋਕਾਂ ਨੂੰ ਇਸ ਤਰ੍ਹਾਂ ਵਿਆਜ 'ਤੇ ਪੈਸੇ ਦਿੱਤੇ ਹੋਏ ਹਨ ਤੇ ਵਰਦੀ ਦੀ ਆੜ ਵਿਚ ਇਹ ਕੰਮ ਕਰ ਰਿਹਾ ਹੈ।
ਨਿਊਜ਼ ਪੇਪਰ ਏਜੰਟ ਨੇ ਦਿੱਤੀ ਗਵਾਹੀ
ਕੀਰਤੀ ਨਗਰ ਲਾਡੋਵਾਲੀ ਰੋਡ ਵਾਸੀ ਨਿਊਜ਼ ਪੇਪਰ ਏਜੰਟ ਮੁਕੇਸ਼ ਕੁਮਾਰ ਪੁੱਤਰ ਬਹਾਲੀ ਰਾਮ ਨੇ ਡਾਕਟਰ ਦੇ ਪੱਖ ਵਿਚ ਗਵਾਹੀ ਦਿੰਦਿਆਂ ਕਿਹਾ ਕਿ ਘਟਨਾ ਸਮੇਂ ਉਹ ਕਲੀਨਿਕ 'ਤੇ ਗਿਆ ਹੋਇਆ ਸੀ। ਉਸਨੇ ਦੱਸਿਆ ਕਿ ਜਦੋਂ ਉਹ ਡਾਕਟਰ ਇੰਦਰਜੀਤ ਕੋਲੋਂ ਆਪਣਾ ਚੈੱਕਅਪ ਕਰਵਾ ਰਿਹਾ ਸੀ ਤਾਂ ਉਸ ਸਮੇਂ ਪੁਲਸ ਮੁਲਾਜ਼ਮ ਨੇ ਉਥੇ ਆ ਕੇ ਡਾਕਟਰ ਨੂੰ ਗਾਲਾਂ ਕੱਢੀਆਂ ਤੇ ਬਾਅਦ ਵਿਚ ਥੱਪੜ ਵੀ ਮਾਰੇ। ਡਾਕਟਰ ਦੇ ਪੱਖ ਵਿਚ ਆਈਆਂ ਦੋ ਔਰਤਾਂ ਨੇ ਵੀ ਡਾਕਟਰ ਦੇ ਪੱਖ ਵਿਚ ਗਵਾਹੀ ਦਿੰਦਿਆਂ ਪੁਲਸ ਮੁਲਾਜ਼ਮ ਦੀ ਧੱਕੇਸ਼ਾਹੀ ਨੂੰ ਲੈ ਕੇ ਉਸ 'ਤੇ ਕਾਰਵਾਈ ਕਰਨ ਦੀ ਗੱਲ ਕਹੀ ਹੈ।
ਪੁਲਸ ਮੁਲਾਜ਼ਮ ਨੇ ਕਿਹਾ ਕਿ ਵਿਆਜ 'ਤੇ ਨਹੀਂ ਦਿੱਤੇ ਪੈਸੇ
ਡਾਕਟਰ ਨੂੰ ਗਾਲਾਂ ਕੱਢਣ ਤੇ ਥੱਪੜ ਮਾਰਨ ਨੂੰ ਲੈ ਕੇ ਵਿਵਾਦਾਂ ਵਿਚ ਘਿਰੇ ਪੀ. ਏ. ਪੀ. ਦੇ ਹੈੱਡ ਕਾਂਸਟੇਬਲ ਨੇ ਆਪਣੇ 'ਤੇ ਲੱਗੇ ਦੋਸ਼ਾਂ ਨੂੰ ਝੂਠਾ ਦੱਸਿਆ ਹੈ ਤੇ ਕਿਹਾ ਹੈ ਕਿ ਉਸਨੇ ਡਾਕਟਰ ਦੀ ਮਾਂ ਦੇ ਬੀਮਾਰ ਹੋਣ ਕਾਰਨ ਉਸਦੀ ਮੱਦਦ ਕਰਦਿਆਂ ਹੀ ਉਸਨੂੰ 20 ਹਜ਼ਾਰ ਰੁਪਏ ਦਿੱਤੇ ਸਨ। ਦਿੱਤੇ ਪੈਸਿਆਂ ਦੇ ਬਦਲੇ ਉਸਨੇ ਡਾਕਟਰ ਕੋਲੋਂ ਕੋਈ ਵਿਆਜ ਨਹੀਂ ਮੰਗਿਆ। ਡਾਕਟਰ ਦੇ ਕਲੀਨਿਕ ਵਿਚ ਮਰੀਜ਼ਾਂ ਦੀ ਮੌਜੂਦਗੀ ਵਿਚ ਉਸ ਨਾਲ ਬਦਸਲੂਕੀ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਉਸਨੇ ਕਿਹਾ ਕਿ ਡਾਕਟਰ ਵੱਲੋਂ ਉਸ ਕੋਲੋਂ ਲਏ ਪੈਸਿਆਂ ਦੇ ਬਦਲੇ ਵਿਚ ਉਸਨੂੰ ਦਿੱਤੇ ਗਏ 2-3 ਚੈੱਕ ਅਤੇ ਬਣਿਆ ਹੋਇਆ ਅਸ਼ਟਾਮ ਵੀ ਉਸ ਕੋਲ ਮੌਜੂਦ ਹੈ। ਪੁਲਸ ਦੀ ਜਾਂਚ ਵਿਚ ਪੂਰੀ ਸੱਚਾਈ ਸਾਹਮਣੇ ਆ ਜਾਵੇਗੀ। ਡਾਕਟਰ ਉਸ ਕੋਲੋਂ ਲਏ ਪੈਸੇ ਨਾ ਦੇਣ ਲਈ ਅਜਿਹੇ ਝੂਠੇ ਦੋਸ਼ ਲਾ ਰਿਹਾ ਹੈ।
ਕਾਂਗਰਸੀ ਆਗੂ ਬਿੱਲਾ ਨੇ ਕੀਤੀ ਰਾਜ਼ੀਨਾਮਾ ਕਰਵਾਉਣ ਦੀ ਕੋਸ਼ਿਸ਼
ਕਾਂਗਰਸੀ ਆਗੂ ਬਿੱਲਾ ਵੀ ਦੋਵਾਂ ਧਿਰਾਂ ਦੇ ਮਾਮਲੇ ਨੂੰ ਲੈ ਕੇ ਥਾਣੇ ਪਹੁੰਚੇ ਤੇ ਉਨ੍ਹਾਂ ਨੇ ਦੋਵਾਂ ਧਿਰਾਂ ਵਿਚ ਰਾਜ਼ੀਨਾਮਾ ਕਰਵਾਉਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਗੱਲ ਸਿਰੇ ਨਹੀਂ ਚੜ੍ਹੀ। ਡਾਕਟਰ ਪੁਲਸ ਮੁਲਾਜ਼ਮ ਦੇ ਪੈਸੇ ਉਸਨੂੰ ਨਾ ਵਾਪਸ ਕਰਨ ਲਈ ਮਾਮਲਾ ਰਫਾ-ਦਫਾ ਕਰਨ ਲਈ ਤਿਆਰ ਵੀ ਹੋ ਗਿਆ ਸੀ। ਬਾਅਦ ਵਿਚ ਪੁਲਸ ਮੁਲਾਜ਼ਮ ਉਥੋਂ ਸੋਮਵਾਰ ਦਾ ਸਮਾਂ ਲੈ ਕੇ ਚਲਾ ਗਿਆ।
ਪੂਰੀ ਜਾਂਚ ਤੋਂ ਬਾਅਦ ਹੀ ਹੋਵੇਗੀ ਕਾਰਵਾਈ
ਐੱਸ. ਐੱਚ. ਓ. ਰਾਮਾ ਮੰਡੀ ਰਾਜੇਸ਼ ਠਾਕੁਰ ਨੇ ਡਾਕਟਰ ਤੇ ਪੁਲਸ ਮੁਲਾਜ਼ਮ ਦਰਮਿਆਨ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਪੈਦਾ ਹੋਏ ਵਿਵਾਦ ਨੂੰ ਲੈ ਕੇ ਕਿਹਾ ਹੈ ਕਿ ਉਹ ਪੂਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੇ ਹਨ। ਉਸ ਤੋਂ ਬਾਅਦ ਹੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇੰਸਪੈਕਟਰ ਰਾਜੇਸ਼ ਠਾਕੁਰ ਨੇ ਦੱਸਿਆ ਕਿ 22 ਜਨਵਰੀ ਨੂੰ ਦੋਵਾਂ ਨੂੰ ਆਪਣੇ-ਆਪਣੇ ਸਬੂਤ ਲੈ ਕੇ ਥਾਣੇ ਆਉਣ ਲਈ ਕਿਹਾ ਗਿਆ ਹੈ। ਦੋਵਾਂ ਧਿਰਾਂ ਵਿਚ ਕੌਣ ਸੱਚਾ ਹੈ, ਕੌਣ ਝੂਠਾ ਇਸਦਾ ਪਤਾ ਤਾਂ ਬਾਅਦ ਵਿਚ ਹੀ ਲੱਗੇਗਾ।