ਥਾਣਾ ਸਦਰ ਫਾਜ਼ਿਲਕਾ ਨਾਲ ਸਬੰਧਿਤ ਪੁਲਸ ਮੁਲਾਜ਼ਮਾਂ ਦੀ ਨਸ਼ਾ ਕਰਦਿਆਂ ਵੀਡੀਓ ਵਾਇਰਲ

Tuesday, Sep 15, 2020 - 07:00 PM (IST)

ਜਲਾਲਾਬਾਦ,(ਸੇਤੀਆ,ਸੁਮਿਤ,ਟੀਨੂੰ) - ਯੂਥ ਕਾਂਗਰਸ ਵਲੋਂ ਸੂਬੇ ਅੰਦਰ ਸ਼ੁਰੂ ਕੀਤੀ ਨਸ਼ਿਆਂ ਖਿਲਾਫ ਮੁਹਿੰਮ ਦਾ ਅਸਰ ਉਸ ਵੇਲੇ ਦੇਖਣ ਨੂੰ ਮਿਲਿਆ ਜਦ ਯੂਥ ਕਾਂਗਰਸ ਦੇ ਹੀ ਜਿਲ੍ਹਾ ਪ੍ਰਧਾਨ ਰੂਬੀ ਗਿੱਲ ਨੇ ਥਾਣਾ ਸਦਰ ਫਾਜ਼ਿਲਕਾ ਨਾਲ ਸਬੰਧਿਤ ਦੋ ਮੁਲਾਜ਼ਮਾਂ ਦੇ ਨਸ਼ਾ ਕਰਦਿਆਂ ਦੀ ਵੀਡਿਓ ਸ਼ੋਸਲ ਮੀਡੀਆ 'ਤੇ ਵਾਇਰਲ ਕਰ ਦਿੱਤੀ। ਇਸ ਦੇ ਨਾਲ ਹੀ ਮੁੱਖ ਮੰਤਰੀ ਪੰਜਾਬ ਤੇ ਡੀ. ਜੀ. ਪੀ. ਪੰਜਾਬ ਨੂੰ ਇਸ ਸਬੰਧੀ ਕਾਰਵਾਈ ਕਰਨ ਦੀ ਮੰਗ ਕੀਤੀ ਗਈ। ਇਸ ਵੀਡੀਓ ਨੂੰ ਵਾਇਰਲ ਕਰਨ ਤੋਂ ਬਾਅਦ ਰੂਬੀ ਗਿੱਲ ਨੇ ਦੋਹਾਂ ਮੁਲਾਜ਼ਮਾਂ ਦੇ ਨਾਮ ਵੀ ਪ੍ਰਕਾਸ਼ਿਤ ਕੀਤੇ ਹਨ ਅਤੇ ਵੀਡੀਓ 'ਚ ਦੋਵੇ ਮੁਲਾਜ਼ਮ ਆਪਣੀ ਸ਼ਬਦਾਵਲੀ ਤੋਂ ਵੀ ਹੱਦੋਂ ਬਾਹਰ ਹੁੰਦੇ ਦਿਖਾਈ ਦੇ ਰਹੇ ਹਨ।

ਉਧਰ ਇਸ ਸਬੰਧੀ ਜਦੋਂ ਥਾਣਾ ਸਦਰ ਮੁਖੀ ਜਸਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮਾਮਲਾ ਉੱਚ ਅਫਸਰਾਂ ਦੇ ਧਿਆਨ 'ਚ ਲਿਆ ਦਿੱਤਾ ਗਿਆ ਹੈ ਅਤੇ ਜੋ ਕਾਰਵਾਈ ਕਰਨ ਦੇ ਨਿਰਦੇਸ਼ ਹੋਣਗੇ, ਉਸ ਮੁਤਾਬਿਕ ਕਾਰਵਾਈ ਕੀਤੀ ਜਾਵੇਗੀ। ਇਸ ਸਬੰਧੀ ਜਦੋਂ ਐਸ.ਪੀ.ਐਚ. ਫਾਜ਼ਿਲਕਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ 'ਚ ਨਹੀਂ ਆਇਆ ਹੈ ਅਤੇ ਤੁਸੀਂ ਮਾਮਲਾ ਮੇਰੇ ਧਿਆਨ 'ਚ ਲਿਆਂਦਾ ਹੈ । ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਪੂਰੀ ਜਾਂਚ ਕਰਵਾਈ ਜਾਵੇਗੀ ਅਤੇ ਥਾਣੇ 'ਚ ਨਸ਼ਾ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਚਾਹੇ ਉਹ ਕੋਈ ਵੀ ਹੋਵੇ ਕਿਉਂਕਿ ਕਾਨੂੰਨ ਸਾਰਿਆਂ ਲਈ ਇਕ ਬਰਾਬਰ ਹੈ ਅਤੇ ਨਸ਼ਿਆਂ 'ਤੇ ਠੱਲ ਪਾਈ ਜਾਵੇਗੀ।
 


Deepak Kumar

Content Editor

Related News