ਦੇਰ ਰਾਤ ਤੱਕ ਦੁਕਾਨਾਂ ਖੋਲ੍ਹਣ ਵਾਲਿਆਂ ਨੂੰ ਪੁਲਸ ਨੇ ਪਾਈਆਂ ਭਾਜੜਾਂ

07/20/2020 9:46:01 AM

ਬਨੂੜ (ਗੁਰਪਾਲ) : ਪੁਲਸ ਨੇ ਦੇਰ ਰਾਤ ਤੱਕ ਦੁਕਾਨਾਂ ਖੋਲ੍ਹਣ ਵਾਲੇ ਦੁਕਾਨਦਾਰਾਂ ਤੇ ਰੇਹੜੀਆਂ ਵਾਲਿਆ ਨੂੰ ਖੂਬ ਭਾਜੜਾਂ ਪਾਇਆ। ਜਾਣਕਾਰੀ ਅਨੁਸਾਰ ਬਨੂੜ ਸ਼ਹਿਰ ਦੇ ਕੁੱਝ ਦੁਕਾਨਦਾਰਾਂ ਤੇ ਰੇਹੜੀਆਂ ਵਾਲਿਆਂ ਵੱਲੋਂ ਸਰਕਾਰ ਵੱਲੋਂ ਮਿੱਥੇ ਸਮੇਂ ਦੀ ਉਲੰਘਣਾ ਕਰਕੇ ਰੋਜ਼ਾਨਾ ਹੀ ਦੇਰ ਰਾਤ ਤੱਕ ਦੁਕਾਨਾਂ ਖੋਲ੍ਹੀਆਂ ਜਾਂਦੀਆਂ ਸਨ। ਇਸ ਦੀ ਭਿਣਕ ਜਦੋਂ ਥਾਣਾ ਮੁਖੀ ਸੁਭਾਸ਼ ਕੁਮਾਰ ਨੂੰ ਲੱਗੀ ਤਾਂ ਉਨ੍ਹਾਂ ਨੇ ਬੀਤੀ ਰਾਤ 8.45 ਵਜੇ ਏ. ਐੱਸ. ਆਈ. ਬਲਜਿੰਦਰ ਸਿੰਘ ਦੀ ਅਗਵਾਈ ਹੇਠ ਪੁਲਸ ਭਾਰਤੀ ਬਾਜ਼ਾਰ 'ਚ ਭੇਜੀ ਤਾਂ ਉਨ੍ਹਾਂ ਨੇ ਦੇਖਿਆ ਕਿ ਕੁਝ ਦੁਕਾਨਦਾਰਾਂ ਵੱਲੋਂ ਮਿੱਥੇ ਸਮੇਂ ਤੋਂ ਬਾਅਦ ਦੁਕਾਨਾਂ ਖੁੱਲ੍ਹੀਆਂ ਸੀ ਤੇ ਬਾਜ਼ਾਰ 'ਚ ਰੇਹੜੀਆ ਵੀ ਲੱਗ ਰਹੀਆਂ ਸਨ।

ਜਦੋਂ ਸਰਕਾਰੀ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਦੁਕਾਨਦਾਰਾਂ ਤੇ ਰੇਹੜੀਆਂ ਵਾਲਿਆਂ ਨੂੰ ਇਸ ਦੀ ਭਿਣਕ ਪਈ ਤਾਂ ਉਨ੍ਹਾਂ ਨੂੰ ਇਕਦਮ ਭਾਜੜਾਂ ਪੈ ਗਈਆਂ। ਪੁਲਸ ਪਾਰਟੀ ਨੇ ਉਲੰਘਣਾ ਕਰਨ ਵਾਲੇ ਦੁਕਾਨਦਾਰਾਂ ਤੇ ਰੇਹੜੀਆਂ ਵਾਲਿਆਂ ਨੂੰ ਚਿਤਾਵਨੀ ਦੇ ਕੇ ਛੱਡਿਆ। ਪੁਲਸ ਵੱਲੋਂ ਕੀਤੀ ਗਈ ਇਸ ਕਾਰਵਾਈ ਦੀ ਕਰਨਵੀਰ ਸੈਂਟੀ ਥੰਮਨ , ਸੰਜੀਵ ਕੁਮਾਰ ਟੋਨੀ ਤੇ ਜਗਜੀਤ ਸਿੰਘ ਛੜਬੜ ਨੇ ਇਸ ਦੀ ਸ਼ਲਾਘਾ ਕੀਤੀ ਹੈ।

ਇਸ ਮਾਮਲੇ ਬਾਰੇ ਜਦੋਂ ਥਾਣਾ ਮੁਖੀ ਸੁਭਾਸ਼ ਕੁਮਾਰ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਸ਼ਹਿਰ ਦੇ ਕੁਝ ਦੁਕਾਨਦਾਰਾਂ ਵੱਲੋਂ ਮਿੱਥੇ ਸਮੇਂ ਤੋਂ ਬਾਅਦ ਦੁਕਾਨਾਂ ਖੋਲ੍ਹ ਕੇ ਹੁਕਮਾਂ ਦੀ ਉਲੰਘਣਾ ਕੀਤੀ ਜਾ ਰਹੀ ਸੀ ਉਨ੍ਹਾਂ ਉਕਤ ਦੁਕਾਨਦਾਰਾਂ ਨੂੰ ਸਖ਼ਤ ਤਾੜਨਾ ਕਰਦਿਆਂ ਕਿਹਾ ਜੇਕਰ ਮਿੱਥੇ ਸਮੇਂ ਤੋਂ ਬਾਅਦ ਦੁਕਾਨਾਂ ਖੋਲ੍ਹੀਆਂ ਗਈਆਂ ਤਾਂ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਕਾਨੂੰਨ ਦੀ ਉਲੰਘਣਾ ਨਹੀਂ ਕਰਨ ਦਿੱਤੀ ਜਾਵੇਗੀ।
 


Babita

Content Editor

Related News