ਜਦੋਂ ਥਾਣੇ ਦੱਸੇ ਬਗ਼ੈਰ ਬੱਚੀ ਨੂੰ ਗੱਡੀ ''ਚ ਪਾ ਕੇ ਲੈ ਗਈ ਪੁਲਸ...
Wednesday, Nov 20, 2024 - 05:49 AM (IST)
ਜਲੰਧਰ (ਰਮਨ)– ਚਾਈਲਡ ਹੈਲਪ ਲਾਈਨ ਨੇ ਚੌਕਾਂ ਨੂੰ ਭਿਖਾਰੀ ਮੁਕਤ ਕਰਨ ਲਈ ਕਾਰਵਾਈ ਸ਼ੁਰੂ ਕੀਤੀ ਹੈ, ਜਿਸ ਨੂੰ ਲੋਕਾਂ ਵੱਲੋਂ ਸਲਾਹਿਆ ਜਾ ਰਿਹਾ ਹੈ ਪਰ ਜਿਸ ਢੰਗ ਨਾਲ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ, ਉਸ ਨੂੰ ਲੋਕ ਸਹੀ ਨਹੀਂ ਮੰਨ ਰਹੇ ਹਨ। ਅਜਿਹਾ ਹੀ ਇਕ ਮਾਮਲਾ ਦੁਪਹਿਰੇ ਆਦਰਸ਼ ਨਗਰ ਨੇੜੇ ਵਾਪਰੀ ਘਟਨਾ ਤੋਂ ਬਾਅਦ ਸਾਹਮਣੇ ਆਇਆ ਹੈ।
ਦੁਪਹਿਰ ਲੱਗਭਗ ਡੇਢ ਵਜੇ ਇਕ ਜੀਪ ਵਿਚ ਕੁਝ ਪੁਲਸ ਮੁਲਾਜ਼ਮ ਆਦਰਸ਼ ਨਗਰ ਸਥਿਤ ਚਿਕਚਿਕ ਹਾਊਸ ਨੇੜੇ ਪਹੁੰਚੇ। ਚੌਕ ਤੋਂ ਕੁਝ ਦੂਰੀ ’ਤੇ ਕੁਝ ਬੱਚੀਆਂ ਭੀਖ ਮੰਗ ਰਹੀਆਂ ਸਨ। ਜੀਪ ਵਿਚੋਂ ਉਤਰੇ ਪੁਲਸ ਮੁਲਾਜ਼ਮ ਇਕ ਬੱਚੀ ਨੂੰ ਚੁੱਕ ਕੇ ਜੀਪ 'ਚ ਪਾ ਕੇ ਲੈ ਗਏ। ਇਸ ’ਤੇ ਪੂਰਾ ਦਿਨ ਰੌਲਾ ਪਿਆ ਰਿਹਾ ਕਿ ਨਕਲੀ ਪੁਲਸ ਜੀਪ ਵਿਚ ਆਈ ਅਤੇ ਬੱਚੀ ਨੂੰ ਅਗਵਾ ਕਰ ਕੇ ਲੈ ਗਈ।
ਜਿਸ ਜਗ੍ਹਾ ਤੋਂ ਪੁਲਸ ਬੱਚੀ ਨੂੰ ਲੈ ਕੇ ਗਈ, ਉਹ ਇਲਾਕਾ ਪੁਲਸ ਥਾਣਾ ਨੰਬਰ 2 ਅਧੀਨ ਆਉਂਦਾ ਹੈ। ਬੱਚੀ ਦੇ ਮਾਪੇ ਤੁਰੰਤ ਥਾਣਾ ਨੰਬਰ 2 ਪਹੁੰਚੇ ਪਰ ਪੁਲਸ ਨੇ ਉਨ੍ਹਾਂ ਨੂੰ ਕੁਝ ਵੀ ਜਾਣਕਾਰੀ ਨਾ ਹੋਣ ਦੀ ਗੱਲ ਕਹੀ। ਇਸ ’ਤੇ ਬੱਚੀ ਦੇ ਮਾਪੇ ਸਾਰਾ ਦਿਨ ਚੌਕ ਦੇ ਨੇੜੇ-ਤੇੜੇ ਰੋਂਦੇ-ਵਿਲਕਦੇ ਦੇਖੇ ਗਏ।
ਇਹ ਵੀ ਪੜ੍ਹੋ- ਬੱਚਿਆਂ ਨੂੰ ਛੁਡਾਉਣ ਗਏ ਬੰਦੇ 'ਤੇ ਹੋ ਗਿਆ ਹਮਲਾ ; ਕੁੱਟ-ਕੁੱਟ ਮਾਰ'ਤਾ 6 ਭੈਣਾਂ ਦਾ ਇਕਲੌਤਾ ਭਰਾ
ਬੱਚੀ ਨੂੰ ਕਿਸ ਥਾਣੇ ਦੀ ਪੁਲਸ ਲੈ ਕੇ ਗਈ, ਥਾਣਾ ਨੰਬਰ 2 ਦੀ ਪੁਲਸ ਕੋਲ ਕੋਈ ਸੂਚਨਾ ਨਹੀਂ ਸੀ। ਰਾਤ ਲੱਗਭਗ 8 ਵਜੇ ਜਦੋਂ ਥਾਣੇ ਤੋਂ ਪਤਾ ਕੀਤਾ ਗਿਆ ਤਾਂ ਇਕ ਪੁਲਸ ਅਧਿਕਾਰੀ ਨੇ ਪਹਿਲਾਂ ਤਾਂ ਦੱਸਿਆ ਕਿ ਥਾਣਾ ਨੰਬਰ 5 ਦੀ ਪੁਲਸ ਬੱਚੀ ਨੂੰ ਲੈ ਗਈ ਹੈ ਪਰ ਜਦੋਂ ਉਥੋਂ ਦੀ ਪੁਲਸ ਨਾਲ ਸੰਪਰਕ ਕੀਤਾ ਤਾਂ ਥਾਣਾ ਇੰਚਾਰਜ ਨੇ ਦੱਸਿਆ ਕਿ ਉਨ੍ਹਾਂ ਦੇ ਥਾਣੇ ਦੀ ਪੁਲਸ ਵੱਲੋਂ ਅਜਿਹੀ ਕੋਈ ਕਾਰਵਾਈ ਨਹੀਂ ਕੀਤੀ ਗਈ।
ਇਸ ’ਤੇ ਜਦੋਂ ਥਾਣਾ ਨੰਬਰ 2 ਦੇ ਇੰਚਾਰਜ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਧਿਆਨ ਵਿਚ ਅਜਿਹਾ ਕੋਈ ਮਾਮਲਾ ਨਹੀਂ ਹੈ, ਇਸ ’ਤੇ ਜਦੋਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਤੁਹਾਡੇ ਥਾਣੇ ਦੇ ਏ.ਐੱਸ.ਆਈ. ਦਾ ਕਹਿਣਾ ਹੈ ਕਿ ਬੱਚੀ ਨੂੰ ਥਾਣਾ ਨੰਬਰ 5 ਦੀ ਪੁਲਸ ਲੈ ਕੇ ਗਈ ਹੈ ਤਾਂ ਉਨ੍ਹਾਂ ਕਿਹਾ ਕਿ ਉਹ ਉਨ੍ਹਾਂ ਤੋਂ ਪੁੱਛ ਕੇ ਹੀ ਕੁਝ ਦੱਸ ਸਕਦੇ ਹਨ।
ਇਸ ਤੋਂ ਅੱਧੇ ਘੰਟੇ ਬਾਅਦ ਜਦੋਂ ਥਾਣਾ ਇੰਚਾਰਜ ਨਾਲ ਦੁਬਾਰਾ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਸੜਕਾਂ ’ਤੇ ਭੀਖ ਮੰਗਦੇ ਬੱਚਿਆਂ ਖਾਸ ਕਰ ਕੇ ਬੱਚੀਆਂ ਨੂੰ ਕੋਈ ਗੈਰ-ਸਮਾਜੀ ਅਨਸਰ ਨਾ ਲੈ ਜਾਵੇ, ਇਸ ਦੇ ਲਈ ਚਾਈਲਡ ਹੈਲਪ ਲਾਈਨ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਜਿਹੜੇ ਬੱਚਿਆਂ ਨੂੰ ਹੈਲਪ ਲਾਈਨ ਵੱਲੋਂ ਕਿਤਿਓਂ ਲਿਜਾਇਆ ਜਾਂਦਾ ਹੈ ਤਾਂ ਉਨ੍ਹਾਂ ਨੂੰ ਗਾਂਧੀ ਵਨੀਤਾ ਆਸ਼ਰਮ ਨੂੰ ਸੌਂਪ ਦਿੱਤਾ ਜਾਂਦਾ ਹੈ ਤਾਂ ਕਿ ਬੱਚਿਆਂ ਦਾ ਸਹੀ ਪਾਲਣ-ਪੋਸ਼ਣ ਹੋ ਸਕੇ।
ਇਹ ਵੀ ਪੜ੍ਹੋ- 'ਅਸੀਂ ਤੈਨੂੰ ਵਿਦੇਸ਼ ਭੇਜਾਂਗੇ, ਸਾਰਾ ਖ਼ਰਚਾ ਸਾਡਾ', ਫ਼ਿਰ ਵਿਆਹ ਮਗਰੋਂ ਮੁੱਕਰ ਗਏ ਸਹੁਰੇ, ਅੱਕ ਕੁੜੀ ਨੇ ਜੋ ਕੀਤਾ...
ਇਸ ਘਟਨਾ ਬਾਰੇ ਉਨ੍ਹਾਂ ਦੱਸਿਆ ਕਿ ਬੱਚੀ ਨੂੰ ਗਾਂਧੀ ਵਨੀਤਾ ਆਸ਼ਰਮ ਨੂੰ ਸੌਂਪ ਦਿੱਤਾ ਗਿਆ ਹੈ ਅਤੇ ਬੱਚੀ ਦੇ ਮਾਪੇ ਥਾਣੇ ਵਿਚ ਆਏ ਸਨ ਤਾਂ ਉਨ੍ਹਾਂ ਨੂੰ ਬੁੱਧਵਾਰ ਸਵੇਰੇ 10 ਵਜੇ ਬੱਚੀ ਨਾਲ ਸਬੰਧਤ ਦਸਤਾਵੇਜ਼ ਲਿਆਉਣ ਲਈ ਕਿਹਾ ਗਿਆ ਹੈ। ਮਾਪੇ ਦਸਤਾਵੇਜ਼ ਸੌਂਪਦੇ ਹਨ ਤਾਂ ਬੱਚੀ ਨੂੰ ਉਨ੍ਹਾਂ ਨੂੰ ਸੌਂਪ ਦਿੱਤਾ ਜਾਵੇਗਾ। ਦੂਜੇ ਪਾਸੇ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਜਦੋਂ ਅਜਿਹੀ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਤਾਂ ਥਾਣੇ 'ਚ ਇਸ ਸਬੰਧ ਵਿਚ ਪਹਿਲਾਂ ਕੋਈ ਸੂਚਨਾ ਨਹੀਂ ਦਿੱਤੀ ਗਈ ਸੀ।
ਇਸ ਸਬੰਧ ਵਿਚ ਸਮਾਜ-ਸੇਵੀ ਸੰਗਠਨਾਂ ਦਾ ਕਹਿਣਾ ਹੈ ਕਿ ਪੁਲਸ ਅਤੇ ਚਾਈਲਡ ਹੈਲਪ ਲਾਈਨ ਦੀ ਇਹ ਕਾਰਵਾਈ ਵਧੀਆ ਅਤੇ ਸ਼ਲਾਘਾਯੋਗ ਹੈ ਪਰ ਜਿਸ ਜਗ੍ਹਾ ਤੋਂ ਪੁਲਸ ਵੱਲੋਂ ਕਿਸੇ ਬੱਚੇ ਨੂੰ ਲਿਜਾਇਆ ਜਾਂਦਾ ਹੈ, ਉਸ ਨੂੰ ਉਥੇ ਆਲੇ-ਦੁਆਲੇ ਇਸ ਦੀ ਸੂਚਨਾ ਜ਼ਰੂਰ ਦੇਣੀ ਚਾਹੀਦੀ ਹੈ, ਜਿਸ ਤਰ੍ਹਾਂ ਕਿ ਆਦਰਸ਼ ਨਗਰ ਵਿਚ ਦੇਖਿਆ ਗਿਆ। ਪੁਲਸ ਵੱਲੋਂ ਬੱਚੀ ਨੂੰ ਲਿਜਾਏ ਜਾਣ ਤੋਂ ਪਹਿਲਾਂ ਆਲੇ-ਦੁਆਲੇ ਕਿਸੇ ਦੁਕਾਨਦਾਰ ਜਾਂ ਆਦਰਸ਼ ਨਗਰ ਦੇ ਪ੍ਰਧਾਨ ਨੂੰ ਜ਼ਰੂਰ ਸੂਚਿਤ ਕੀਤਾ ਜਾਣਾ ਚਾਹੀਦਾ ਸੀ ਤਾਂ ਕਿ ਪੁਲਸ ’ਤੇ ਅਗਵਾ ਵਰਗੇ ਦੋਸ਼ ਨਾ ਲੱਗਣ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e